India Sports

ਭਾਰਤੀ ਮਹਿਲਾ ਹਾਕੀ ਟੀਮ ਦੀ ਸਭ ਤੋਂ ਸਫ਼ਲ ਕਪਤਾਨ ਰਿਟਾਇਡ! 7 ਸਾਲ ਦੀ ਉਮਰ ’ਚ ਫੜੀ ਹਾਕੀ, 15 ਸਾਲ ਦੀ ਉਮਰ ’ਚ ਦੇਸ਼ ਲਈ ਖੇਡੀ!

ਬਿਉਰੋ ਰਿਪੋਰਟ – ਭਾਰਤੀ ਮਹਿਲਾ ਹਾਕੀ ਟੀਮ (Indian Women Hockey Team)ਦੀ ਸਾਬਕਾ ਕਪਤਾਨ ਰਾਣੀ ਰਾਮਪਾਲ (Rani Rampal Retired) ਨੇ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਪੋਸਟ ਸਾਂਝੀ ਕਰਦੇ ਹੋਏ ਆਪਣੇ ਫੈਸਲੇ ਦੀ ਜਾਣਕਾਰੀ ਦਿੱਤੀ ਹੈ। ਰਾਣੀ ਹਰਿਆਣਾ ਦੇ ਕੁਰੂਕਸ਼ੇਤਰ ਜ਼ਿਲ੍ਹੇ ਦੇ ਸ਼ਾਹਬਾਦ ਦੀ ਰਹਿਣ ਵਾਲੀ ਹੈ। ਤਕਰੀਬਨ 16 ਸਾਲ ਦੇ ਲੰਮੇ ਕੈਰੀਅਰ ਵਿੱਚ ਰਾਣੀ ਰਾਮਪਾਲ ਨੇ ਹਾਕੀ ਨੂੰ ਵੱਡੇ ਮੁਕਾਮ ਤੱਕ ਪਹੁੰਚਾਇਆ।

ਰਾਣੀ ਰਾਮਪਾਲ ਨੇ ਲਗਾਤਾਰ 2 ਓਲੰਪਿਕ ਵਿੱਚ ਭਾਰਤੀ ਹਾਕੀ ਟੀਮ ਦੀ ਕਪਤਾਨੀ ਕੀਤੀ ਹੈ। 1994 ਵਿੱਚ ਜਨਮੀ ਰਾਣੀ ਰਾਮਪਾਲ ਬਹੁਤ ਦੀ ਗਰੀਬ ਪਰਿਵਾਰ ਤੋਂ ਸਬੰਧ ਰੱਖਦੀ ਹੈ। ਉਸ ਦੇ ਪਿਤਾ ਰਾਮਪਾਲ ਤਾਂਗਾ ਚਲਾਉਂਦੇ ਹਨ। ਜਦੋਂ ਰਾਣੀ ਨੇ ਹਾਕੀ ਖੇਡਣ ਦੀ ਜ਼ਿਦ ਕੀਤੀ ਤਾਂ ਪਰਿਵਾਰ ਦੇ ਕੋਲ ਪੈਸੇ ਨਹੀਂ ਸਨ ਉਹ ਖੇਡ ਦੀਆਂ ਜ਼ਰੂਰਤਾਂ ਨੂੰ ਪੂਰਾ ਨਹੀਂ ਕਰ ਸਕਦੇ ਸਨ। ਇਸ ਦੇ ਬਾਵਜੂਦ ਪਿਤਾ ਨੇ ਧੀ ਦੇ ਸੁਪਨੇ ਨੂੰ ਮਰਨ ਨਹੀਂ ਦਿੱਤਾ। ਪਿਤਾ ਦੇ ਮਿਹਨਤ ਦੀ ਬਦੌਲਤ ਰਾਣੀ ਨੇ ਹਾਕੀ ਵਿੱਚ ਇਤਿਹਾਸ ਰਚਿਆ ਸੀ।

ਰਾਣੀ ਰਾਮਪਾਲ ਨੇ 7 ਸਾਲ ਦੀ ਉਮਰ ਵਿੱਚ ਹਾਕੀ ਖੇਡਣਾ ਸ਼ੁਰੂ ਕਰ ਦਿੱਤਾ ਸੀ। ਮਹਿਲਾ ਹਾਕੀ ਵਿੱਚ ਸ਼ਾਹਬਾਦ ਹਾਕੀ ਨਰਸਰੀ ਨੇ ਇੱਕ ਵੱਖ ਹੀ ਮੁਕਾਮ ਹਾਸਲ ਕੀਤਾ ਹੈ ਅਤੇ ਰਾਣੀ ਰਾਮਪਾਲ ਨੇ ਵੀ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ। ਸ਼ੁਰੂਆਤ ਵਿੱਚ ਘਰ ਵਾਲਿਆਂ ਨੇ ਮੰਨਾ ਕੀਤਾ ਪਰ ਰਾਣੀ ਨੇ ਮਨ ਬਣਾ ਲਿਆ ਸੀ। ਰਾਣੀ ਦੀ ਜ਼ਿੱਦ ਦੇ ਬਾਅਦ ਪਰਿਵਾਰ ਨੇ ਉਸ ਨੂੰ ਅਕਾਦਮੀ ਵਿੱਚ ਭਰਤੀ ਕਰਵਾਇਆ।

ਰਾਣੀ ਰਾਮਪਾਲ ਦੀ ਭਾਰਤੀ ਹਾਕੀ ਟੀਮ ਵਿੱਚ ਪਹਿਲੀ ਵਾਰ 2009 ਵਿੱਚ ਚੋਣ ਹੋਈ ਸੀ। ਉਸ ਸਮੇਂ ਰਾਣੀ ਦੀ ਉਮਰ 15 ਸਾਲ ਸੀ। 2009 ਵਿੱਚ ਜਰਮਨੀ ਵਿੱਚ ਜੂਨੀਅਰ ਵਰਲਡ ਕੱਪ ਖੇਡਿਆ ਸੀ। ਜਿਸ ਵਿੱਚ ਭਾਰਤ ਤਾਂਬੇ ਦਾ ਤਗਮਾ ਜਿੱਤਿਆ ਸੀ। ਰਾਣੀ ਪਹਿਲੀ ਵਾਰ ਭਾਰਤੀ ਟੀਮ ਦੇ ਲਈ ਖੇਡ ਰਹੀ ਸੀ। ਇੰਗਲੈਂਡ ਦੇ ਖ਼ਿਲਾਫ਼ ਫਾਈਨਲ ਮੁਕਾਬਲੇ ਵਿੱਚ ਰਾਣੀ ਨੇ ਤਿੰਨ ਗੋਲ ਕੀਤੇ। ਅਤੇ ਪਲੇਅਰ ਆਫ ਦੀ ਟੂਰਨਾਮੈਂਟ ਬਣੀ। ਰਾਣੀ ਨੇ ਭਾਰਤ ਦੇ ਲਈ 200 ਤੋਂ ਵੱਧ ਮੈਚ ਖੇਡੇ।

ਰਾਣੀ ਦੀ ਕਪਤਾਨੀ ਵਿੱਚ ਭਾਰਤ ਨੇ ਏਸ਼ੀਅਨ ਗੇਮਸ ਅਤੇ ਏਸ਼ੀਅਨ ਕੱਪ ਵਿੱਚ ਮੈਡਲ ਜਿੱਤਿਆ। ਉਨ੍ਹਾਂ ਦੀ ਕਪਤਾਨੀ ਵਿੱਚ ਭਾਰਤੀ ਹਾਕੀ ਟੀਮ ਨੇ ਓਲੰਪਿਕ ਵਿੱਚ ਚੌਥੇ ਨੰਬਰ ’ਤੇ ਰਹੀ। 2020 ਵਿੱਚ ਭਾਰਤ ਸਰਕਾਰ ਨੇ ਰਾਣੀ ਰਾਮਪਾਲ ਨੂੰ ਪਦਮਸ਼ੀ ਅਤੇ ਰਾਜੀਵ ਗਾਂਧੀ ਖੇਡ ਰਤਨ ਨਾਲ ਵੀ ਨਵਾਜ਼ਿਆ।