Punjab

ਮਿਲਕਫੈੱਡ ਦਾ ਵੱਡਾ ਐਲਾਨ ਬਦਲੇਗਾ ਡੇਅਰੀ ਫਾਰਮ ਕਿਸਾਨਾਂ ਦੀ ਆਮਦਨ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਰੋਨਾ ਮਹਾਂਮਾਰੀ ਦੇ ਔਖੇ ਸਮੇਂ ਦੌਰਾਨ ਡੇਅਰੀ ਫਾਰਮ ਕਿਸਾਨਾਂ ਦੀ ਮਦਦ ਲਈ ਮਿਲਫੈੱਡ ਪੰਜਾਬ ਨੇ 1 ਜੁਲਾਈ ਤੋਂ ਪੰਜਾਬ ’ਚ ਮਿਲਕਫੈੱਡ ਦੇ ਦੁੱਧ ਦੇ ਖਰੀਦ ਭਾਅ ਵਿੱਚ ਵਾਧਾ ਕਰਨ ਦਾ ਐਲਾਨ ਕੀਤਾ ਹੈ। 1 ਜੁਲਾਈ ਤੋਂ 20 ਰੁਪਏ ਪ੍ਰਤੀ ਕਿਲੋ ਫੈਟ ਵਿੱਚ ਵਾਧਾ ਕੀਤਾ ਜਾਵੇਗਾ।

ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਕੋਵਿਡ ਦੇ ਔਖੇ ਸਮੇਂ ਕਰਕੇ ਡੇਅਰੀ ਧੰਦੇ ਨੂੰ ਹੁਲਾਰਾ ਦੇਣ ਲਈ 1 ਜੁਲਾਈ ਤੋਂ 20 ਰੁਪਏ ਪ੍ਰਤੀ ਕਿਲੋ ਫੈਟ ਵਿੱਚ ਵਾਧਾ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਰੰਧਾਵਾ ਨੇ ਇਹ ਐਲਾਨ ਪ੍ਰੋਗਰੈਸਿਵ ਡੇਅਰੀ ਫਾਰਮਰਜ਼ ਐਸੋਸੀਏਸ਼ਨ ਦੇ ਪ੍ਰਧਾਨ ਦਲਜੀਤ ਸਿੰਘ ਸਦਰਪੁਰਾ ਦੀ ਅਗਵਾਈ ਵਿੱਚ ਮਿਲੇ ਦੁੱਧ ਉਤਪਾਦਕਾਂ ਨਾਲ ਮੀਟਿੰਗ ਦੌਰਾਨ ਕੀਤਾ।

ਇਸ ਫ਼ੈਸਲੇ ਨਾਲ 2.5 ਲੱਖ ਦੁੱਧ ਉਤਪਾਦਕਾਂ ਨੂੰ ਲਾਭ ਹੋਵੇਗਾ। ਰੰਧਾਵਾ ਨੇ ਕਿਹਾ ਕਿ ਮਿਲਕਫੈੱਡ ਪੰਜਾਬ ਡੇਅਰੀ ਫਾਰਮ ਕਿਸਾਨਾਂ ਨਾਲ ਜੁੜਿਆ ਹੈ ਅਤੇ ਭਵਿੱਖ ਵਿੱਚ ਵੀ ਉਹ ਕਿਸਾਨਾਂ ਦੀ ਮਦਦ ਕਰਦਾ ਰਹੇਗਾ।