‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵੱਲੋਂ ਅਦਾਕਾਰ ਅਮਿਤਾਭ ਬੱਚਨ ਵੱਲੋਂ ਲਏ ਗਏ 2 ਕਰੋੜ ਰੁਪਏ ਨੂੰ ਲੈ ਕੇ ਕਾਫੀ ਵਿਵਾਦ ਛਿੜਿਆ ਹੋਇਆ ਹੈ ਅਤੇ ਵੱਖ-ਵੱਖ ਪੰਥਕ ਧਿਰਾਂ, ਸਿਆਸੀ ਧਿਰਾਂ ਵੱਲੋਂ ਸਿਰਸਾ ਦਾ ਵਿਰੋਧ ਕੀਤਾ ਜਾ ਰਿਹਾ ਹੈ। ਜਾਗੋ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ ਕੇ ਸਿਰਸਾ ਦੇ ਖਿਲਾਫ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਇੱਕ ਚਿੱਠੀ ਲਿਖੀ ਗਈ ਹੈ, ਜਿਸ ਵਿੱਚ ਜੀ ਕੇ ਸਿਰਸਾ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਤਲਬ ਕਰਨ ਦੀ ਮੰਗ ਕੀਤੀ ਹੈ।

ਮਨਜੀਤ ਸਿੰਘ ਜੀ ਕੇ ਨੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚ ਕੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਿਰਸਾ ਵੱਲੋਂ ਅਮਿਤਾਭ ਬੱਚਨ ਵੱਲੋਂ ਲਏ ਗਏ ਪੈਸੇ ਵਾਪਸ ਕਰਵਾਉਣ ਦੀ ਅਪੀਲ ਵੀ ਕੀਤੀ ਹੈ। ਜੀ ਕੇ ਨੇ ਕਿਹਾ ਕਿ ‘ਹਰੇਕ ਸਿੱਖ ਦਾ ਮੰਨਣਾ ਹੈ ਕਿ ਕਾਤਲ ਦੀ ਮਾਇਆ ਗੁਰੂ ਘਰ ਵਿੱਚ ਨਾ ਵਰਤੀ ਜਾਵੇ ਅਤੇ ਅਮਿਤਾਭ ਬੱਚਨ ਵੱਲੋਂ ਲਈ ਗਈ ਰਕਮ ਨੂੰ ਵਾਪਸ ਮੋੜਨ ਲਈ ਹਰ ਸਿੱਖ ਆਪਣਾ ਹਿੱਸਾ ਪਾਉਣ ਲਈ ਤਿਆਰ ਹੈ। ਮਨਜੀਤ ਜੀ ਕੇ ਨੇ ਐਲਾਨ ਕੀਤਾ ਹੈ ਕਿ ਇਸ ਯੋਗਦਾਨ ਵਿੱਚ ਸਭ ਤੋਂ ਪਹਿਲਾਂ ਜਾਗੋ ਪਾਰਟੀ ਪੰਜ ਲੱਖ ਰੁਪਏ ਦਾ ਚੈੱਕ ਦੇਵੇਗੀ’।

ਜੀ ਕੇ ਨੇ ਕਿਹਾ ਕਿ ਅਮਿਤਾਭ ਬੱਚਨ ਨੇ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ 31 ਅਕਤੂਬਰ, 1984 ਨੂੰ ਦਿੱਲੀ ਦੇ ਤੀਨ ਮੂਰਤੀ ਭਵਨ ਵਿਖੇ “ਖੂਨ ਕਾ ਬਦਲਾ ਖ਼ੂਨ” ਦੇ ਨਾਅਰੇ ਲਾਏ ਸਨ, ਜਿਸ ਨੂੰ ਸਾਰੇ ਦੇਸ਼ ਨੇ ਦੂਰਦਰਸ਼ਨ ਉੱਤੇ ਦੇਖਿਆ ਸੀ। ਸਾਰੀ ਸਿੱਖ ਕੌਮ ਅਮਿਤਾਭ ਬੱਚਨ ਨੂੰ ਸਿੱਖਾਂ ਦਾ ਕਾਤਲ ਮੰਨਦੀ ਹੈ। ਪਰ ਮਨਜਿੰਦਰ ਸਿੰਘ ਸਿਰਸਾ ਨੇ ਅਮਿਤਾਭ ਬੱਚਨ ਦੀ ਸ਼ਾਨ ‘ਚ ਕਸੀਦੇ ਪੜ ਕੇ ਸਾਬਿਤ ਕਰ ਦਿੱਤਾ ਹੈ ਕਿ 1984 ਦੀ ਲੜਾਈ ਨਾਲ ਇਹਨਾਂ ਦਾ ਕੋਈ ਸਰੋਕਾਰ ਨਹੀਂ ਹੈ। ਸਿਰਸਾ ਨੇ ਕੌਮੀ ਭਾਵਨਾਵਾਂ ਉੱਤੇ ਸੱਟ ਮਾਰਦੇ ਹੋਏ ਅਮਿਤਾਭ ਬੱਚਨ ਨੂੰ ਆਪਣੇ ਟਵਿੱਟਰ ਉੱਤੇ ‘ਰੀਅਲ ਹੀਰੋ’ ਦੱਸਿਆ ਹੈ। ਇਸ ਤਰ੍ਹਾਂ ਲੱਗਦਾ ਹੈ ਕਿ ਸਿਰਸਾ ਨੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਨੀਵਾਂ ਕਰਕੇ ਅਮਿਤਾਭ ਬੱਚਨ ਤੋਂ ਮਾਇਆ ਲੈ ਕੇ ਉਸਨੂੰ ਕਲੀਨ ਚਿੱਟ ਦੇ ਦਿੱਤੀ ਹੈ।

ਜੀ ਕੇ ਨੇ ਕਿਹਾ ਕਿ 11 ਮਾਰਚ 2021 ਨੂੰ ਗੁਰਦੁਆਰਾ ਬੰਗਲਾ ਸਾਹਿਬ ਦੇ ਡਾਇਗਨੋਸਟਿਕ ਸੈਂਟਰ ਦੇ ਉਦਘਾਟਨ ਮੌਕੇ ਕਮੇਟੀ ਪ੍ਰਬੰਧਕਾਂ ਨੇ ਅਮਿਤਾਭ ਬੱਚਨ ਵੱਲੋਂ ਕੋਈ ਮਾਇਆ ਦੇਣ ਦੀ ਜਾਣਕਾਰੀ ਜਨਤਕ ਨਹੀਂ ਕੀਤੀ ਸੀ। ਪਰ 10 ਮਈ ਨੂੰ ਅਮਿਤਾਭ ਬੱਚਨ ਵੱਲੋਂ ਆਪਣੇ ਬਲੌਗ ਵਿੱਚ ਇਸ ਬਾਬਤ ਖੁਲਾਸਾ ਕਰਨ ਤੋਂ ਬਾਅਦ ਸਿਰਸਾ ਨੇ 13 ਮਈ ਦੀ ਰਾਤ ਨੂੰ ਆਪਣੇ ਵੀਡੀਓ ਸੁਨੇਹੇ ‘ਚ ਮੰਨਿਆ ਕਿ ਡਾਇਗਨੋਸਟਿਕ ਸੈਂਟਰ ਦਾ ਖਰਚਾ ਅਮਿਤਾਭ ਬੱਚਨ ਦੇ ਪਿਤਾ ਹਰਿਵੰਸ਼ ਰਾਏ ਬੱਚਨ ਦੇ ਨਾਂ ਉੱਤੇ ਬਣੇ ਟਰੱਸਟ ਵੱਲੋਂ ਦਿੱਤਾ ਗਿਆ ਹੈ, ਜਦਕਿ ਉਦਘਾਟਨ ਵਾਲੇ ਦਿਨ ਕਮੇਟੀ ਵੱਲੋਂ ਚਾਵਲਾ ਅਤੇ ਜੁਨੇਜਾ ਪਰਿਵਾਰ ਦਾ ਸਤਿਕਾਰ ਕਰਦੇ ਹੋਏ ਦਾਅਵਾ ਕੀਤਾ ਗਿਆ ਸੀ ਕੀ ਡਾਇਗਨੋਸਟਿਕ ਸੈਂਟਰ ਦੀ ਮਸ਼ੀਨਾਂ ਦੀ ਸੇਵਾ ਇਹਨਾਂ ਪਰਿਵਾਰਾਂ ਵੱਲੋਂ ਕੀਤੀ ਗਈ ਹੈਂ। ਇਸ ਲਈ ਕਈ ਮਹੀਨੇ ਤੱਕ ਅਮਿਤਾਭ ਬੱਚਨ ਤੋਂ ਆਈ 10 ਕਰੋੜ ਰੁਪਏ ਦੀ ਸੇਵਾ ਨੂੰ ਕਮੇਟੀ ਪ੍ਰਬੰਧਕਾਂ ਵੱਲੋਂ ਲੁਕਾਇਆ ਜਾਣਾ ਸ਼ੰਕੇ ਪ੍ਰਗਟ ਕਰਦਾ ਹੈ।

Leave a Reply

Your email address will not be published. Required fields are marked *