ਸੋਨੇ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ। ਅੱਜ ਸੋਨੇ ਦਾ ਭਾਅ ਇੱਕ ਵਾਰ ਫਿਰ ਉੱਚ ਪੱਧਰ ‘ਤੇ ਪਹੁੰਚ ਗਿਆ। ਇੰਡੀਆ ਬੁਲਿਅਨ ਐਂਡ ਜਵੈਲਰਜ਼ ਐਸੋਸੀਏਸ਼ਨ (IBJA) ਦੀ ਵੈੱਬਸਾਈਟ ਮੁਤਾਬਕ ਅੱਜ ਕਾਰੋਬਾਰ ਦੌਰਾਨ 10 ਗ੍ਰਾਮ ਸੋਨੇ ਦਾ ਭਾਅ 1,182 ਰੁਪਏ ਮਹਿੰਗਾ ਹੋ ਕੇ 71,064 ਰੁਪਏ ਤਕ ਪਹੁੰਚ ਗਿਆ ਹੈ।
ਚਾਂਦੀ ਵੀ ਅੱਜ ਆਪਣੇ ਨਵੇਂ ਉੱਚ ਪੱਧਰ ‘ਤੇ ਪਹੁੰਚ ਗਈ ਹੈ। ਇੱਕ ਕਿੱਲੋ ਚਾਂਦੀ ਦੀ ਕੀਮਤ 2,287 ਰੁਪਏ ਵਧ ਕੇ 81,383 ਰੁਪਏ ਹੋ ਗਈ ਹੈ। ਇੱਕ ਦਿਨ ਪਹਿਲਾਂ ਇਹ 79,096 ਰੁਪਏ ਸੀ। ਇਸ ਤੋਂ ਪਹਿਲਾਂ 4 ਅਪ੍ਰੈਲ ਨੂੰ ਚਾਂਦੀ 79,337 ਰੁਪਏ ਦਾ ਸਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਈ ਸੀ।
ਮਾਹਰਾਂ ਮੁਤਾਬਕ ਆਉਣ ਵਾਲੇ ਦਿਨਾਂ ‘ਚ ਸੋਨੇ ਦੀਆਂ ਕੀਮਤਾਂ ‘ਚ ਹੋਰ ਵਾਧਾ ਹੋ ਸਕਦਾ ਹੈ। ਇਸ ਸਾਲ ਦੇ ਅਖ਼ੀਰ ਤੱਕ ਸੋਨੇ ਦਾ ਭਾਅ 75 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ ਤੱਕ ਪਹੁੰਚ ਸਕਦਾ ਹੈ। ਇਸ ਦੇ ਨਾਲ ਹੀ ਚਾਂਦੀ ਦੀ ਕੀਮਤ ਵੀ 85 ਹਜ਼ਾਰ ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਸਕਦੀ ਹੈ।
ਇਸ ਸਾਲ ਹੁਣ ਤੱਕ ਸਿਰਫ ਪਿਛਲੇ ਤਿੰਨ ਮਹੀਨਿਆਂ ਵਿੱਚ ਸੋਨੇ ਦੀਆਂ ਕੀਮਤਾਂ ‘ਚ 7,762 ਰੁਪਏ ਦਾ ਵਾਧਾ ਹੋਇਆ ਹੈ। ਪਹਿਲੀ ਜਨਵਰੀ ਨੂੰ ਸੋਨੇ ਦਾ ਭਾਅ 63,302 ਰੁਪਏ ਸੀ। ਇਕੱਲੇ ਮਾਰਚ ਮਹੀਨੇ ਵਿੱਚ ਹੀ ਸੋਨਾ 4 ਹਜ਼ਾਰ ਰੁਪਏ ਤੋਂ ਜ਼ਿਆਦਾ ਮਹਿੰਗਾ ਹੋ ਗਿਆ ਹੈ।
ਸਾਲ 2023 ਦੀ ਸ਼ੁਰੂਆਤ ਵਿੱਚ ਸੋਨੇ ਦਾ ਭਾਅ 54,867 ਰੁਪਏ ਪ੍ਰਤੀ ਗ੍ਰਾਮ ਸੀ, ਜੋ 31 ਦਸੰਬਰ ਨੂੰ 63,246 ਰੁਪਏ ਪ੍ਰਤੀ ਗ੍ਰਾਮ ‘ਤੇ ਪਹੁੰਚ ਗਿਆ ਸੀ। ਸਾਲ 2023 ਵਿੱਚ ਇਸਦੀ ਕੀਮਤ 8,379 ਰੁਪਏ 16 ਫ਼ੀਸਦੀ ਵਧੀ। ਇਸ ਦੇ ਨਾਲ ਹੀ ਚਾਂਦੀ ਵੀ 68,092 ਰੁਪਏ ਤੋਂ ਵਧ ਕੇ 73,395 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ।