International

ਪਾਕਿਸਤਾਨ ਦੇ ਇਤਿਹਾਸਕ ਗੁਰੂ ਘਰ ‘ਤੇ ਪੁਲਿਸ ਦਾ ਕਬਜ਼ਾ ਕਿਉਂ ?

‘ਦ ਖ਼ਾਲਸ ਬਿਊਰੋ:- ਪਾਕਿਸਤਾਨ ਵਿੱਚ ਸਿੱਖਾਂ ਦੀਆਂ ਭਾਵਨਾਵਾਂ ਨਾਲ ਲਗਾਤਾਰ ਖਿਲਵਾੜ ਹੋ ਰਿਹਾ ਹੈ।  ਪਾਕਿਸਤਾਨ ਵਿੱਚ ਇੱਕ ਇਤਿਹਾਸਕ ਗੁਰਦੁਆਰੇ ਉੱਤੇ ਕਬਜ਼ਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪਾਕਿਸਤਾਨ ਵਿੱਚ ਪੰਜਾਬ ਸੂਬੇ ਦੇ ਗੁਜਰਾਂਵਾਲੇ ‘ਚ ਇੱਕ ਇਤਿਹਾਸਕ ਗੁਰਦੁਆਰੇ ‘ਤੇ ਕਬਜ਼ਾ ਕੀਤਾ ਗਿਆ।  ਗੁਰਦੁਆਰਾ ਸਾਹਿਬ ਨੂੰ ਪੁਲਿਸ ਥਾਣੇ ਵਿੱਚ ਤਬਦੀਲ ਕੀਤਾ ਗਿਆ ਹੈ। ਗੁਰਦੁਆਰਾ ਸਿੰਘ ਸਭਾ ਦੇ ਦੀਵਾਨ ਹਾਲ ਨੂੰ ਕੈਦਖਾਨਾ ਬਣਾਇਆ ਗਿਆ ਹੈ।

ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ‘ਗੁਰਦੁਆਰੇ ‘ਚ ਪੁਲਿਸ ਸਟੇਸ਼ਨ ਦਾ ਬੋਰਡ ਲੱਗਾ ਹੋਇਆ ਹੈ। ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਗੁਰਦੁਆਰਾ ਸਾਹਿਬ ਦੀ ਦੇਖ-ਰੇਖ ਨਹੀਂ ਕਰ ਰਹੀ ਸੀ। ਇਸ ਗੁਰਦੁਆਰਾ ਸਾਹਿਬ ‘ਚ ਆਖਰੀ ਪ੍ਰਕਾਸ਼ ਕਦੋਂ ਹੋਇਆ, ਇਸਦੀ ਜਾਣਕਾਰੀ ਅਜੇ ਤੱਕ ਨਹੀਂ ਮਿਲ ਸਕੀ’।

SGPC ਨੇ ਵੀ ਗੁਰਦੁਆਰਿਆਂ ‘ਤੇ ਕਬਜ਼ੇ ਦੀ ਕੋਸ਼ਿਸ਼ ਦੀ ਸਖਤ ਨਿੰਦਾ ਕੀਤੀ ਹੈ ਅਤੇ ਪਾਕਿਸਤਾਨ ਸਰਕਾਰ ਨੂੰ ਗੁਰਦੁਆਰਿਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕਿਹਾ ਹੈ। ਜਾਣਕਾਰੀ ਮੁਤਾਬਕ ਇਸ ਗੁਰਦੁਆਰੇ ਦਾ ਸਾਲ 1939 ਵਿੱਚ ਨਿਰਮਾਣ ਹੋਇਆ ਸੀ। ਪਾਕਿਸਤਾਨ ਵਿੱਚ ਇਸ ਤੋਂ ਪਹਿਲਾਂ ਵੀ ਘੱਟ-ਗਿਣਤੀਆਂ ‘ਤੇ ਤਸ਼ੱਦਦ ਢਾਹੇ ਜਾਣ ਦੇ ਕਈ ਮਾਮਲੇ ਸਾਹਮਣੇ ਆਏ ਹਨ।