Punjab

ਸਿੱਧੂ ਤੋਂ ਬਾਅਦ ਖਹਿਰਾ ਨੇ ਕੀਤੇ ਬੇਅਦਬੀ ਮਾਮਲੇ ‘ਚ ਸਨਸਨੀਖੇਜ ਖੁਲਾਸੇ, ਸੁਖਬੀਰ ਬਾਦਲ ਦੇ ਉਘੇੜੇ ਪਾਜ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਬੇਅਦਬੀ ਦੇ ਮਾਮਲੇ ‘ਤੇ ਜਵਾਬ ਦਿੰਦਿਆਂ ਕਿਹਾ ਕਿ ‘ਸੁਖਬੀਰ ਬਾਦਲ ਨੇ ਕਿਹਾ ਹੈ ਕਿ ਜੇ ਉਨ੍ਹਾਂ ਦੇ ਖਿਲਾਫ ਕਿਸੇ ਕੋਲ ਕੋਈ ਸਬੂਤ ਹੈ ਤਾਂ ਉਹ ਜਨਤਾ ਦੀ ਅਦਾਲਤ ਦੇ ਸਾਹਮਣੇ ਪੇਸ਼ ਕਰਨ। ਖਹਿਰਾ ਨੇ ਕਿਹਾ ਕਿ ਸੁਖਬੀਰ ਬਾਦਲ ‘ਤੇ “ਇੱਕ ਚੋਰ ਨਾਲੇ ਚਤੁਰ” ਵਾਲੀ ਕਹਾਵਤ ਪੂਰੀ ਢੁੱਕਦੀ ਹੈ। ਸੁਖਪਾਲ ਖਹਿਰਾ ਨੇ ਅੱਜ ਸੁਖਬੀਰ ਬਾਦਲ ਖਿਲਾਫ ਕਈ ਸਬੂਤ ਪੇਸ਼ ਕੀਤੇ।

ਸੁਖਪਾਲ ਖਹਿਰਾ ਨੇ ਕੀਤੇ ਕਈ ਅਹਿਮ ਖੁਲਾਸੇ

  • 11 ਮਈ 2007 ਨੂੰ ਡੇਰਾ ਸਿਰਸਾ ਦੇ ਬਲਾਤਕਾਰੀ ਅਤੇ ਕਾਤਲ ਸਾਧ ਰਾਮ ਰਹੀਮ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਆਪਣੀ ਤੁਲਨਾ ਕਰਕੇ ਉਨ੍ਹਾਂ ਦੀ ਪੁਸ਼ਾਕ ਪਾ ਕੇ ਇੱਕ ਇਕੱਠ ਨੂੰ ਸੰਬੋਧਨ ਕੀਤਾ। ਇਸ ਘਟਨਾ ਨੇ ਸਿੱਖਾਂ ਦੀ ਭਾਵਨਾਵਾਂ ਨੂੰ ਠੇਸ ਪਹੁੰਚਾਈ।
  • 2007 ਵਿੱਚ ਹੀ ਸਿੱਖਾਂ ਨੇ ਇਸਦਾ ਵਿਰੋਧ ਕੀਤਾ ਅਤੇ ਇਸ ਦੌਰਾਨ ਡੇਰਾ ਪ੍ਰੇਮੀਆਂ ਅਤੇ ਸਿੱਖਾਂ ਵਿਚਾਲੇ ਝੜਪ ਹੋਈ, ਜਿਸ ਵਿੱਚ ਇੱਕ ਆਦਮੀ ਮਾਰਿਆ ਗਿਆ ਅਤੇ 50 ਦੇ ਕਰੀਬ ਲੋਕ ਜ਼ਖਮੀ ਹੋਏ।
  • ਇਹ ਸ਼ੁਰੂਆਤ ਸੀ ਜਦੋਂ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਕੇ ਪੰਜਾਬ ਦੇ ਹਾਲਾਤ ਬਦਲਣੇ ਸ਼ੁਰੂ ਹੋਏ। ਉਸ ਸਮੇਂ ਬਾਦਲ ਦੀ ਸਰਕਾਰ ਸੀ ਅਤੇ ਇਨ੍ਹਾਂ ਨੇ ਡੇਰਾ ਮੁਖੀ ਦੇ ਖਿਲਾਫ ਕੋਈ ਵੀ ਕਾਰਵਾਈ ਕਰਨ ਤੋਂ ਗੁਰੇਜ਼ ਕੀਤਾ।
  • ਜੂਨ 2007 ਵਿੱਚ ਜਦੋਂ ਲੋਕਾਂ ਦਾ ਦਬਾਅ ਸਰਕਾਰ ‘ਤੇ ਜ਼ਿਆਦਾ ਵੱਧ ਗਿਆ ਤਾਂ ਡੇਰਾ ਮੁਖੀ ਰਾਮ ਰਹੀਮ ਖਿਲਾਫ ਧਾਰਾ 295A ਤਹਿਤ ਇੱਕ ਐੱਫਆਈਆਰ ਦਰਜ ਕੀਤੀ ਗਈ।
  • ਜਨਵਰੀ, 2012 ਵਿੱਚ ਪੁਲਿਸ ਨੇ ਇੱਕ ਬਠਿੰਡਾ ਦੀ ਸੈਸ਼ਨ ਕੋਰਟ ਵਿੱਚ ਇੱਕ Cancellation report ਦਾਇਰ ਕੀਤੀ। ਇਨ੍ਹਾਂ ਨੇ ਡੇਰਾ ਮੁਖੀ ਨੂੰ Cancellation report ਦਰਜ ਕਰਵਾ ਕੇ ਬਾ-ਇੱਜ਼ਤ ਬਰੀ ਕਰਵਾਇਆ।
  • ਰਾਮ ਰਹੀਮ ਦੀ MSG ਫਿਲਮ ਨੂੰ ਪੰਜਾਬ ਵਿੱਚ ਰਿਲੀਜ਼ ਕਰਨ ਤੋਂ ਬੈਨ ਕੀਤਾ ਗਿਆ ਸੀ। ਉਸ ਫਿਲਮ ਨੂੰ ਰਿਲੀਜ਼ ਕਰਵਾਉਣ ਦੇ ਮਕਸਦ ਨਾਲ ਪੰਜਾਬ ਸਰਕਾਰ ‘ਤੇ ਦਬਾਅ ਬਣਾਉਣ ਲਈ ਇੱਕ ਸਾਜਿਜ਼ ਘੜੀ ਗਈ।
  • ਉਸ ਸਾਜਿਜ਼ ਦੇ ਤਹਿਤ ਡੇਰਾ ਪ੍ਰੇਮੀਆਂ ਨੇ 1 ਜੂਨ 2015 ਨੂੰ ਕੋਟਕਪੂਰਾ ਦੇ ਬੁਰਜ ਜਵਾਹਰ ਸਿੰਘ ਵਾਲੇ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਚੋਰੀ ਕੀਤਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦਾ ਮੁੱਢ ਇੱਥੋਂ ਸ਼ੁਰੂ ਹੋਇਆ ਸੀ।
  • 24 ਅਤੇ 25 ਸਤੰਬਰ, 2015 ਨੂੰ ਬਰਗਾੜੀ ਵਿਖੇ ਅਤੇ ਬੁਰਜ ਜਵਾਹਰ ਸਿੰਘ ਵਾਲੇ ਵਿਖੇ ਡੇਰਾ ਪ੍ਰੇਮੀਆਂ ਨੇ ਬਾਕਾਇਦਾ ਤੌਰ ‘ਤੇ ਪੋਸਟਰ ਲਾਏ, ਜਿਸ ਵਿੱਚ ਗੰਦੀ ਭਾਸ਼ਾ ਵਰਤੀ ਗਈ ਕਿ ਤੁਹਾਡੇ ਗੁਰੂ ਨੂੰ ਚੁੱਕ ਲਿਆਂਗੇ, ਧੀਆਂ-ਭੈਣਾਂ ਦੀਆਂ ਗਾਲ੍ਹਾਂ ਕੱਢੀਆਂ ਗਈਆਂ ਸਨ। ਪਹਿਲਾਂ ਉਨ੍ਹਾਂ ਨੇ ਬਰਗਾੜੀ ਦੇ ਵਿੱਚ ਪੋਸਟਰ ਲਾਇਆ।
  • ਬਰਗਾੜੀ ਦੇ ਇੱਕ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨੇ ਉਸ ਪਿੰਡ ਦੇ ਅਕਾਲੀ ਲੀਡਰ ਗੁਰਚੇਤ ਸਿੰਘ ਢਿੱਲੋਂ ਨੂੰ ਫੋਨ ਕੀਤਾ ਪਰ ਪੁਲਿਸ ਨੇ ਇਸ ਮਾਮਲੇ ਵਿੱਚ ਕੋਈ ਪੁਖਤਾ ਕਾਰਵਾਈ ਨਹੀਂ ਕੀਤੀ।
  • 25 ਸਤੰਬਰ ਨੂੰ ਬੁਰਜ ਜਵਾਹਰ ਸਿੰਘ ਵਾਲੇ ਵੀ ਇਸੇ ਤਰ੍ਹਾਂ ਦਾ ਪੋਸਟਰ ਲਗਾਇਆ ਗਿਆ ਕਿ ਜੇ ਤੁਸੀਂ ਸਾਡੇ ਬਾਬੇ ਦੀ ਫਿਲਮ ਰਿਲੀਜ਼ ਨਾ ਹੋਣ ਦਿੱਤੀ ਤਾਂ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਗਲੀਆਂ ਵਿੱਚ ਖਿਲਾਰ ਦਿਆਂਗੇ।
  • ਉਸ ਸਮੇਂ ਪੰਜਾਬ ਦਾ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਸੀ ਪਰ ਉਸਨੇ ਇਨ੍ਹਾਂ ਪੋਸਟਰਾਂ ‘ਤੇ ਕੋਈ ਕਾਰਵਾਈ ਨਹੀਂ ਕੀਤੀ।
  • ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੇ ਸਫਾ ਨੰਬਰ 105 ‘ਤੇ ਲਿਖਿਆ ਗਿਆ ਹੈ ਕਿ ਪੁਲਿਸ ਨੇ ਦੋਸ਼ੀਆਂ ਨੂੰ ਫੜ੍ਹਨ ਲਈ, ਜਿਨ੍ਹਾਂ ਨੇ ਪੋਸਟਰ ਲਾਏ ਸਨ, ਉਨ੍ਹਾਂ ਨੂੰ ਫੜ੍ਹਨ ਲਈ ਕੋਈ ਵਿਸ਼ੇਸ਼ ਉਪਰਾਲਾ ਨਹੀਂ ਕੀਤਾ।
  • ਜਦੋਂ ਪੁਲਿਸ ਜਾਂ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ ਤਾਂ 12 ਅਕਤੂਬਰ, 2015 ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਗਲੀਆਂ ਵਿੱਚ ਖਿਲਾਰੇ ਪਏ ਸਨ, ਪਾੜੇ ਗਏ ਸਨ, ਜਿਸ ਨਾਲ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ।
  • ਪਰ ਬਾਦਲ ਸਰਕਾਰ ਨੇ ਡੇਰਾ ਪ੍ਰੇਮੀਆਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ। ਇਨ੍ਹਾਂ ਨੇ ਬਰਗਾੜੀ ਦੇ ਦੋ ਸਿੱਖ ਨੌਜਵਾਨਾਂ ਰੁਪਿੰਦਰ ਸਿੰਘ ਅਤੇ ਜਸਵਿੰਦਰ ਸਿੰਘ, ਜੋ ਸਕੇ ਗਰੀਬ ਭਰਾ ਸਨ, ਉਨ੍ਹਾਂ ਨੂੰ ਥਰਡ ਡਿਗਰੀ ਟਾਰਚਰ ਕੀਤਾ।
  • ਪੁਲਿਸ ਨੇ ਉਨ੍ਹਾਂ ਤੋਂ ਬੇਅਦਬੀਆਂ ਦਾ ਸਾਰਾ ਇਲਜ਼ਾਮ ਆਪਣੇ ਸਿਰ ਲੈਣ ਦਾ ਬੜਾ ਦਬਾਅ ਬਣਾਇਆ।
  • ਚੰਡੀਗੜ੍ਹ ਦੇ ਪੰਜਾਬ ਪੁਲਿਸ ਹੈੱਡਕੁਆਰਟਰ ਵਿੱਚ ਬਾਕਾਇਦਾ ਇੱਕ ਪ੍ਰੈੱਸ ਕਾਨਫਰੰਸ ਕਰਕੇ ਸੁਖਬੀਰ ਬਾਦਲ ਨੇ ਦੱਸਿਆ ਕਿ ਬੇਅਦਬੀ ਮਾਮਲਿਆਂ ਦਾ ਸਾਰਾ ਮਸਲਾ ਹੱਲ ਕਰ ਲਿਆ ਗਿਆ ਹੈ ਅਤੇ ਇਹ ਦੋ ਭਰਾ ਇਸ ਮਾਮਲੇ ਦੇ ਜ਼ਿੰਮੇਵਾਰ ਹਨ।
  • ਬਾਦਲ ਪਰਿਵਾਰ ਨੇ ਡੇਰਾ ਮੁਖੀ ਰਾਮ ਰਹੀਮ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਮੁਆਫੀ ਦਿਵਾਉਣ ਲਈ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਤਤਕਾਲੀ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਅਤੇ ਤਖਤ ਸ਼੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਦੇ ਜਥੇਦਾਰ ਗੁਰਮੁੱਖ ਸਿੰਘ ਅਤੇ ਜਥੇਦਾਰ ਮੱਲ ਸਿੰਘ ਨੂੰ 16 ਸਤੰਬਰ, 2015 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੰਡੀਗੜ੍ਹ ਦੇ ਸੈਕਟਰ 5 ਵਿੱਚ ਇਕੱਠਾ ਕੀਤਾ ਗਿਆ।
  • ਫਿਰ ਉਨ੍ਹਾਂ ਨੂੰ ਇੱਕ ਇਨੋਵਾ ਗੱਡੀ, ਜਿਸਦਾ ਨੰਬਰ PB 02 CB 9513 ਵਿੱਚ ਬਿਠਾ ਕੇ ਮੁੱਖ ਮੰਤਰੀ ਦੀ ਸਰਕਾਰੀ ਕੋਠੀ ਵਿੱਚ ਲਿਜਾਇਆ ਗਿਆ। ਇਹ ਸਭ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿੱਚ ਲਿਖਿਆ ਗਿਆ ਹੈ।
  • ਬਾਦਲ ਪਰਿਵਾਰ ਨੇ ਜਥੇਦਾਰ ਗੁਰਮੁੱਖ ਸਿੰਘ ਨੂੰ ਮਨਾ ਕੇ, ਡਰਾ ਕੇ, ਲਾਲਚ ਦੇ ਕੇ ਸ਼੍ਰੀ ਦਰਬਾਰ ਸਾਹਿਬ ਦਾ ਹੈੱਡ ਗ੍ਰੰਥੀ ਲਾ ਦਿੱਤਾ।
  • ਰਾਮ ਰਹੀਮ ਨੇ ਹਿੰਦੀ ਵਿੱਚ ਇੱਕ ਨਰਮ ਜਿਹੀ ਚਿੱਠੀ ਲਿਖ ਕੇ, ਜਿਸ ਵਿੱਚ ਉਸਨੇ ਸਿੱਧੇ ਤੌਰ ‘ਤੇ ਆਪਣੇ ਦੋਸ਼ ਵੀ ਨਹੀਂ ਕਬੂਲੇ ਸਨ, ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਭੇਜੀ।
  • 24 ਸਤੰਬਰ 2015 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਤਤਕਾਲੀ ਜਥੇਦਾਰ ਨੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਜਥੇਦਾਰਾਂ ਦੀ ਐਮਰਜੈਂਜੀ ਮੀਟਿੰਗ ਸੱਦੀ।
  • ਸ਼੍ਰੀ ਅਕਾਲ ਤਖਤ ਸਾਹਿਬ ਨੇ ਰਾਮ ਰਹੀਮ ਨੂੰ ਮੁਆਫ ਕਰ ਦਿੱਤਾ। ਇਸ ਤੋਂ ਬਾਅਦ ਬਹੁਤ ਸ਼ੋਰ ਮਚਿਆ।
  • 25 ਸਤੰਬਰ 2015 ਨੂੰ ਰਾਮ ਰਹੀਮ ਦੀ MSG ਫਿਲਮ ਪੰਜਾਬ ਵਿੱਚ ਰਿਲੀਜ਼ ਕਰ ਦਿੱਤੀ ਗਈ।
  • ਆਪਣੀ ਮੁਆਫੀ ਨੂੰ ਜਾਇਜ਼ ਠਹਿਰਾਉਣ ਲਈ SGPC ਦਾ ਦੁਰਪ੍ਰਯੋਗ ਕੀਤਾ ਗਿਆ। ਸੰਗਤ ਦੇ 90 ਲੱਖ ਰੁਪਏ ਨਾਲ ਅਖਬਾਰਾਂ ਵਿੱਚ ਵੱਡੇ-ਵੱਡੇ ਇਸ਼ਤਿਹਾਰ ਲਾਏ ਗਏ ਕਿ ਜੋ ਅਸੀਂ ਮੁਆਫੀ ਦਿੱਤੀ, ਉਹ ਬਿਲਕੁਲ ਠੀਕ ਦਿੱਤੀ ਹੈ। ਪਰ ਇਸਦੇ ਬਾਵਜੂਦ ਵੀ ਸਿੱਖਾਂ ਦੇ ਜਜ਼ਬਾਤ ਭਟਕਦੇ ਰਹੇ।
  • 16 ਅਕਤੂਬਰ 2015 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਨੂੰ ਇਹ ਮੁਆਫੀਨਾਮਾ ਵਾਪਿਸ ਲੈਣਾ ਪਿਆ, ਜੋ ਡੇਰਾ ਮੁਖੀ ਨੂੰ ਦਿੱਤਾ ਗਿਆ ਸੀ।

ਸੁਖਪਾਲ ਖਹਿਰਾ ਦੇ ਸੁਖਬੀਰ ਬਾਦਲ ਨੂੰ ਕੁੱਝ ਸਵਾਲ

  • 2012 ਦੀਆਂ ਚੋਣਾਂ ਤੋਂ ਪਹਿਲਾਂ ਤੁਸੀਂ ਡੇਰਾ ਮੁਖੀ ਰਾਮ ਰਹੀਮ ਦੇ ਖਿਲਾਫ ਬਠਿੰਡਾ ਦੀ ਸੈਸ਼ਨ ਕੋਰਟ ਵਿੱਚ 295 ਧਾਰਾ ਦਾ ਜੋ ਕੇਸ ਚੱਲ ਰਿਹਾ ਸੀ, ਉਸਨੂੰ cancellation report ਦਾਇਰ ਕਰਕੇ ਵਾਪਿਸ ਕਿਉਂ ਲਿਆ।
  • ਕੀ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਤਤਕਾਲੀ ਜਥੇਦਾਰ ਅਤੇ ਤਖਤ ਸ਼੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਦੇ ਜਥੇਦਾਰ ਗੁਰਮੁੱਖ ਸਿੰਘ ਅਤੇ ਜਥੇਦਾਰ ਮੱਲ ਸਿੰਘ ਨੂੰ 16 ਸਤੰਬਰ, 2015 ਮੁੱਖ ਮੰਤਰੀ ਦੀ ਕੋਠੀ ਵਿੱਚ ਬੁਲਾਇਆ ਸੀ ਜਾਂ ਨਹੀਂ ? ਜੇ ਬੁਲਾਇਆ ਸੀ ਤਾਂ ਕੀ ਉਨ੍ਹਾਂ ਨੂੰ ਡੇਰਾ ਮੁਖੀ ਨੂੰ ਮੁਆਫੀ ਦੇਣ ਲਈ ਕਿਹਾ ਸੀ?
  • ਕੀ ਇਨ੍ਹਾਂ ਜਥੇਦਾਰਾਂ ਨੂੰ ਇਸ ਲਈ ਬੁਲਾਇਆ ਗਿਆ ਸੀ ਤਾਂ ਜੋ ਡੇਰਾ ਮੁਖੀ ਦੀ ਫਿਲਮ MSG ਨੂੰ ਪੰਜਾਬ ਵਿੱਚ ਰਿਲੀਜ਼ ਕੀਤਾ ਜਾ ਸਕੇ, ਉਸਨੂੰ ਆਗਿਆ ਦਿੱਤੀ ਜਾਵੇ ?
  • ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ, ਉਦੋਂ ਇਸਨੂੰ ਰੋਕਣ ਵਾਸਤੇ ਤੁਸੀਂ ਕੀ ਕੀਤਾ ?
  • ਕਿਸੇ ਵੀ ਡੇਰਾ ਪ੍ਰੇਮੀ ਦੇ ਖਿਲਾਫ ਪੰਜਾਬ ਪੁਲਿਸ ਨੇ ਕੋਈ ਕਾਰਵਾਈ ਕਿਉਂ ਨਹੀਂ ਕੀਤੀ, ਸਿਰਫ ਸਿੱਖਾਂ ਨੂੰ ਹੀ ਕਿਉਂ ਟਾਰਗੇਟ ਕੀਤਾ ਗਿਆ ?
  • ਜਿੰਨਾ ਚਿਰ ਤੁਹਾਡੀ ਸਰਕਾਰ ਰਹੀ, ਤੁਸੀਂ ਕੋਈ ਵਿਸ਼ੇਸ਼ ਉਪਰਾਲਾ ਕਰਕੇ ਦੋਸ਼ੀਆਂ ਨੂੰ ਫੜ੍ਹਨ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ ?
  • ਕੋਟਕਪੂਰਾ ਅਤੇ ਬਹਿਬਲ ਕਲਾਂ ਵਿੱਚ ਜੋ ਗੋਲੀ ਚੱਲੀ, ਉਸ ਗੋਲੀਕਾਂਡ ਵਿੱਚ ਤੁਸੀਂ ਪੁਲਿਸ ਵਾਲਿਆਂ ਦੇ ਨਾਮ ਕਿਉਂ ਨਹੀਂ ਨਾਮਜ਼ਦ ਕੀਤੇ ?
  • ਆਪਣੀ ਸਰਕਾਰ ਸਮੇਂ ਸੁਖਬੀਰ ਬਾਦਲ ਨੇ ਸੀਸੀਟੀਵੀ ਫੁਟੇਜ ਕਿਉਂ ਨਹੀਂ ਕਢਵਾਈ ?

ਸੁਖਪਾਲ ਖਹਿਰਾ ਨੇ ਕਿਹਾ ਕਿ ਜੇ ਸੁਖਬੀਰ ਬਾਦਲ ਮੇਰੇ ਇਨ੍ਹਾਂ ਸਵਾਲਾਂ ਦਾ ਜਵਾਬ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਜਾ ਕੇ ਸਹੁੰ ਖਾ ਕੇ ਦਿੰਦੇ ਹਨ ਤਾਂ ਅਸੀਂ ਸਮਝਾਂਗੇ ਕਿ ਸੁਖਬੀਰ ਬਾਦਲ ਨੂੰ ਗੁਰੂ ਸਾਹਿਬ ਜੀ ਦਾ ਡਰ ਹੈ।