ਨਵੀਂ ਦਿੱਲੀ: ਮੰਗਲਵਾਰ 30 ਜੁਲਾਈ ਨੂੰ ਕੇਂਦਰ ਸਰਕਾਰ ਨੇ ਪ੍ਰੀਤੀ ਸੂਦਨ ਨੂੰ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (UPSC) ਦਾ ਚੇਅਰਮੈਨ ਨਿਯੁਕਤ ਕੀਤਾ ਹੈ। ਪ੍ਰੀਤੀ ਸੂਦਨ, 1983 ਬੈਚ ਦੀ ਆਈਏਐਸ ਅਧਿਕਾਰੀ, ਸਾਬਕਾ ਕੇਂਦਰੀ ਸਿਹਤ ਸਕੱਤਰ ਹੈ। ਉਹ 1 ਅਗਸਤ ਨੂੰ ਅਹੁਦਾ ਸੰਭਾਲਣਗੇ।
ਰੱਖਿਆ ਮੰਤਰਾਲੇ ਸਮੇਤ ਕਈ ਵਿਭਾਗਾਂ ਵਿੱਚ 37 ਸਾਲ ਦਾ ਤਜ਼ਰਬਾ
ਆਂਧਰਾ ਪ੍ਰਦੇਸ਼ ਕੇਡਰ ਦੀ ਅਧਿਕਾਰੀ ਪ੍ਰੀਤੀ ਸੂਦਨ ਨੇ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ, ਰੱਖਿਆ ਮੰਤਰਾਲੇ ਅਤੇ ਜਨਤਕ ਵੰਡ ਵਿਭਾਗ ਦੇ ਸਕੱਤਰ ਵਜੋਂ ਵੀ ਕੰਮ ਕੀਤਾ ਹੈ। ਉਨ੍ਹਾਂ ਨੂੰ ਪ੍ਰਮੁੱਖ ਤੌਰ ’ਤੇ ਬੇਟੀ ਬਚਾਓ, ਬੇਟੀ ਪੜ੍ਹਾਓ ਅਤੇ ਆਯੁਸ਼ਮਾਨ ਭਾਰਤ ਮਿਸ਼ਨਾਂ ਵਿੱਚ ਮਹੱਤਵਪੂਰਨ ਯੋਗਦਾਨ ਲਈ ਜਾਣਿਆ ਜਾਂਦਾ ਹੈ। ਇਸ ਤੋਂ ਇਲਾਵਾ ਨੈਸ਼ਨਲ ਮੈਡੀਕਲ ਕਮਿਸ਼ਨ, ਅਲਾਈਡ ਹੈਲਥ ਪ੍ਰੋਫੈਸ਼ਨਲ ਕਮਿਸ਼ਨ ਅਤੇ ਈ-ਸਿਗਰੇਟ ’ਤੇ ਪਾਬੰਦੀ ਲਾਉਣ ਦਾ ਸਿਹਰਾ ਵੀ ਉਨ੍ਹਾਂ ਨੂੰ ਜਾਂਦਾ ਹੈ।
ਉਨ੍ਹਾਂ ਨੇ ਤੰਬਾਕੂ ਕੰਟਰੋਲ ’ਤੇ ਫਰੇਮਵਰਕ ਕਨਵੈਨਸ਼ਨ ਲਈ WHO ਸੁਤੰਤਰ ਪੈਨਲ ਦੇ ਮੈਂਬਰ ਵਜੋਂ ਵੀ ਕੰਮ ਕੀਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਵਿਸ਼ਵ ਬੈਂਕ ਨਾਲ ਸਲਾਹਕਾਰ ਵਜੋਂ ਕੰਮ ਕੀਤਾ ਹੈ। ਉਨ੍ਹਾਂ ਲੰਡਨ ਸਕੂਲ ਆਫ਼ ਇਕਨਾਮਿਕਸ (LSE) ਤੋਂ ਅਰਥ ਸ਼ਾਸਤਰ ਵਿੱਚ ਐਮਫਿਲ ਤੇ ਸਮਾਜਿਕ ਨੀਤੀ ਅਤੇ ਯੋਜਨਾਬੰਦੀ ਵਿੱਚ ਐਮਐਸਸੀ ਕੀਤੀ ਹੈ।
ਪੂਜਾ ਖੇਡਕਰ ਦੇ ਵਿਵਾਦ ਦਰਮਿਆਨ ਮਨੋਜ ਸੋਨੀ ਨੇ ਦਿੱਤਾ ਸੀ ਅਸਤੀਫ਼ਾ
ਪ੍ਰੀਤੀ ਸੂਦਨ ਦੀ ਨਿਯੁਕਤੀ ਅਜਿਹੇ ਸਮੇਂ ’ਚ ਹੋ ਰਹੀ ਹੈ ਜਦੋਂ UPSC ਪੂਜਾ ਖੇਡਕਰ ਨੂੰ ਲੈ ਕੇ ਵਿਵਾਦਾਂ ਦਾ ਸਾਹਮਣਾ ਕਰ ਰਹੀ ਹੈ। ਯੂਪੀਐਸਸੀ ਚੇਅਰਮੈਨ ਮਹੇਸ਼ ਸੋਨੀ ਦੇ ਅਚਾਨਕ ਅਸਤੀਫ਼ੇ ਤੋਂ ਬਾਅਦ ਪ੍ਰੀਤੀ ਸੂਦਨ ਦੀ ਤਰੱਕੀ ਹੋਈ ਹੈ। ਸੋਨੀ ਨੇ ਹਾਲ ਹੀ ਵਿੱਚ ਨਿੱਜੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਅਸਤੀਫ਼ਾ ਦੇ ਦਿੱਤਾ ਸੀ। ਉਨ੍ਹਾਂ ਕਿਹਾ ਹੈ ਕਿ ਅਸਤੀਫ਼ੇ ਤੋਂ ਬਾਅਦ ਉਹ ਸਮਾਜਿਕ ਅਤੇ ਧਾਰਮਿਕ ਕੰਮਾਂ ’ਤੇ ਧਿਆਨ ਦੇਣਗੇ।