Punjab

ਪੰਜਾਬ ਪੁਲਿਸ ਨੇ ਹਰ ਹੱਦ ਕੀਤੀ ਪਾਰ ! ਔਰਤ ਨੂੰ ਘਰ ਲਿਜਾ ਕੇ ਇਹ ਕਰਤੂਤ ਕੀਤੀ !

ਬਿਊਰੋ ਰਿਪੋਰਟ : ਗੁਰਦਾਸਪੁਰ ਵਿੱਚ ਜੱਜ ਦੇ ਘਰ ਚੋਰੀ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਨੌਕਰਾਣੀ ‘ਤੇ ਢਾਈ ਗਈ ਤਸ਼ੱਦਦ ਮਾਮਲੇ ਵਿੱਚ ਕਿਸਾਨ ਸੰਘਰਸ਼ ਕਮੇਟੀ ਨੇ ਸਿਵਲ ਹਸਪਤਾਲ ਦੇ ਸਾਹਮਣੇ ਪੱਕਾ ਧਰਨਾ ਲਾ ਲਿਆ ਹੈ । ਇਲਜ਼ਾਮ ਹੈ ਕਿ ਪੁਲਿਸ ਨੇ 2 ਦਿਨ ਤੱਕ ਸਰਕਾਰੀ ਕੁਆਰਟਰਾਂ ਵਿੱਚ 23 ਸਾਲ ਦੀ ਪੀੜਤ ਨੂੰ ਰੱਖਿਆ ਅਤੇ ਫਿਰ ਉਸ ਨਾਲ ਅਸ਼ਲੀਲ ਹਰਕਤਾਂ ਕਰਦੇ ਤਸੀਹੇ ਦਿੱਤੇ ਅਤੇ ਫਿਰ ਸਰਪੰਚ ਬੁਲਾਕੇ ਕੁੜੀ ਨੂੰ ਛੱਡ ਦਿੱਤਾ। ਸਿਰਫ਼ ਇੰਨਾ ਹੀ ਨਹੀਂ ਪੁਲਿਸ ਨੂੰ ਪੀੜਤ ਦੇ ਘਰ ਤੋਂ ਚੋਰੀ ਦਾ ਇੱਕ ਵੀ ਸਮਾਨ ਨਹੀਂ ਮਿਲਿਆ। ਉੱਧਰ ਮੈਡੀਕਲ ਰਿਪੋਰਟ ਵੀ ਆ ਗਈ ਹੈ ਅਤੇ ਪੀੜਤ ਦੇ ਸਰੀਰ ‘ਤੇ 7 ਗੰਭੀਰ ਸੱਟਾਂ ਲੱਗਣ ਦੀ ਤਸਦੀਕ ਹੋਈ ਹੈ। ਇਸ ਮਾਮਲੇ ਵਿੱਚ ਐੱਸ ਐੱਸ ਪੀ ਨੇ ਜਾਂਚ ਡੀ ਐੱਸ ਪੀ ਨੂੰ ਸੌਂਪ ਦਿੱਤੀ ਹੈ।

ਇੱਕ ਜੁਲਾਈ ਨੂੰ ਹੋਈ ਸੀ ਵਾਰਦਾਤ

7 ਦਿਨ ਪਹਿਲਾਂ ਮਾਮਲਾ ਸਾਹਮਣੇ ਆਇਆ ਸੀ ਕਿ ਜੱਜ ਦੇ ਘਰ ਤੋਂ 22 ਤੋਲੇ ਸੋਨੇ ਦੇ ਗਹਿਣੇ ਅਤੇ 20 ਹਜ਼ਾਰ ਰੁਪਏ ਚੋਰੀ ਹੋ ਗਏ ਹਨ। ਸ਼ੱਕ ਦੇ ਘੇਰੇ ਵਿੱਚ ਪੁਲਿਸ ਨੇ ਘਰ ਵਿੱਚ ਕੰਮ ਕਰਨ ਵਾਲੀ 23 ਸਾਲ ਦੀ ਕੁੜੀ ‘ਤੇ ਸ਼ੱਕ ਜ਼ਾਹਿਰ ਕੀਤਾ ਅਤੇ ਪਹਿਲਾਂ ਉਸ ਨੂੰ ਹਿਰਾਸਤ ਵਿੱਚ ਰੱਖਿਆ ਗਿਆ।

ਪੀੜਤ ਦੇ ਮੁਤਾਬਕ 1 ਜੁਲਾਈ ਨੂੰ ਸਵੇਰ 11 ਵਜੇ ਘਰੋਂ ਹਿਰਾਸਤ ਵਿੱਚ ਲੈਣ ਤੋਂ ਬਾਅਦ ਪੁਲਿਸ ਨੇ ਘਰ ਦੀ ਤਲਾਸ਼ੀ ਲਈ ਪਰ ਕੁਝ ਵੀ ਬਰਾਮਦ ਨਹੀਂ ਹੋਇਆ । ਪੀੜਤ ਦੇ ਇਲਜ਼ਾਮਾਂ ਮੁਤਾਬਕ ਇਸ ਤੋਂ ਬਾਅਦ ਥਾਣਾ ਸਿਟੀ ਦੇ ਮੁਖੀ ਅਤੇ ਉਸ ਦੇ ਤਿੰਨ ਹੋਰ ਪੁਲਿਸ ਮੁਲਾਜ਼ਮ ਉਸ ਨੂੰ ਆਪਣੀ ਰਿਹਾਇਸ਼ੀ ਵਿੱਚ ਲੈ ਗਏ, ਜਿੱਥੇ ਉਸ ਨਾਲ ਜਾਨਵਰਾਂ ਵਰਗਾ ਵਤੀਰਾ ਹੋਇਆ। ਉਸ ਦੇ ਕੱਪੜੇ ਉਤਾਰੇ ਗਏ ਨਿੱਜੀ ਅੰਗਾਂ ‘ਤੇ ਬਿਜਲੀ ਦਾ ਕਰੰਟ ਲਗਾਇਆ ਗਿਆ। ਇਸ ਦੌਰਾਨ ਕੋਈ ਵੀ ਮਹਿਲਾ ਪੁਲਿਸ ਮੁਲਾਜ਼ਮ ਮੌਜੂਦ ਨਹੀਂ ਸੀ। ਤਸ਼ੱਦਦ ਢਾਉਣ ਤੋਂ ਬਾਅਦ ਅਗਲੇ ਦਿਨ 2 ਜੁਲਾਈ ਰਾਤ ਨੂੰ ਸਰਪੰਚ ਨੂੰ ਬੁਲਾਕੇ ਉਸ ਦੇ ਨਾਲ ਘਰ ਭੇਜ ਦਿੱਤਾ ਗਿਆ।

ਡਾਕਟਰ ਦਾ ਬਿਆਨ

ਪੀੜਤ ਦਾ ਇਲਾਜ ਕਰ ਰਹੇ ਡਾਕਟਰ ਰਾਜ ਮਸੀਹ ਨੇ ਦੱਸਿਆ ਕਿ ਕੁੜੀ ਦੀ ਅੱਖਾਂ, ਮੂੰਹ, ਪਿੱਠ ਅਤੇ ਲੱਤਾਂ ਵਿੱਚ ਗੰਭੀਰ ਸੱਟਾਂ ਦੇ ਨਿਸ਼ਾਨ ਹਨ। ਉੱਧਰ SSP ਵੱਲੋਂ ਜਾਂਚ DSP ਸੁਖਪਾਲ ਸਿੰਘ ਰੰਧਾਵਾ ਨੂੰ ਸੌਂਪ ਦਿੱਤੀ ਗਈ ਹੈ। DSP ਨੇ ਕਿਹਾ ਪੀੜਤ ਕੁੜੀ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ, ਜਾਂਚ ਤੋਂ ਬਾਅਦ ਇਨਸਾਫ਼ ਜ਼ਰੂਰ ਕੀਤਾ ਜਾਵੇਗਾ । ਉੱਧਰ ਕਿਸਾਨ ਸੰਘਰਸ਼ ਕਮੇਟੀ ਦੇ ਨਾਲ ਆਲ਼ੇ ਦੁਆਲੇ ਦੀਆਂ ਹੋਰ ਜਥੇਬੰਦੀਆਂ ਨੇ ਪੁਲਿਸ ‘ਤੇ ਪੀੜਤ ਨੂੰ ਇਨਸਾਫ਼ ਸੰਘਰਸ਼ ਹੋਰ ਤਿੱਖਾ ਕਰ ਦਿੱਤਾ ਹੈ।