India

“ਇਹ ਨਿਰਾਸ਼ਾ ਦੱਸ ਰਹੀ ਹੈ, ਗੁਜਰਾਤ ਵਿੱਚ ਭਾਜਪਾ ਹਾਰ ਰਹੀ ਹੈ”, ਜਦੋਂ ਆਟੋ ‘ਚ ਬੈਠੇ ਕੇਜਰੀਵਾਲ ਨੂੰ ਦਿੱਤੀ ਜਾ ਰਹੀ ਸੀ ਜ਼ਬਰਦਸਤੀ ਸੁਰੱਖਿਆ ਤਾਂ…

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਗੁਜਰਾਤ ਵਿਧਾਨ ਸਭਾ ਚੋਣਾਂ (Gujarat Assembly Election) ਲਈ ਪ੍ਰਚਾਰ ਵਿੱਚ ਜੁਟੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਜਦੋਂ ਆਟੋ (Auto) ਰਾਹੀਂ ਜਾ ਰਹੇ ਸਨ ਤਾਂ ਉਨ੍ਹਾਂ ਦੀ ਅਹਿਮਦਾਬਾਦ ਪੁਲਿਸ (Ahmedabad Police) ਦੇ ਨਾਲ ਬਹਿਸ ਹੋ ਗਈ। ਬਹਿਸ ਦੀ ਇਹ ਵੀਡੀਓ (Video) ਸੋਸ਼ਲ ਮੀਡੀਆ (Social Media) ਉੱਤੇ ਖ਼ੂਬ ਵਾਇਰਲ (Viral) ਹੋ ਰਹੀ ਹੈ। ‘ਆਪ’ ਦੇ ਕੌਮੀ ਕਨਵੀਨਰ ਕੇਜਰੀਵਾਲ ਅਹਿਮਦਾਬਾਦ ਦੇ ਇੱਕ ਹੋਟਲ ਤੋਂ ਆਟੋ ਚਾਲਕ ਦੇ ਘਰ ਆਟੋ ਵਿੱਚ ਬੈਠ ਕੇ ਖਾਣਾ ਖਾਣ ਲਈ ਜਾ ਰਹੇ ਸਨ, ਪਰ ਪੁਲਿਸ ਨੇ ਸੁਰੱਖਿਆ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੂੰ ਰੋਕ ਲਿਆ। ਇਸ ਦੌਰਾਨ ਬਹਿਸ ਛਿੜ ਗਈ। ਵੀਡੀਓ ਵਿੱਚ ਸੁਣਿਆ ਜਾ ਸਕਦਾ ਹੈ ਕਿ ਸੀਐਮ ਕੇਜਰੀਵਾਲ ਕਹਿ ਰਹੇ ਹਨ ਕਿ ਤੁਸੀਂ ਮੈਨੂੰ ਕੈਦ ਕਰ ਰਹੇ ਹੋ। ਮੈਂ ਲੋਕਾਂ ਦਾ ਬੰਦਾ ਹਾਂ, ਸਾਨੂੰ ਸੁਰੱਖਿਆ ਨਹੀਂ ਚਾਹੀਦੀ।

‘ਮੈਨੂੰ ਨਹੀਂ ਚਾਹੀਦੀ ਜ਼ਬਰਦਸਤੀ ਦੀ ਸੁਰੱਖਿਆ’ – ਕੇਜਰੀਵਾਲ

ਸੀਐਮ ਕੇਜਰੀਵਾਲ ਨੇ ਪੁਲਿਸ ਨੂੰ ਕਿਹਾ, ” ਤੁਸੀਂ ਕੀ ਸੁਰੱਖਿਆ ਦਿਓਗੇ, ਮੈਨੂੰ ਸੁਰੱਖਿਆ ਨਾ ਦੇਣ ਦੀ ਗੱਲ ਕਰਨਾ ਹੀ ਆਪਣੇ ਆਪ ਵਿੱਚ ਇੱਕ ਧੱਬਾ ਹੈ, ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ।” ਇਸ ਦੌਰਾਨ ਪੁਲਿਸ ਅਧਿਕਾਰੀ ਕਹਿੰਦੇ ਹਨ ਕਿ ਇਹ ਪ੍ਰੋਟੋਕੋਲ ਹੈ। ਇਸ ‘ਤੇ ਸੀਐਮ ਕੇਜਰੀਵਾਲ ਕਹਿੰਦੇ ਹਨ, ”ਸਾਨੂੰ ਤੁਹਾਡਾ ਪ੍ਰੋਟੋਕੋਲ ਅਤੇ ਤੁਹਾਡੀ ਸੁਰੱਖਿਆ ਨਹੀਂ ਚਾਹੀਦੀ। ਤੁਸੀਂ ਮੈਨੂੰ ਜਨਤਕ ਤੌਰ ‘ਤੇ ਬਾਹਰ ਜਾਣ ਤੋਂ ਨਹੀਂ ਰੋਕ ਸਕਦੇ। ਮੈਨੂੰ ਤੁਹਾਡੀ ਸੁਰੱਖਿਆ ਨਹੀਂ ਚਾਹੀਦੀ। ਤੁਸੀਂ ਮੈਨੂੰ ਜ਼ਬਰਦਸਤੀ ਸੁਰੱਖਿਆ ਨਹੀਂ ਦੇ ਸਕਦੇ। ਤੁਸੀਂ ਮੈਨੂੰ ਗ੍ਰਿਫਤਾਰ ਨਹੀਂ ਕਰ ਸਕਦੇ।” ਹਾਲਾਂਕਿ, ਬਾਅਦ ‘ਚ ਅਰਵਿੰਦ ਕੇਜਰੀਵਾਲ ਆਟੋ ਚਾਲਕ ਦੇ ਘਰ ਗਏ ਅਤੇ ਆਟੋ ਚਾਲਕ ਦੇ ਘਰ ਰਾਤ ਦਾ ਖਾਣਾ ਖਾਧਾ।

ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕੇਜਰੀਵਾਲ ਨੂੰ ਰੋਕਣ ਲਈ ਭਾਜਪਾ ‘ਤੇ ਨਿਸ਼ਾਨਾ ਕਸਦਿਆਂ ਕਿਹਾ ਕਿ ਭਾਜਪਾ ਵਾਲੇ ਨੇਤਾ ਨੂੰ ਜਨਤਾ ਵਿਚ ਜਾਣ ਤੋਂ ਰੋਕ ਰਹੇ ਹਨ। ਬੀਜੇਪੀ ਨੂੰ ਕੇਜਰੀਵਾਲ ਦੇ ਜਨਤਾ ਵਿੱਚ ਜਾਣ ਦਾ ਏਨਾ ਡਰ ਹੈ। ਕੇਜਰੀਵਾਲ ਨੂੰ ਆਟੋ ‘ਚ ਬੈਠਣ ਤੋਂ ਰੋਕਣ ‘ਤੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਕਿਹਾ, ”ਇਹ ਕਿਹੋ ਜਿਹੀ ਸ਼ਾਨ ਹੈ? ਤਿੰਨ ਵਾਰ ਚੁਣੇ ਗਏ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਆਟੋ ਚਾਲਕ ਦੇ ਘਰ ਨਹੀਂ ਜਾਣ ਦਿੱਤਾ ਜਾ ਰਿਹਾ ਹੈ। ਇਹ ਨਿਰਾਸ਼ਾ ਦੱਸ ਰਹੀ ਹੈ, ਗੁਜਰਾਤ ਵਿੱਚ ਭਾਜਪਾ ਹਾਰ ਰਹੀ ਹੈ।