India Punjab

ਕਿਸਾਨਾਂ ਨੂੰ ਹਲਕੇ ‘ਚ ਲੈਣਾ ਮੋਦੀ ਦੀ ਵੱਡੀ ‘ਗਲਤ ਫਹਿਮੀ’

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਹਰਿਆਣਾ ਦੇ ਭਾਜਪਾ ਲੀਡਰ ਚੌਧਰੀ ਵਿਰੇਂਦਰ ਸਿੰਘ ਨੇ ਕਿਸਾਨੀ ਅੰਦੋਲਨ ਬਾਰੇ ਬੋਲਦਿਆਂ ਕਿਹਾ ਕਿ ਇਸ ਅੰਦੋਲਨ ਨੂੰ ਕੋਈ ਕਿਸੇ ਵੀ ਤਰੀਕੇ ਦੇ ਨਾਲ ਜੇ ਹਲਕੇ ਵਿੱਚ ਲੈਂਦਾ ਹੈ ਜਾਂ ਸੋਚਦਾ ਹੈ ਕਿ ਸਮੇਂ ਦੇ ਨਾਲ ਇਹ ਅੰਦੋਲਨ ਨਹੀਂ ਚੱਲ ਸਕਦਾ, ਇਹ ਇੱਕ ਬਹੁਤ ਵੱਡੀ ਗਲਤ ਫਹਿਮੀ ਹੈ। ਜੋ ਲੋਕ ਕਿਸਾਨੀ ਅੰਦੋਲਨ ਵਿੱਚ ਬੈਠੇ ਹਨ, ਜੇਕਰ ਉਨ੍ਹਾਂ ਦੀ ਮੂਲ ਭਾਵਨਾ ਨੂੰ ਸਮਝ ਕੇ ਵੇਖਿਆ ਜਾਵੇ ਤਾਂ ਆਮ ਸਾਧਾਰਨ ਕਿਸਾਨ ਮੋਰਚੇ ਨੂੰ ਲੀਡ ਕਰ ਰਹੇ ਹਨ। ਸਾਧਾਰਨ ਕਿਸਾਨ ਇਸ ਡਰ ਕਰਕੇ ਮੋਰਚੇ ਵਿੱਚ ਬੈਠਾ ਹੋਇਆ ਹੈ ਕਿ ਕਿਤੇ ਉਸਦੀ ਜ਼ਮੀਨ ਨਾ ਚਲੇ ਜਾਵੇ। ਕਿਸਾਨ ਕਹਿੰਦਾ ਹੈ ਕਿ ਤਿੰਨੇ ਖੇਤੀ ਕਾਨੂੰਨ ਵਾਪਸ ਕਰੋ ਅਤੇ ਸਰਕਾਰ ਕਹਿ ਰਹੀ ਹੈ ਕਿ ਖੇਤੀ ਕਾਨੂੰਨਾਂ ਵਿੱਚ ਸੋਧ ਕਰਵਾ ਲਉ। ਖੇਤੀ ਕਾਨੂੰਨਾਂ ਵਿੱਚ ਛੁਪਿਆ ਹੋਇਆ ਖਤਰਾ ਇਹ ਹੈ ਕਿ ਮੰਡੀ ਤੋਂ ਬਾਹਰ ਫ਼ਸਲ ਵੇਚਣ ਦਾ ਜੋ ਇੱਕ ਫੈਸਲਾ ਹੈ, ਉਹ ਸਹੀ ਨਹੀਂ ਹੈ। ਇਹ ਖਤਰਾ ਬੇਸ਼ੱਕ ਖੇਤੀ ਕਾਨੂੰਨਾਂ ਦੀ ਸਟੱਡੀ ਕਰਨ ‘ਤੇ ਸਾਹਮਣੇ ਨਹੀਂ ਆਵੇਗਾ। ਉਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋਂ ਕਿਸਾਨਾਂ ਨੂੰ ਖੇਤੀ ਕਾਨੂੰਨਾਂ ਵਿੱਚ ਸੋਧ ਕਰਨ ਲਈ ਮੰਗੇ ਗਏ ਸੁਝਾਵਾਂ ਦੀ ਜਗ੍ਹਾ ਉਨ੍ਹਾਂ ਕੋਲੋਂ ਖੇਤੀ ਕਾਨੂੰਨਾਂ ਦੇ ਬਾਰੇ ਸੁਝਾਅ ਮੰਗਣੇ ਚਾਹੀਦੇ ਸਨ। ਇਸ ਨਾਲ ਮਸਲੇ ਦਾ ਹੱਲ਼ ਹੋ ਜਾਣਾ ਸੀ।