ਗੁਜਰਾਤ ਦੇ ਇੱਕ ਨਿਰਮਾਣ ਕਾਰੋਬਾਰੀ ਭਾਵੇਸ਼ ਭਾਈ ਭੰਡਾਰੀ ਤੇ ਉਸ ਦੀ ਪਤਨੀ ਨੇ ਆਪਣੀ 200 ਕਰੋੜ ਰੁਪਏ ਦੀ ਜਾਇਦਾਦ ਦਾਨ ਕਰ ਦਿੱਤੀ ਹੈ। ਹੁਣ ਦੋਹਾਂ ਨੇ ਹੀ ਭਿਕਸ਼ੂ ਬਣਨ ਦਾ ਫੈਸਲਾ ਕਰ ਲਿਆ ਹੈ। ਭਾਵੇਸ਼ ਭਾਈ ਭੰਡਾਰੀ ਤੇ ਉਸਦੀ ਪਤਨੀ ਨੇ ਫਰਵਰੀ ਵਿੱਚ ਇੱਕ ਸਮਾਗਮ ਵਿੱਚ ਆਪਣੀ ਸਾਰੀ ਦੌਲਤ ਦਾਨ ਕਰ ਦਿੱਤੀ ਸੀ ਅਤੇ ਦੋਵੇਂ ਇਸ ਮਹੀਨੇ ਦੇ ਅੰਤ ਵਿੱਚ, 22 ਅਪ੍ਰੈਲ ਨੂੰ ਅਧਿਕਾਰਿਤ ਤੌਰ ‘ਤੇ ਭਿਕਸ਼ੂ ਬਣ ਜਾਣਗੇ।
ਹਿੰਮਤਨਗਰ-ਅਧਾਰਿਤ ਨਿਰਮਾਣ ਕਾਰੋਬਾਰੀ ਆਪਣੀ 19 ਸਾਲ ਦੀ ਧੀ ਤੇ 16 ਸਾਲ ਦੇ ਪੁੱਤਰ ਦੇ ਨਕਸ਼ੇ-ਕਦਮਾਂ ‘ਤੇ ਚੱਲ ਰਿਹਾ ਹੈ, ਜੋ 2022 ਵਿੱਚ ਸੰਨਿਆਸੀ ਬਣੇ ਸਨ। ਉਨ੍ਹਾਂ ਦੇ ਭਾਈਚਾਰੇ ਦੇ ਲੋਕਾਂ ਦਾ ਕਹਿਣਾ ਹੈ ਕਿ ਭਾਵੇਸ਼ ਅਤੇ ਉਨ੍ਹਾਂ ਦੀ ਪਤਨੀ, ਉਨ੍ਹਾਂ ਦੇ ਬੱਚਿਆਂ ਦੇ “ਭੌਤਿਕ ਮੋਹ ਨੂੰ ਛੱਡਣ ਅਤੇ ਤਪੱਸਿਆ ਦੇ ਮਾਰਗ ਵਿੱਚ ਸ਼ਾਮਲ ਹੋਣ” ਦੇ ਕਦਮ ਤੋਂ ਬਹੁਤ ਪ੍ਰੇਰਿਤ ਸਨ।
22 ਅਪ੍ਰੈਲ ਨੂੰ ਸਹੁੰ ਚੁੱਕਣ ਤੋਂ ਬਾਅਦ, ਜੋੜੇ ਨੂੰ ਸਾਰੇ ਪਰਿਵਾਰਿਕ ਰਿਸ਼ਤੇ ਤੋੜਨੇ ਪੈਣਗੇ ਅਤੇ ਕਿਸੇ ਵੀ ‘ਭੌਤਿਕ ਵਸਤੂ’ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਸ ਤੋਂ ਬਾਅਦ ਉਹ ਪੂਰੇ ਭਾਰਤ ਵਿੱਚ ਨੰਗੇ ਪੈਰੀਂ ਯਾਤਰਾ ਕਰਨਗੇ ਤੇ ਸਿਰਫ਼ ਭਿੱਖਿਆ ‘ਤੇ ਹੀ ਗੁਜ਼ਾਰਾ ਕਰਨਗੇ। ਉਨ੍ਹਾਂ ਨੂੰ ਸਿਰਫ਼ ਦੋ ਚਿੱਟੇ ਕੱਪੜੇ, ਭਿਖਿਆ ਲਈ ਇੱਕ ਭਾਂਡਾ ਤੇ ਇੱਕ “ਰਜੋਹਰਨ” ਰੱਖਣ ਦੀ ਇਜਾਜ਼ਤ ਹੋਵੇਗੀ। ਰਾਜੋਹਰਨ ਇੱਕ ਝਾੜੂ ਹੁੰਦਾ ਹੈ ਜਿਸ ਨੂੰ ਜੈਨ ਭਿਕਸ਼ੂ ਬੈਠਣ ਤੋਂ ਪਹਿਲਾਂ ਜਗ੍ਹਾ ਨੂੰ ਸਾਫ਼ ਕਰਨ ਲਈ ਵਰਤਦੇ ਹਨ – ਇਹ ਅਹਿੰਸਾ ਦੇ ਮਾਰਗ ਦਾ ਪ੍ਰਤੀਕ ਹੈ ਅਤੇ ਦੋਵੇਂ ਇਸਦਾ ਪਾਲਣ ਕਰਨਗੇ।
ਆਪਣੀ ਦੌਲਤ ਲਈ ਮਸ਼ਹੂਰ ਭੰਡਾਰੀ ਪਰਿਵਾਰ ਦੇ ਇਸ ਫੈਸਲੇ ਨੇ ਪੂਰੇ ਸੂਬੇ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਭੰਡਾਰੀ ਪਰਿਵਾਰ ਦਾ ਨਾਂ ਭਵਰਲਾਲ ਜੈਨ ਵਰਗੇ ਕੁਝ ਹੋਰ ਲੋਕਾਂ ਨਾਲ ਵੀ ਜੁੜ ਗਿਆ ਹੈ, ਜੋ ਇਨ੍ਹਾਂ ਤੋਂ ਪਹਿਲਾਂ ਸੰਨਿਆਸੀ ਬਣਨ ਲਈ ਅਰਬਾਂ ਦੀ ਦੌਲਤ ਤੇ ਸੁੱਖ-ਸਹੂਲਤਾਂ ਤੋਂ ਮੂੰਹ ਮੋੜ ਚੁੱਕੇ ਸਨ।
ਭੰਡਾਰੀ ਜੋੜੇ ਨੇ 35 ਹੋਰਾਂ ਦੇ ਨਾਲ ਚਾਰ ਕਿਲੋਮੀਟਰ ਤੱਕ ਇੱਕ ਜਲੂਸ ਕੱਢਿਆ, ਜਿੱਥੇ ਉਨ੍ਹਾਂ ਨੇ ਆਪਣੇ ਮੋਬਾਈਲ ਫੋਨ ਤੇ ਏਅਰ ਕੰਡੀਸ਼ਨਰ ਸਮੇਤ ਆਪਣੀ ਸਾਰੀ ਜਾਇਦਾਦ ਦਾਨ ਕਰ ਦਿੱਤੀ। ਜਲੂਸ ਦੀ ਵੀਡੀਓ ‘ਚ ਦੋਵੇਂ ਰੱਥ ‘ਤੇ ਸ਼ਾਹੀ ਪਰਿਵਾਰ ਵਾਂਗ ਪਹਿਰਾਵਾ ਪਹਿਨੇ ਨਜ਼ਰ ਆਏ।
ਇਨ੍ਹਾਂ ਤੋਂ ਪਹਿਲਾਂ ਪਿਛਲੇ ਸਾਲ, ਗੁਜਰਾਤ ਦਾ ਹੀ ਇੱਕ ਕਰੋੜਪਤੀ ਹੀਰਾ ਵਪਾਰੀ ਤੇ ਉਸਦੀ ਪਤਨੀ, ਆਪਣੇ 12 ਸਾਲਾਂ ਦੇ ਬੇਟੇ ਦੇ ਭਿਕਸ਼ੂ ਬਣਨ ਦੇ ਪੰਜ ਸਾਲਾਂ ਬਾਅਦ ਏਸੇ ਤਰ੍ਹਾਂ ਦੋਵੇਂ ਭਿਕਸ਼ੂ ਬਣ ਗਏ ਸਨ।