Punjab

ਰਾਮ ਰਹੀਮ ਦੇ ਪਰਿਵਾਰ ਨੇ ਵਿਦੇਸ਼ਾਂ ਨੂੰ ਪਾਏ ਚਾਲੇ, ਹੁਣ ਡੇਰਾ ਹਨੀਪ੍ਰੀਤ ਦੇ ਹਵਾਲੇ…

ਚੰਡੀਗੜ੍ਹ : ਡੇਰਾ ਮੁਖੀ ਗੁਰਮੀਤ ਰਾਮ ਰਹੀਮ (Gurmeet Ram Rahim) ਦਾ ਪਰਿਵਾਰ (Family) ਵਿਦੇਸ਼ (Foreign) ਵੱਸਣ ਨੂੰ ਤੁਰ ਪਿਆ ਹੈ। 26 ਸਤੰਬਰ ਨੂੰ ਬੇਟਾ ਜਸਮੀਤ (Jasmeet) ਵੀ ਪਰਿਵਾਰ ਨਾਲ ਲੰਡਨ (London) ਚਲਾ ਗਿਆ ਹੈ। ਜਦਕਿ ਰਾਮ ਰਹੀਮ ਦੀਆਂ ਦੋਨੋਂ ਬੇਟੀਆਂ ਅਮਨਪ੍ਰੀਤ ਅਤੇ ਚਰਨਪ੍ਰੀਤ ਪਹਿਲਾਂ ਹੀ ਚਲੀਆਂ ਗਈਆਂ ਸਨ। ਹਾਲਾਂਕਿ ਡੇਰਾ ਮੁਖੀ ਦੀ ਮਾਤਾ ਨਸੀਬ ਕੌਰ (Nasib Kaur) ਅਤੇ ਪਤਨੀ ਹਰਜੀਤ ਕੌਰ (Harjit Kaur) ਭਾਰਤ (India) ਵਿੱਚ ਰਹਿਣਗੀਆਂ। ਇਸ ਨਾਲ ਹੁਣ ਹਰਿਆਣਾ (Haryana) ਸਥਿਤ ਪ੍ਰਮੁੱਖ ਡੇਰੇ ਉੱਤੇ ਹਨੀਪ੍ਰੀਤ (Honeypreet) ਦਾ ਏਕਾਧਿਕਾਰ ਹੋ ਜਾਵੇਗਾ।

ਡੇਰਾ ਮੁਖੀ ਦੇ ਪਰਿਵਾਰ ਦੇ ਵਿਦੇਸ਼ ਜਾਣ ਤੋਂ ਬਾਅਦ ਹੁਣ ਹਨੀਪ੍ਰੀਤ ਡੇਰਾ ਮੁਖੀ ਦੀ ਸਭ ਤੋਂ ਕਰੀਬੀ ਹੈ। ਇਸ ਗੱਲ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ ਪਿਛਲੇ ਦਿਨੀਂ ਜਦੋਂ ਰਾਮ ਰਹੀਮ ਪੈਰੋਲ ਮਿਲਣ ਤੋਂ ਬਾਅਦ ਬਾਗਪਤ ਦੇ ਆਸ਼ਰਮ ਪਹੁੰਚਿਆ ਤਾਂ ਹਨੀਪ੍ਰੀਤ ਉਸ ਦੇ ਨਾਲ ਸੀ ਅਤੇ ਉੱਥੋਂ ਪ੍ਰੇਮੀਆਂ ਦੇ ਸਾਹਮਣੇ ਲਾਈਵ ਹੋਇਆ ਸੀ। ਉਸ ਸਮੇਂ ਡੇਰਾ ਮੁਖੀ ਨੇ ਹਨੀਪ੍ਰੀਤ ਦੀ ਤਾਰੀਫ਼ ਕੀਤੀ ਸੀ।

ਪਰਿਵਾਰ ਤੇ ਹਨੀਪ੍ਰੀਤ ਵਿਚਾਲੇ ਮਤਭੇਦ

ਦੈਨਿਕ ਭਾਸਕਰ ਦੇ ਰਿਪੋਰਟ ਮੁਤਾਬਿਕ ਹਨੀਪ੍ਰੀਤ ਅਤੇ ਡੇਰਾ ਮੁਖੀ ਵਿਚਾਲੇ ਪਿਛਲੇ ਸਮੇਂ ਤੋਂ ਮਤਭੇਦ ਚੱਲ ਰਿਹਾ ਹੈ। ਇਸ ਵਜ੍ਹਾ ਕਾਰਨ ਪਰਿਵਾਰ ਨੇ ਵਿਦੇਸ਼ ਸੈਟਲ ਹੋਣ ਨੂੰ ਤਰਜ਼ੀਹ ਦਿੱਤੀ। ਅਸਲ ਵਿੱਚ ਪਿਛਲੇ ਸਮੇਂ ਵਿੱਚ ਪਰਿਵਾਰ ਨੇ ਡੇਰਾ ਪ੍ਰੇਮੀਆਂ ਨੂੰ ਆਗਾਹ ਕਰਨ ਇੱਕ ਪੱਤਰ ਜਾਰੀ ਕੀਤਾ ਸੀ। ਇਸ ਵਿੱਚ ਕਿਹਾ ਗਿਆ ਸੀ ਕਿ ‘ਪਰਿਵਾਰ ਦੇ ਨਾਮ ਉੱਤੇ ਚੰਦਾ ਜੁਟਾਇਆ ਜਾ ਰਿਹਾ ਹੈ। ਜੇਕਰ ਕੋਈ ਤੁਹਾਡੇ ਕੋਲ ਫ਼ੰਡ ਇਕੱਠਾ ਕਰੇ ਤਾਂ ਉਸ ਦੀ ਸਿੱਧੀ ਜਾਣਕਾਰੀ ਪਰਿਵਾਰ ਨੂੰ ਦਿੱਤੀ ਜਾਵੇ।’ ਪਰਿਵਾਰ ਦੇ ਮੁਤਾਬਿਕ ਉਨ੍ਹਾਂ ਦੇ ਨਾਮ ਦੀ ਦੁਰਵਰਤੋਂ ਨਹੀਂ ਹੋਣੀ ਚਾਹੀਦੀ। ਜ਼ਿਕਰਯੋਗ ਹੈ ਕਿ 2016 ਤੋਂ ਬਾਅਦ ਇਹ ਪਹਿਲੀ ਵਾਰ ਸੀ ਕਿ ਪਰਿਵਾਰ ਨੇ ਪ੍ਰੇਮੀਆਂ ਨੂੰ ਆਗਾਹ ਕਰਨ ਲਈ ਕੋਈ ਚਿੱਠੀ ਲਿਖੀ ਹੋਵੇ।

ਨੌਵੀਂ ਚਿੱਠੀ ਵਿੱਚ ਕਈ ਅਹਿਮ ਖ਼ੁਲਾਸੇ

ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਡੇਰਾ ਮੁਖੀ ਰਾਮ ਰਹੀਮ ਜੇਲ੍ਹ ਤੋਂ ਆਪਣੀ ਨੌਵੀਂ ਚਿੱਠੀ ਵਿੱਚ ਪਰਿਵਾਰ ਅਤੇ ਹਨੀਪ੍ਰੀਤ ਵਿਚਾਲੇ ਮਤਭੇਦਾਂ ਨੂੰ ਦੂਰ ਕਰਨ ਲਈ ਸਪਸ਼ਟੀਕਰਨ ਦੇ ਚੁੱਕੇ ਹਨ। ਚਿੱਠੀ ਵਿੱਚ ਕਿਹਾ ਜਾ ਰਿਹਾ ਸੀ ਕਿ ‘ਉਸ ਦਾ ਪਰਿਵਾਰ ਹੁਣ ਵਿਦੇਸ਼ ਵਿਚ ਸੈਟਲ ਹੋਣ ਜਾ ਰਿਹਾ ਹੈ। ਮਾਤਾ ਨਸੀਬ ਕੌਰ ਅਤੇ ਪਤਨੀ ਹਰਜੀਤ ਕੌਰ ਵੀ ਵਿਦੇਸ਼ ਜਾਣਗੇ। ਵਿਪਾਸਨਾ ਇੰਸਾ ਦੀ ਜਗਾ ਪੀਆਰ ਨੈਨ ਨੂੰ ਨਵਾਂ ਚੇਅਰਪਰਸਨ ਬਣਾਇਆ ਗਿਆ ਹੈ।’ ਪੱਤਰ ‘ਚ ਡੇਰਾ ਪ੍ਰਬੰਧਨ ‘ਚ ਕੁੱਝ ਬਦਲਾਅ ਦੀ ਗੱਲ ਵੀ ਕੀਤੀ ਗਈ ਸੀ। ਹਨੀਪ੍ਰੀਤ ਦੇ ਸਮਰਥਕਾਂ ਨੂੰ ਨਵੀਂ ਜ਼ਿੰਮੇਵਾਰੀ ਦਿੱਤੀ ਗਈ ਹੈ। ਪੱਤਰ ਰਾਹੀਂ ਡੇਰਾ ਪ੍ਰੇਮੀਆਂ ਨੂੰ ਸੰਦੇਸ਼ ਦਿੰਦਿਆਂ ਡੇਰਾ ਮੁਖੀ ਨੇ ਲਿਖਿਆ ਕਿ ‘ਸਾਡੇ ਸਾਰੇ ਸੇਵਾਦਾਰ, ਐਡਮਿਨ ਬਲਾਕ ਸੇਵਾਦਾਰ, ਜਸਮੀਤ, ਚਰਨਪ੍ਰੀਤ, ਹਨੀਪ੍ਰੀਤ, ਅਮਰਪ੍ਰੀਤ ਸਾਰੇ ਇੱਕ ਹਨ ਅਤੇ ਸਾਡੀ ਗੱਲ ‘ਤੇ ਅਮਲ ਕਰੋ। ਚਾਰੇ ਇਕੱਠੇ ਸਾਨੂੰ ਰੋਹਤਕ ਛੱਡਣ ਆਏ ਸਨ ਤੇ ਚਾਰੇ ਇਕੱਠੇ ਵਾਪਸ ਚਲੇ ਗਏ। ਜਸਮੀਤ, ਚਰਨਪ੍ਰੀਤ ਅਤੇ ਅਮਰਪ੍ਰੀਤ ਨੇ ਸਾਡੇ ਕੋਲੋਂ ਇਜਾਜ਼ਤ ਲੈ ਲਈ ਹੈ ਕਿ ਉਹ ਆਪਣੇ ਬੱਚਿਆਂ ਨੂੰ ‘ਉੱਚ ਸਿੱਖਿਆ’ ਹਾਸਲ ਕਰਨ ਲਈ ਪੜ੍ਹਾਉਣ ਲਈ ਵਿਦੇਸ਼ ਜਾਣਗੇ। ਇਸ ਲਈ ਪਿਆਰੀ ਸਾਧ-ਸੰਗਤ ਜੀ, ਤੁਸੀਂ ਕਿਸੇ ਦੇ ਭੁਲੇਖੇ ਵਿੱਚ ਨਾ ਆਓ।‘

ਅਰਬਾਂ ਦੀ ਜਾਇਦਾਦ ਦਾ ਕੌਣ ਵਾਰਸ

ਡੇਰਾ ਸੱਚਾ ਸੌਦਾ ਦੀ ਅਰਬਾਂ ਰੁਪਿਆਂ ਦੀ ਪ੍ਰੋਪਰਟੀ ਹੈ। ਇਕੱਲੇ ਸਿਰਸਾ ਵਿਖੇ ਹੀ ਡੇਰੇ ਕੋਲ 900 ਏਕੜ ਦੀ ਕਰੀਬ ਜ਼ਮੀਨ ਹੈ। ਇਸ ਤੋਂ ਇਲਾਵਾ ਪੂਰ ਦੇਸ਼ ਵਿੱਚ ਜਾਇਦਾਦ ਹੈ। ਇਸ ਪ੍ਰਾਪਰਟੀ ਨੂੰ ਸਾਂਭਣ ਲਈ ਡੇਰਾ ਪ੍ਰਮੁੱਖ ਦੇ ਬੇਟੇ, ਬੇਟੀਆਂ ਅਤੇ ਜਵਾਈ ਕੋਲ ਕੋਈ ਜ਼ਿੰਮੇਵਾਰੀ ਨਹੀਂ ਹੈ। ਰਾਮ ਰਹੀਮ ਦੀ ਵੱਡੀ ਧੀ ਅਮਰਪ੍ਰੀਤ ਅਤੇ ਜਵਾਈ 18 ਮਈ 2020 ਨੂੰ ਵਿਦੇਸ਼ ਗਏ ਸਨ। ਡੇਰਾ ਛੱਡ ਕੇ ਲੰਡਨ ਪਹੁੰਚੀ ਅਮਰਪ੍ਰੀਤ ਨੇ ਉੱਥੋਂ ਆਪਣੇ ਸੰਦੇਸ਼ ਵਿੱਚ ਘਰ ਛੱਡਣ ‘ਤੇ ਦੁੱਖ ਪ੍ਰਗਟ ਕੀਤਾ ਹੈ। ਅਮਰਪ੍ਰੀਤ ਨੇ ਟਵੀਟ ਕੀਤਾ ਕਿ ‘ਮੇਰੇ ਸਾਰੇ ਪਰਿਵਾਰਕ ਮੈਂਬਰਾਂ ਨੇ ਮੇਰਾ ਸਮਰਥਨ ਕੀਤਾ। ਸਾਡੇ ਲਈ ਘਰ ਅਤੇ ਪਰਿਵਾਰ ਛੱਡਣਾ ਬਹੁਤ ਮੁਸ਼ਕਲ ਸੀ। ਹਾਲਾਂਕਿ ਮੈਨੂੰ ਪਤਾ ਹੈ ਕਿ ਪਰਿਵਾਰ ਮੇਰੇ ਨਾਲ ਹੈ ਅਤੇ ਮੈਂ ਪਰਿਵਾਰ ਦੇ ਨਾਲ। ਵਾਹਿਗੁਰੂ ਸਭ ਦਾ ਭਲਾ ਕਰੇ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਉਹ ਸਮਰਥਕ ਹਨ ਜਾਂ ਨਫ਼ਰਤ ਕਰਨ ਵਾਲੇ। ਆਪਣੇ ਤਾਂ ਆਪਣੇ ਹੀ ਹੁੰਦੇ।’

ਦੋ ਵਾਰ ਪੈਰੋਲ ‘ਤੇ ਕਈ ਦਿਨਾਂ ਲਈ ਆਇਆ ਬਾਹਰ

ਇਸ ਸਾਲ ਪੰਜਾਬ ਚੋਣਾਂ ਤੋਂ ਠੀਕ ਪਹਿਲਾਂ 7 ਫਰਵਰੀ ਨੂੰ ਰਾਮ ਰਹੀਮ ਨੂੰ 21 ਦਿਨਾਂ ਦੀ ਫਰਲੋ ਮਿਲੀ ਸੀ। ਇਸ ਤੋਂ ਬਾਅਦ 27 ਜੂਨ ਨੂੰ ਰਾਮ ਰਹੀਮ ਨੂੰ 30 ਦਿਨਾਂ ਦੀ ਪੈਰੋਲ ਦਿੱਤੀ ਗਈ ਅਤੇ ਉਹ ਉੱਤਰ ਪ੍ਰਦੇਸ਼ ਦੇ ਬਾਗਪਤ ਆਸ਼ਰਮ ‘ਚ ਰਿਹਾ। ਇਸ ਦੌਰਾਨ ਹਨੀਪ੍ਰੀਤ ਵੀ ਉਸ ਦੇ ਨਾਲ ਸੀ। 2016 ਵਿੱਚ ਸਾਧਵੀ ਜਿਨਸੀ ਸ਼ੋਸ਼ਣ ਮਾਮਲੇ ਵਿੱਚ ਜਦੋਂ ਡੇਰਾ ਮੁਖੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ ਤਾਂ ਹਨੀਪ੍ਰੀਤ ਉਸ ਦੇ ਨਾਲ ਸੀ। ਪੰਚਕੂਲਾ ਹਿੰਸਾ ਮਾਮਲੇ ਵਿੱਚ ਹਨੀਪ੍ਰੀਤ ਵੀ ਜੇਲ੍ਹ ਗਈ ਸੀ। ਡੇਰਾ ਮੁਖੀ ਨੂੰ ਪੱਤਰਕਾਰ ਛਤਰਪਤੀ ਅਤੇ ਰਣਜੀਤ ਕਤਲ ਕੇਸਾਂ ਵਿੱਚ ਵੀ ਦੋਸ਼ੀ ਠਹਿਰਾਇਆ ਜਾ ਚੁੱਕਾ ਹੈ।