Punjab

‘ਅੱਜ ਦੁਪਹਿਰ 2 ਵਜੇ ਤੱਕ ਡਿਊਟੀ ‘ਤੇ ਆ ਜਾਓ, ਨਹੀਂ ਸਾਰੇ ਅਫ਼ਸਰ ਹੋਣਗੇ ਸਸਪੈਂਡ’, CM ਮਾਨ ਦੀ ਚੇਤਾਵਨੀ..

Government tough on PCS officers' strike; Attend duty otherwise strict action will be taken

ਚੰਡੀਗੜ੍ਹ :  ਪੰਜਾਬ ਦੇ ਅੰਦਰ ਪੀਸੀਐਸ ਅਫ਼ਸਰਾਂ ਦੀ ਹੜਤਾਲ ‘ਤੇ ਮਾਨ ਸਰਕਾਰ ਸਖ਼ਤ ਵਰਤਦੀ ਵਿਖਾਈ ਦੇ ਰਹੀ ਹੈ। ਛੁੱਟੀ ‘ਤੇ ਗਏ ਅਧਿਕਾਰੀਆਂ ਨੂੰ ਸਖ਼ਤ ਹੁਕਮ ਜਾਰੀ ਹੋ ਗਏ ਹਨ ਕਿ ਉਹ ਅੱਜ ਦੁਪਹਿਰ ਦੋ ਵਜੇ ਤੱਕ ਹਰ ਹਾਲਤ ਵਿਚ ਡਿਊਟੀ ‘ਤੇ ਹਾਜ਼ਰ ਹੋ ਜਾਣ। ਜੇਕਰ ਉਕਤ ਅਧਿਕਾਰੀ ਆਪਣੀ ਡਿਊਟੀ ਤੇ ਵਾਪਸ ਨਹੀਂ ਆਉਂਦੇ ਤਾਂ, ਸਰਕਾਰ ਨੂੰ ਮਜ਼ਬੂਰਨ ਸਖ਼ਤ ਐਕਸ਼ਨ ਲੈਣਾ ਪਵੇਗਾ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇੱਕ ਟਵੀਟ ਕਰਦਿਆਂ ਕਿਹਾ ਕਿ ਭ੍ਵਿਸ਼ਟਾਚਾਰ ਦੇ ਮਾਮਲੇ ਚ ਕੋਈ ਵੀ ਬਖਸ਼ਿਆ ਨਹੀਂ ਜਾਵੇਗਾ ਭਾਵੇ ਮੰਤਰੀ ਹੋਵੇ ,ਸੰਤਰੀ ਹੋਵੇ ਜਾਂ ਮੇਰਾ ਕੋਈ ਸਕਾ-ਸੰਬੰਧੀ…ਜਨਤਾ ਦੇ ਇੱਕ-ਇੱਕ ਪੈਸੇ ਦਾ ਹਿਸਾਬ ਲਿਆ ਜਾਵੇਗਾ। 

ਦੱਸ ਦਈਏ ਕਿ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਵਿੱਚ ਲੁਧਿਆਣਾ ਦੇ ਆਰਟੀਏ ਨਰਿੰਦਰ ਸਿੰਘ ਧਾਲੀਵਾਲ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿੱਚ ਪੰਜਾਬ ਸਿਵਲ ਸਰਵਿਸਿਜ਼ ਆਫੀਸਰਜ਼ ਐਸੋਸੀਏਸ਼ਨ ਨੇ ਸਖ਼ਤ ਰੋਸ ਜਤਾਇਆ ਸਾ ਤੇ ਪੰਜਾਬ ਸਿਵਲ ਸੇਵਾਵਾਂ ਦੇ ਅਧਿਕਾਰੀ ਪੰਜ ਦਿਨ ਦੀ ਜਨਤਕ ਛੁੱਟੀ ‘ਤੇ ਚਲੇ ਗਏ । ਵਿਜੀਲੈਂਸ ਦੀ ਕਾਰਵਾਈ ਤੋਂ ਪੀਸੀਐਸ ਐਸੋਸੀਏਸ਼ਨ ਦੀ ਨਾਰਾਜ਼ਗੀ ਦੇ ਚੱਲਦਿਆਂ ਇਹ ਫੈਸਲਾ ਲਿਆ ਗਿਆ ਸੀ।

ਛੁੱਟੀ ਤੇ ਜਾਣ ਤੋਂ ਪਹਿਲਾਂ ਸੂਬੇ ਭਰ ਦੇ ਪੀਸੀਐਸ ਅਧਿਕਾਰੀਆਂ ਦੀ ਮੀਟਿੰਗ ਹੋਈ ਸੀ,ਜਿਸ ਵਿੱਚ ਪੰਜਾਬ ਭਰ ਤੋਂ 80 ਦੇ ਕਰੀਬ ਅਧਿਕਾਰੀ ਸ਼ਾਮਲ ਹੋਏ ਸਨ। ਪੇਸ਼ ਕੀਤੇ ਗਏ ਮਤੇ ਵਿੱਚ ਐਸੋਸੀਏਸ਼ਨ ਨੇ ਦਾਅਵਾ ਕੀਤਾ ਕਿ ਨਰਿੰਦਰ ਸਿੰਘ ਧਾਲੀਵਾਲ ਦੀ ਗ੍ਰਿਫ਼ਤਾਰੀ ਵਿੱਚ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 17 ਏ ਤਹਿਤ ਕਾਨੂੰਨੀ ਪ੍ਰਕਿਰਿਆਵਾਂ ਦੀ ਪਾਲਣਾ ਨਹੀਂ ਕੀਤੀ ਗਈ ਹੈ। ਐਸੋਸੀਏਸ਼ਨ ਨੇ ਸਰਕਾਰ ਤੋਂ ਮੰਗ ਕੀਤੀ ਸੀ ਕਿ ਧਾਲੀਵਾਲ ਦੀ ਗੈਰ-ਕਾਨੂੰਨੀ ਗ੍ਰਿਫਤਾਰੀ ਦੀ ਜਾਂਚ ਲਈ ਇੱਕ ਕਮੇਟੀ ਬਣਾਈ ਜਾਵੇ ਅਤੇ ਸ਼ੁੱਕਰਵਾਰ (13 ਜਨਵਰੀ) ਤੱਕ ਰਿਪੋਰਟ ਮੰਗੀ ਜਾਵੇ।

ਕਮੇਟੀ ਵਿੱਚ ਪ੍ਰਮੁੱਖ ਸਕੱਤਰ ਰੈਂਕ ਦੇ ਸੀਨੀਅਰ ਆਈਏਐਸ ਅਧਿਕਾਰੀਆਂ ਦੇ ਨਾਲ-ਨਾਲ ਇੱਕ ਪੀਸੀਐਸ ਅਧਿਕਾਰੀ ਅਤੇ ਟਰਾਂਸਪੋਰਟ ਵਿਭਾਗ ਦਾ ਇੱਕ ਪ੍ਰਤੀਨਿਧੀ ਸ਼ਾਮਲ ਹੋਣਾ ਚਾਹੀਦਾ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਵਿਜੀਲੈਂਸ ਨੇ ਸ਼ੁੱਕਰਵਾਰ ਨੂੰ ਪੀਸੀਐਸ ਅਧਿਕਾਰੀ ਨਰਿੰਦਰ ਧਾਲੀਵਾਲ ਨੂੰ ਟਰਾਂਸਪੋਰਟਰਾਂ ਤੋਂ ਰਿਸ਼ਵਤ ਵਜੋਂ ਪੈਸੇ ਵਸੂਲਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਸੀ। ਇਸ ਸਬੰਧੀ ਸ਼ਿਕਾਇਤ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ‘ਤੇ ਦਰਜ਼ ਕਰਵਾਈ ਗਈ ਸੀ। ਇਹ ਵੀ ਗੱਲ ਸਾਹਮਣੇ ਆਈ ਸੀ ਕਿ ਧਾਲੀਵਾਲ ਨੇ ਹਰ ਮਹੀਨੇ ਇਸ ਵਸੂਲੀ ਲਈ ਆਪਣੇ ਕੁਝ ਨਿੱਜੀ ਵਿਅਕਤੀ ਰਖੇ ਹੋਏ ਸਨ।

ਹਾਲਾਂਕਿ ਪੀਸੀਐਸ ਐਸੋਸੀਏਸ਼ਨ ਨੇ ਵਿਜੀਲੈਂਸ ਦੀ ਕਾਰਵਾਈ ਨੂੰ ਗਲਤ ਦੱਸਿਆ ਹੈ। ਐਸੋਸੀਏਸ਼ਨ ਨੇ ਦਾਅਵਾ ਕੀਤਾ ਕਿ ਧਾਲੀਵਾਲ ਨੇ ਨਾ ਤਾਂ ਰਿਸ਼ਵਤ ਮੰਗੀ ਅਤੇ ਨਾ ਹੀ ਸਵੀਕਾਰ ਕੀਤੀ ਹੈ। ਯੂਨੀਅਨ ਨੇ ਇਹ ਵੀ ਦਾਅਵਾ ਕੀਤਾ ਕਿ ਪਹਿਲਾਂ ਵੀ ਆਰਟੀਏ ਫਰੀਦਕੋਟ ਤਰਸੇਮ ਚੰਦ ਦੇ ਖਿਲਾਫ ਅਜਿਹਾ ਹੀ ਮਾਮਲਾ ਦਰਜ ਕੀਤਾ ਗਿਆ ਸੀ ਪਰ ਬਾਅਦ ਵਿੱਚ ਇਹ ਦੋਸ਼ ਝੂਠੇ ਪਾਏ ਗਏ ਪਰ ਅਧਿਕਾਰੀ ਦੇ ਖਿਲਾਫ ਝੂੱਠਾ ਮਾਮਲਾ ਦਰਜ ਕਰਾਉਣ ਵਾਲਿਆਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ।