India

ਅੱਜ ਤੋਂ ਦੇਸ਼ ‘ਚ 5 ਵੱਡੇ ਬਦਲਾਅ, LPG ਸਿਲੰਡਰ ਸਸਤਾ, ਇਲੈਕਟ੍ਰਿਕ ਬਾਈਕ ਖਰੀਦਣੀ ਹੋਈ ਮਹਿੰਗੀ

electric bike , LPG cylinder , Rule Change from 1st June

ਨਵੀਂ ਦਿੱਲੀ : ਹਰ ਮਹੀਨੇ ਦੀ ਤਰ੍ਹਾਂ ਜੂਨ ਮਹੀਨਾ ਵੀ ਕਈ ਵੱਡੇ ਬਦਲਾਅ ਲੈ ਕੇ ਆਇਆ ਹੈ। ਅੱਜ ਯਾਨੀ ਇੱਕ ਜੂਨ ਤੋਂ  ਸਰਕਾਰ ਵੱਲੋਂ ਕੀਤੇ ਕਈ ਬਦਲਾਅ ਲਾਗੂ ਹੋਣ ਜਾ ਰਹੇ ਹਨ, ਜਿੰਨਾਂ ਦਾ ਸਿੱਧਾ ਅਸਰ ਤੁਹਾਡੀ ਜੇਬ੍ਹ ਉੱਤੇ ਹੋਵੇਗਾ। ਆਓ ਜਾਣਦੇ ਹਾਂ ਉਨ੍ਹਾਂ ਪੰਜ ਵੱਡੀਆਂ ਤਬਦੀਲੀਆਂ ਬਾਰੇ, ਜਿੰਨਾਂ ਬਾਰੇ ਜਾਣਨਾ ਤੁਹਾਡੇ ਲਈ ਜ਼ਰੂਰੀ ਹੈ।

 

ਰਸੋਈ ਗੈਸ ਸਿਲੰਡਰ ਸਸਤਾ ਹੋ ਗਿਆ ਹੈ

1 ਜੂਨ ਯਾਨੀ ਅੱਜ ਤੋਂ ਦਿੱਲੀ ‘ਚ ਇਕ ਵਾਰ ਫਿਰ ਵਪਾਰਕ ਸਿਲੰਡਰ 83.5 ਰੁਪਏ ਸਸਤਾ ਹੋ ਗਿਆ ਹੈ। ਅਪ੍ਰੈਲ ਅਤੇ ਮਈ ਦੀ ਪਹਿਲੀ ਤਰੀਕ ਨੂੰ 19 ਕਿਲੋ ਦੇ ਵਪਾਰਕ ਐਲਪੀਜੀ ਗੈਸ ਸਿਲੰਡਰ ਦੀ ਕੀਮਤ ਵਿੱਚ ਵੀ ਕਟੌਤੀ ਕੀਤੀ ਗਈ ਸੀ। 1 ਮਈ 2023 ਨੂੰ ਵਪਾਰਕ ਸਿਲੰਡਰ ਲਗਭਗ 172 ਰੁਪਏ ਸਸਤਾ ਹੋਇਆ ਸੀ। ਤਾਜ਼ਾ ਕਟੌਤੀ ਤੋਂ ਬਾਅਦ ਹੁਣ ਇਹ ਦਿੱਲੀ ਵਿੱਚ 1773 ਰੁਪਏ ਹੋ ਗਿਆ ਹੈ। ਇਸ ਦੇ ਨਾਲ ਹੀ ਇਹ ਚੇਨਈ ‘ਚ 1937 ਰੁਪਏ, ਕੋਲਕਾਤਾ ‘ਚ 1875.50 ਰੁਪਏ ਅਤੇ ਮੁੰਬਈ ‘ਚ 1725 ਰੁਪਏ ‘ਤੇ ਆ ਗਿਆ ਹੈ। ਹਾਲਾਂਕਿ ਇਸ ਵਾਰ ਵੀ 14 ਕਿਲੋ ਦੇ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।

 

ਇਲੈਕਟ੍ਰਿਕ ਦੋਪਹੀਆ ਵਾਹਨ ਖਰੀਦਣਾ ਹੋਇਆ ਮਹਿੰਗਾ

 

1 ਜੂਨ ਤੋਂ ਦੇਸ਼ ਵਿੱਚ ਇਲੈਕਟ੍ਰਿਕ ਦੋ ਪਹੀਆ ਵਾਹਨ ਖਰੀਦਣਾ ਮਹਿੰਗਾ ਹੋ ਗਿਆ ਹੈ। ਇਸ ਦਾ ਮਤਬਲ ਹੁਣ ਤੁਹਾਨੂੰ ਇਲੈਕਟ੍ਰਿਕ ਬਾਈਕ ਜਾਂ ਸਕੂਟਰ ਖਰੀਦਣ ਲਈ ਜ਼ਿਆਦਾ ਜੇਬ ਢਿੱਲੀ ਕਰਨੀ ਪਵੇਗੀ। 21 ਮਈ, 2023 ਨੂੰ ਜਾਰੀ ਨੋਟੀਫਿਕੇਸ਼ਨ ਦੇ ਮੁਤਾਬਕ, ਭਾਰੀ ਉਦਯੋਗ ਮੰਤਰਾਲੇ ਨੇ FAME-II ਸਬਸਿਡੀ ਦੀ ਰਕਮ ਨੂੰ ਬਦਲ ਦਿੱਤਾ ਹੈ ਅਤੇ ਇਸਨੂੰ ਘਟਾ ਕੇ 10,000 ਰੁਪਏ ਪ੍ਰਤੀ ਕਿਲੋਵਾਟ ਘੰਟਾ ਕਰ ਦਿੱਤਾ ਹੈ। ਇਸ ਦੇ ਨਾਲ ਹੀ, ਪਹਿਲਾਂ ਇਹ ਰਕਮ 15,000 ਰੁਪਏ ਪ੍ਰਤੀ ਕਿਲੋਵਾਟ ਘੰਟਾ ਸੀ। ਇਸ ਕਾਰਨ ਜ਼ਿਆਦਾਤਰ ਇਲੈਕਟ੍ਰਿਕ ਵਾਹਨ 25,000 ਰੁਪਏ ਤੋਂ 35,000 ਰੁਪਏ ਤੱਕ ਮਹਿੰਗੇ ਹੋ ਸਕਦੇ ਹਨ।

ਬੇਨਾਮੀ ਬੈਂਕ ਡਿਪਾਜ਼ਿਟ ਦੇ ਖਿਲਾਫ ਮੁਹਿੰਮ

 

ਅੱਜ, 1 ਜੂਨ ਤੋਂ, ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਦੇਸ਼ ਦੇ ਬੈਂਕਾਂ ਵਿੱਚ ਜਮ੍ਹਾ ਅਣ-ਐਲਾਨੀ ਰਕਮ ਨੂੰ ਨਿਰਧਾਰਤ ਕਰਨ ਨੂੰ ਲੈ ਕੇ ਇੱਕ ਮੁਹਿੰਮ ਸ਼ੁਰੂ ਕਰਨ ਜਾ ਰਿਹਾ ਹੈ। ਇਸ ਮੁਹਿੰਮ ਦਾ ਨਾਂ ‘100 ਦਿਨ 100  ਭੁਗਤਾਨ’ (100 Days 100 Pay) ਰੱਖਿਆ ਗਿਆ ਹੈ। ਕੇਂਦਰੀ ਬੈਂਕ ਨੇ ਇਸ ਸਬੰਧੀ ਬੈਂਕਾਂ ਨੂੰ ਪਹਿਲਾਂ ਹੀ ਸੂਚਿਤ ਕਰ ਦਿੱਤਾ ਹੈ। ਇਸ ਮੁਹਿੰਮ ਤਹਿਤ 100 ਦਿਨਾਂ ਵਿੱਚ 100 ਅਨਕਲੇਮ ਰਕਮਾਂ ਦਾ ਨਿਪਟਾਰਾ ਕਰਨ ਦਾ ਟੀਚਾ ਰੱਖਿਆ ਗਿਆ ਹੈ।

 

ਫਾਰਮਾ ਕੰਪਨੀਆਂ ਨਾਲ ਸਬੰਧਤ ਨਵਾਂ ਨਿਯਮ

 

ਡਰੱਗ ਕੰਟਰੋਲਰ ਜਨਰਲ ਆਫ ਇੰਡੀਆ (ਡੀਸੀਜੀਆਈ) ਨੇ ਕਫ ਸੀਰਪ ਦੇ ਨਮੂਨਿਆਂ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ। 1 ਜੂਨ ਤੋਂ ਬਰਾਮਦ ਤੋਂ ਪਹਿਲਾਂ ਕਫ ਦਵਾਈ ਦਾ ਟੈਸਟ ਕਰਵਾਉਣਾ ਜ਼ਰੂਰੀ ਹੋ ਗਿਆ ਹੈ। ਵਿਦੇਸ਼ੀ ਵਪਾਰ ਡਾਇਰੈਕਟੋਰੇਟ ਜਨਰਲ (ਡੀਜੀਐਫਟੀ) ਨੇ ਇੱਕ ਅਧਿਕਾਰਤ ਨੋਟਿਸ ਵਿੱਚ ਕਿਹਾ ਹੈ ਕਿ ਖੰਘ ਦੀ ਦਵਾਈ ਦੇ ਬਰਾਮਦਕਾਰਾਂ ਨੂੰ ਪਹਿਲੀ ਤਾਰੀਖ ਤੋਂ ਉਤਪਾਦ ਨੂੰ ਬਰਮਾਦ ਕਰਨ ਤੋਂ ਪਹਿਲਾਂ ਇੱਕ ਸਰਕਾਰੀ ਪ੍ਰਯੋਗਸ਼ਾਲਾ ਦੁਆਰਾ ਜਾਰੀ ਵਿਸ਼ਲੇਸ਼ਣ ਦਾ ਪ੍ਰਮਾਣ ਪੱਤਰ ਜਮ੍ਹਾ ਕਰਨਾ ਹੋਵੇਗਾ। ਬਰਮਾਦ ਤਾਂ ਹੀ ਹੋਵੇਗਾ ਜੇਕਰ ਸਹੀ ਪਾਇਆ ਗਿਆ। ਤੁਹਾਨੂੰ ਦੱਸ ਦੇਈਏ ਕਿ ਇਹ ਵੱਡਾ ਫੈਸਲਾ ਭਾਰਤੀ ਫਰਮਾਂ ਦੁਆਰਾ ਬਰਾਮਦ ਕੀਤੇ ਜਾਣ ਵਾਲੇ ਖੰਘ ਸੀਰਪ ‘ਤੇ ਵਿਦੇਸ਼ਾਂ ‘ਚ ਪੈਦਾ ਹੋਈ ਗੁਣਵੱਤਾ ਸੰਬੰਧੀ ਚਿੰਤਾਵਾਂ ਦੇ ਵਿਚਕਾਰ ਲਿਆ ਗਿਆ ਹੈ।

 

2000 ਦੇ ਨੋਟ ਬਦਲਣ ‘ਤੇ 12 ਦਿਨਾਂ ਦਾ ਬ੍ਰੇਕ

 

RBI ਦੀ ਬੈਂਕ ਛੁੱਟੀਆਂ ਦੀ ਸੂਚੀ ਦੇ ਮੁਤਾਬਕ, ਜੂਨ ਦੇ ਮਹੀਨੇ ਵਿੱਚ 12 ਦਿਨ ਬੈਂਕਾਂ ਵਿੱਚ ਕੋਈ ਕੰਮ ਨਹੀਂ ਹੋਵੇਗਾ। ਇਨ੍ਹਾਂ ਦਿਨਾਂ ‘ਚ ਬੈਂਕ ਸ਼ਾਖਾਵਾਂ ‘ਚ ਜਾਰੀ 2,000 ਰੁਪਏ ਦੇ ਨੋਟਾਂ ਨੂੰ ਬਦਲਣ ਦੀ ਪ੍ਰਕਿਰਿਆ ‘ਤੇ ਰੋਕ ਲੱਗੇਗੀ। ਇੱਥੇ ਦੱਸ ਦੇਈਏ ਕਿ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਹੋਣ ਵਾਲੇ ਸਮਾਗਮਾਂ ਅਤੇ ਤਿਉਹਾਰਾਂ ਦੇ ਮੌਕੇ ‘ਤੇ ਬੈਂਕਾਂ ਵਿੱਚ ਛੁੱਟੀਆਂ ਇੱਕ ਰਾਜ ਤੋਂ ਦੂਜੇ ਰਾਜ ਵਿੱਚ ਵੱਖ-ਵੱਖ ਹੋ ਸਕਦੀਆਂ ਹਨ। ਜ਼ਿਕਰਯੋਗ ਹੈ ਕਿ 2,000 ਰੁਪਏ ਦੇ ਗੁਲਾਬੀ ਨੋਟਾਂ ਨੂੰ ਬਦਲਣ ਦੀ ਪ੍ਰਕਿਰਿਆ 23 ਮਈ ਤੋਂ ਸ਼ੁਰੂ ਹੋ ਗਈ ਹੈ, ਜੋ 30 ਸਤੰਬਰ ਤੱਕ ਜਾਰੀ ਰਹੇਗੀ।