‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਬੀਬੀ ਜਗੀਰ ਕੌਰ ਦੇ ਉਸ ਬਿਆਨ ਦਾ ਵਿਰੋਧ ਕੀਤਾ ਹੈ ਜਿਸ ਵਿੱਚ ਬੀਬੀ ਜਗੀਰ ਕੌਰ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਕਰਨਾਲ ਮੋਰਚੇ ਤੋਂ ਲੰਗਰ ਦੇ ਪ੍ਰਬੰਧ ਲਈ ਬਹੁਤ ਸਾਰੇ ਫੋਨ ਆਏ ਹਨ। ਚੜੂਨੀ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਵਾਲੇ ਤਾਂ ਖੁਦ ਸਾਡੀ ਮਦਦ ਕਰ ਰਹੇ ਹਨ, ਸਾਨੂੰ ਫੋਨ ਕਰਨ ਦੀ ਲੋੜ ਕਿਉਂ ਪਵੇਗੀ। ਉਨ੍ਹਾਂ ਨੇ ਸੁਖਬੀਰ ਬਾਦਲ ਵੱਲੋਂ ਦਿੱਤੇ ਬਿਆਨ ਕਿ ਚੜੂਨੀ ਨੇ ਉਨ੍ਹਾਂ ਨੂੰ ਲੰਗਰ ਦੇ ਪ੍ਰਬੰਧ ਲਈ ਫੋਨ ਕੀਤਾ ਹੈ, ਨੂੰ ਨਕਾਰਦਿਆਂ ਕਿਹਾ ਕਿ ਮੈਂ ਤਾਂ ਉਸਨੂੰ ਫੋਨ ਤੱਕ ਨਹੀਂ ਕੀਤਾ। ਪਤਾ ਨਹੀਂ ਉਹ ਕਿਸਾਨਾਂ ਵਿੱਚ ਮੇਰੇ ਬਾਰੇ ਕਿਵੇਂ ਦਾ ਵਹਿਮ ਪਾਲਣਾ ਚਾਹੁੰਦੇ ਹਨ ਜਾਂ ਫਿਰ ਉਹ ਇਹ ਦਿਖਾਉਣਾ ਚਾਹੁੰਦੇ ਹਨ ਕਿ ਉਹ ਕਿਸਾਨਾਂ ਦੇ ਬਹੁਤ ਵੱਡੇ ਹਮਦਰਦੀ ਹਨ। ਚੜੂਨੀ ਨੇ ਕਿਹਾ ਕਿ ਅਸੀਂ ਗੁਰਦੁਆਰਾ ਸਾਹਿਬ ਵਾਲਿਆਂ ਦੇ ਬਹੁਤ ਆਭਾਰੀ ਹਾਂ ਜਿਨ੍ਹਾਂ ਨੇ ਸਾਡੇ ਲਈ ਲੰਗਰ ਦਾ ਪ੍ਰਬੰਧ ਕੀਤਾ ਹੈ।