ਜਥੇਦਾਰ ਗਿਆਨੀ ਕੇਵਲ ਸਿੰਘ

ਨਵੀਂ ਦਿੱਲੀ : ਤਖ਼ਤ ਸ੍ਰੀ ਦਮਦਮਾ ਸਾਹਿਬ (Takhat Sri DamDama Sahib) ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ (Jathedar Kewal Singh) ਨੂੰ ਮੈਟਰੋ (Metro) ਦੇ ਸੁਰੱਖਿਆ ਅਮਲੇ (Security Guard) ਵੱਲੋਂ ਤਿੰਨ ਫੁੱਟ ਲੰਮੀ ਕਿਰਪਾਨ (Sword) ਨਾਲ ਸਫ਼ਰ ਕਰਨ ਤੋਂ ਰੋਕਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਸੁਰੱਖਿਆ ਅਧਿਕਾਰੀਆਂ ਨੇ ਸਾਬਕਾ ਜਥੇਦਾਰ ਵੱਲੋਂ ਪਹਿਨੀ ਤਿੰਨ ਫੁੱਟ ਲੰਬੀ ਸ੍ਰੀ ਸਾਹਿਬ ਪਾ ਕੇ ਉਨ੍ਹਾਂ ਨੂੰ ਮੈਟਰੋ ਵਿੱਚ ਨਾ ਚੜ੍ਹਨ ਦਿੱਤਾ। ਸਾਬਕਾ ਜਥੇਦਾਰ ਕੇਵਲ ਸਿੰਘ ਨੇ ‘ਪੰਜਾਬੀ ਟ੍ਰਿਬਿਊਨ’ ਨੂੰ ਦੱਸਿਆ ਕਿ ਉਹ ਦੁਆਰਕਾ ਦੇ ਸੈਕਟਰ-21 ਤੋਂ ਤਿਲਕ ਨਗਰ ਵੱਲ ਮੈਟਰੋ ਰਾਹੀਂ ਜਾਣ ਲਈ ਜਿਉਂ ਹੀ ਮੈਟਰੋ ਸਟੇਸ਼ਨ ਅੰਦਰ ਜਾਣ ਲੱਗੇ ਤਾਂ ਸੁਰੱਖਿਆ ਅਮਲੇ ਨੇ ਉਨ੍ਹਾਂ ਨੂੰ ਰੋਕਦਿਆਂ ਕਿਹਾ ਕਿ ਉਹ ਛੋਟੇ ਆਕਾਰ ਦੀ 6 ਇੰਚ ਦੀ ਸ੍ਰੀ ਸਾਹਿਬ ਪਾ ਕੇ ਸਫ਼ਰ ਕਰ ਸਕਦੇ ਹਨ।

ਸਾਬਕਾ ਜਥੇਦਾਰ ਕੇਵਲ ਸਿੰਘ ਨੇ ਕਿਹਾ ਕਿ,‘‘ਮੈਟਰੋ ਕੋਈ ਹਵਾਈ ਜਹਾਜ਼ ਨਹੀਂ ਹੈ, ਜਿੱਥੇ ਵੱਡੀ ਕਿਰਪਾਨ ਨਹੀਂ ਲਿਜਾਈ ਜਾ ਸਕਦੀ ਹੈ। ਮੈਂ ਪਹਿਲਾਂ ਵੀ ਵੱਡੀ ਕਿਰਪਾਨ ਨਾਲ ਮੈਟਰੋ ਵਿੱਚ ਸਫ਼ਰ ਕਰਦਾ ਰਿਹਾ ਹਾਂ।’’ ਉਨ੍ਹਾਂ ਕਿਹਾ ਕਿ ਹਵਾਈ ਸਫ਼ਰ ਵਾਲੇ ਕਾਨੂੰਨਾਂ ਨੂੰ ਹੁਣ ਮੈਟਰੋ ਵਿੱਚ ਵੀ ਲਾਗੂ ਕਰਨਾ ਬਹੁਤ ਦੁੱਖ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਸਿੱਖ ਸੰਸਥਾਵਾਂ ਦੇ ਆਗੂ ਸਿਰਫ਼ ਕੁਰਸੀਆਂ ਦੇ ਸੁੱਖ ਨਾ ਭੋਗਣ ਅਤੇ ਸਿੱਖਾਂ ਦੇ ਮਸਲਿਆਂ ਵੱਲ ਧਿਆਨ ਦੇਣ। ਉਨ੍ਹਾਂ ਕਿਹਾ ਕਿ ਭਾਰਤੀ ਸੰਵਿਧਾਨ ਵਿੱਚ ਧਾਰਮਿਕ ਆਜ਼ਾਦੀ ਦੇ ਅਧਿਕਾਰ ਦਿੱਤੇ ਗਏ ਹਨ।