‘ਦ ਖ਼ਾਲਸ ਬਿਊਰੋ : ਭਾਰਤ (India) ਵਿੱਚ ਹੁਣ ਪਾਕਿਸਤਾਨ ਸਰਕਾਰ (Pakistan Government) ਦਾ ਕੋਈ ਵੀ ਟਵੀਟ (Tweet) ਵੇਖਣ ਨੂੰ ਨਹੀਂ ਮਿਲੇਗਾ। ਭਾਰਤ ਸਰਕਾਰ ਨੇ ਸੁਰੱਖਿਆ ਦੇ ਮੱਦੇਨਜ਼ਰ ਪਾਕਿਸਤਾਨ ਸਰਕਾਰ ਦੇ ਟਵਿੱਟਰ ਅਕਾਊਂਟ (Twitter Account) ਨੂੰ ਬੰਦ ਕਰ ਦਿੱਤਾ ਹੈ। ਟਵਿੱਟਰ ਮੁਤਾਬਕ ਅਜਿਹਾ ਭਾਰਤ ਸਰਕਾਰ ਦੀ ਕਾਨੂੰਨੀ ਮੰਗ ‘ਤੇ ਕੀਤਾ ਗਿਆ ਹੈ। ਪਾਕਿਸਤਾਨ ਸਰਕਾਰ ਦਾ ਟਵਿੱਟਰ ਉੱਤੇ @GovtofPakistan ਨਾਂ ਉੱਤੇ ਖਾਤਾ ਸੀ। ਤਿੰਨ ਹਫ਼ਤੇ ਪਹਿਲਾਂ ਵੀ ਟਵਿੱਟਰ ਵੱਲੋਂ ਇਸ ਅਕਾਊਂਟ ਉੱਤੇ ਰੋਕ ਲਗਾਈ ਗਈ ਸੀ।
ਟਵਿੱਟਰ ਦੀ ਪਾਲਿਸੀ ਮੁਤਾਬਕ ਇਹ ਕਦਮ ਸਥਾਨਕ ਨਿਯਮ ਅਨੁਸਾਰ ਚੁੱਕਿਆ ਜਾਂਦਾ ਹੈ। ਇਸ ਦੇ ਰਾਹੀਂ ਸੁਰੱਖਿਆ ਤੇ ਸਥਾਨਕ ਕਾਨੂੰਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਵਰਤੋਂਕਾਰ ਦੀ ਬੋਲਣ ਦੀ ਆਜ਼ਾਦੀ ਦਾ ਸਨਮਾਨ ਵੀ ਕੀਤਾ ਜਾਂਦਾ ਹੈ।
ਕੇਂਦਰ ਸਰਕਾਰ ਵੱਲੋਂ ਹਾਲ ਹੀ ਵਿੱਚ PFI ‘ਤੇ 5 ਸਾਲ ਦਾ ਬੈਨ ਲਗਾਉਣ ਤੋਂ ਬਾਅਦ ਉਨ੍ਹਾਂ ਦੇ ਟਵਿੱਟਰ ਅਕਾਊਂਟ ‘ਤੇ ਵੀ ਰੋਕ ਲਗਾ ਦਿੱਤੀ ਗਈ ਸੀ। ਕੇਂਦਰ ਸਰਕਾਰ ਦੀ ਸ਼ਿਕਾਇਤ ਤੋਂ ਬਾਅਦ ਟਵਿੱਟਰ ਨੇ ਇਹ ਕਦਮ ਚੁੱਕਿਆ ਸੀ। ED ਤੇ NIA ਵੱਲੋਂ ਪਿਛਲੇ ਹਫ਼ਤੇ ਹੀ ਪੀਐੱਫਆਈ ਦੇ ਕਈ ਟਿਕਾਣਿਆਂ ‘ਤੇ ਛਾਪੇਮਾਰੀ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਸੀ। ਏਜੰਸੀ ਨੂੰ ਇਨ੍ਹਾਂ ਟਿਕਾਣਿਆਂ ਤੋਂ ਪੀਐੱਫਆਈ ਦੇ ਅੱਤਵਾਦੀ ਸੰਗਠਨ ਅਲਕਾਇਦਾ ਤੇ ਹੋਰ ਸੰਗਠਨਾਂ ਨਾਲ ਜੁੜੇ ਹੋਣ ਦੇ ਸਬੂਤ ਮਿਲੇ ਸਨ।
ਭਾਰਤ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਵੱਲੋਂ ਦੇਸ਼ ਦੀ ਸੁਰੱਖਿਆ ਦਾ ਹਵਾਲਾ ਦਿੰਦਿਆਂ ਕਈ ਭਾਰਤੀ ਯੂਟਿਊਬ ਚੈਨਲਾਂ ਨੂੰ ਵੀ ਬੰਦ ਕੀਤਾ ਗਿਆ ਹੈ। ਜਨਵਰੀ 2022 ਵਿੱਚ ਮੰਤਰਾਲੇ ਨੇ ਜਾਅਲੀ ਖਬਰਾਂ ਦੇਣ ਦੇ ਇਲ ਜ਼ਾਮ ‘ਚ 35 ਯੂਟਿਊਬ ਚੈਨਲਾਂ ਅਤੇ 2 ਵੈਬਸਾਈਟਾਂ ਨੂੰ ਬਲਾਕ ਕਰ ਦਿੱਤਾ ਸੀ। ਇਨ੍ਹਾਂ ਚੈਨਲਾਂ ਅਤੇ ਵੈਬਸਾਈਟ ਨੂੰ ਪਾਕਿਸਤਾਨ ਤੋਂ ਚਲਾਏ ਜਾਣ ਦਾ ਖਦਸ਼ਾ ਪ੍ਰਗਟ ਕੀਤਾ ਗਿਆ ਸੀ।