ਜਲਾਲਾਬਾਦ : ਆਪ ਵਿਧਾਇਕ ਗੋਲਡੀ ਕੰਬੋਜ ਦੇ ਪਿਤਾ ਸੁਰਿੰਦਰ ਕੰਬੋਜ ‘ਤੇ ਪੁਲਿਸ ਨੇ ਗੰਭੀਰ ਦੋਸ਼ਾਂ ਦੇ ਤਹਿਤ ਗ੍ਰਿਫ਼ਤਾਰ ਕਰ ਲਿਆ ਹੈ। ਇਸੇ ਦੌਰਾਨ ਆਪ ਵਿਧਾਇਕ ਗੋਲਡੀ ਕੰਬੋਜ ਦਾ ਬਿਆਨ ਸਾਹਮਣੇ ਆਇਆ ਹੈ।
ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਪਹਿਲਾਂ ਤੋਂ ਹੀ ਆਪਣੇ ਪਿਤਾ ਦੇ ਨਾਲੋਂ ਵੱਖ ਰਹਿ ਰਹੇ ਹਨ। ਵਿਧਾਇਕ ਨੇ ਕਿਹਾ ਕਿ ਜੋ ਵੀ ਕਿਸੇ ਨਾਲ ਠੱਗੀ ਮਾਰੇਗਾ, ਚਾਹੇ ਕੋਈ ਵੀ ਹੋਵੇ, ਉਸ ‘ਤੇ ਸੋ ਫ਼ੀਸਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ਬਾਰੇ ਉਨ੍ਹਾਂ ਨੂੰ ਪੁਲਿਸ ਕੋਲੋਂ ਹੀ ਜਾਣਕਾਰੀ ਮਿਲੀ ਸੀ।
ਇਸ ਮਾਮਲੇ ਨੂੰ ਲੈ ਕੇ ਵਿਰੋਧੀ ਧਿਰਾਂ ਨੇ ਵੀ ਮਾਨ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰ ਨੇ ਇਸ ਮਾਮਲੇ ਨੂੰ ਲੈ ਕੇ ਸੂਬੇ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਖਹਿਰਾ ਨੇ ਟਵੀਟ ਕਰਦਿਆਂ ਕਿਹਾ ਕਿ ਫਰਜੀ ਖ਼ਬਰਾਂ ਦੁਆਰਾ ਕੱਟਣ ਇਮਾਨਦਾਰ ਅਖਵਾਉਣ ਵਾਲਿਆਂ ਦਾ ਪਰਦਾਫਾਸ਼ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਜਲਾਲਾਬਾਦ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੋਲਡੀ ਕੰਬੋਜ ਦੇ ਪਿਤਾ ਨੂੰ 10 ਲੱਖ ਦੀ ਰਿਸ਼ਵਤ ਲੈਂਦੇ ਰੰਗੇ ਹੱਥੀ ਕਾਬੂ ਕੀਤਾ ਗਿਆ ਹੈ। ਖਹਿਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲ ਕਰਦਿਆਂ ਕਿਹਾ ਕਿ ਹੁਣ ਸੀਐੱਮ ਭਗਵੰਤ ਮਾਨ ਉਸਨੂੰ ਬਾਹਰ ਕੱਢ ਦੇਣਗੇ ਜਾਂ ਫਰਾਰੀ, ਸਿੰਗਲਾ ਅਤੇ ਭੁੱਚਰ ਵਾਂਗ ਲੋਕਾਂ ਨੂੰ ਲੁੱਟਣ ਦੇਣਗੇ ?
Breaking news bogus Kattar Imandaar’s exposed! Surinder Kamboj father of @AamAadmiParty Jalalabad Mla Goldy Kamboj caught red handed by VB taking 10 Lacs bribe! Will @BhagwantMann throw him out or will allow him Loot like Farari,Singla & Bhuchhar? @INCIndia pic.twitter.com/8XdhQ179eY
— Sukhpal Singh Khaira (@SukhpalKhaira) April 21, 2023
ਵਿਧਾਇਕ ਗੋਲਡੀ ਕੰਬੋਜ ਦੇ ਪਿਤਾ ਤੇ ਹੋਈ ਕਾਰਵਾਈ ਦੇ ਸੰਬੰਧ ਵਿੱਚ ਵੀ ਮਾਨ ਨੇ ਸਪਸ਼ਟ ਕੀਤਾ ਹੈ ਕਿ ਜੋ ਵੀ ਵਿਅਕਤੀ ਗਲਤ ਕੰਮਾਂ ਵਿੱਚ ਸ਼ਾਮਲ ਹੋਵੇਗਾ, ਉਸ ‘ਤੇ ਕਾਰਵਾਈ ਹੋਵੇਗੀ, ਭਾਵੇਂ ਉਹ ਕਿਸੇ ਦਾ ਬਾਪੂ ਕਿਉਂ ਨਾ ਹੋਵੇ। ਆਪਣੇ ਵਿਧਾਇਕ ਅਮਿਤ ਰਤਨ ਦਾ ਉਦਾਹਰਣ ਮਾਨ ਨੇ ਦਿੰਦਿਆਂ ਕਿਹਾ ਕਿ ਬਿਨਾਂ ਕਿਸੇ ਪੱਖਪਾਤ ਤੋਂ 120ਬੀ ਵਰਗੀ ਸਖ਼ਤ ਧਾਰਾ ਲਾ ਕੇ ਚਾਰਜਸ਼ੀਟ ਦਾਖਲ ਕੀਤੀ ਹੈ ਤਾਂ ਜੋ ਸਾਰਿਆਂ ਨੂੰ ਇੱਕ ਵਧੀਆ ਸੰਦੇਸ਼ ਜਾਵੇ। ਮਾਨ ਨੇ ਦਿੱਲੀ ਸਰਕਾਰ ਵੱਲੋਂ ਆਪਣੇ ਵਿਧਾਇਕ ਤੇ ਕੀਤੀ ਕਾਰਵਾਈ ਦਾ ਵੀ ਜ਼ਿਕਰ ਕੀਤਾ।
ਦੱਸ ਦਈਏ ਕਿ ਆਪ ਵਿਧਾਇਕ ਗੋਲਡੀ ਕੰਬੋਜ ਦੇ ਪਿਤਾ ਸੁਰਿੰਦਰ ਕੰਬੋਜ ਨੂੰ ਪੁਲਿਸ ਨੇ ਗੰਭੀਰ ਦੋਸ਼ਾਂ ਦੇ ਤਹਿਤ ਗ੍ਰਿਫ਼ਤਾਰ ਕਰ ਲਿਆ ਹੈ। ਉਹਨਾਂ ਸਣੇ 4 ਹੋਰ ਵਿਅਕਤੀਆਂ ‘ਤੇ ਆਈਪੀਸੀ ਦੀ ਧਾਰਾ 384, 389 ਅਤੇ 34 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਜਲਾਲਾਬਾਦ ਦੇ ਇੱਕ ਪ੍ਰਾਪਰਟੀ ਡੀਲਰ ਸੁਨੀਲ ਕੁਮਾਰ ਵੱਲੋਂ ਪੁਲਿਸ ਨੂੰ ਦਿੱਤੀ ਸ਼ਿਕਾਇਤ ਦੇ ਆਧਾਰ ‘ਤੇ ਇਹ ਕਾਰਵਾਈ ਹੋਈ ਹੈ । ਸ਼ਿਕਾਇਤ ਵਿੱਚ ਉਸ ਨੇ ਦਾਅਵਾ ਕਰਦਿਆਂ ਵਿਧਾਇਕ ਗੋਲਡੀ ਕੰਬੋਜ ਦੇ ਪਿਤਾ ਸੁਰਿੰਦਰ ਸਿੰਘ ‘ਤੇ ਰਿਸ਼ਵਤ ਮੰਗਣ ਦੇ ਇਲਜ਼ਾਮ ਲਾਏ ਗਏ ਹਨ ਤੇ ਕਿਹਾ ਹੈ ਕਿ ਮਕਾਨ ਦਿਖਾਉਣ ਦੇ ਬਹਾਨੇ ਮੁਲਜ਼ਮਾਂ ਵੱਲੋਂ ਉਸ ਨੂੰ ਝੂਠੇ ਕੇਸ ਵਿੱਚ ਫਸਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਉਸ ਮਗਰੋਂ 10 ਲੱਖ ਦੀ ਰਕਮ ਵੀ ਮੰਗੀ ਗਈ। ਸੁਨੀਲ ਦੇ ਬਿਆਨਾਂ ਦੇ ਆਧਾਰ ‘ਤੇ ਸੁਰਿੰਦਰ ਸਿੰਘ ਕੰਬੋਜ, ਰਾਣੋ ਬਾਈ, ਸੁਨੀਲ ਰਾਏ ਅਤੇ ਸੁਨੀਲ ਰਾਏ ਦੀ ਪਤਨੀ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।