ਬਿਊਰੋ ਰਿਪੋਰਟ : ਮਾਨ ਕੈਬਨਿਟ ਤੋਂ ਇੱਕ ਹੋਰ ਮੰਤਰੀ ਦੀ ਛੁੱਟੀ ਹੋ ਗਈ ਹੈ । ਫੌਜਾ ਸਿੰਘ ਸਰਾਰੀ ਨੇ ਕੈਬਨਿਟ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਜਿਸ ਨੂੰ ਮਨਜ਼ੂਰ ਵੀ ਕਰ ਲਿਆ ਗਿਆ ਹੈ । ਸਰਾਰੀ ਦੇ ਅਸਤੀਫੇ ਤੋਂ ਬਾਅਦ ਰਾਜਭਵਨ ਵਿੱਚ ਵੀ ਹਲਚਲ ਤੇਜ ਹੋ ਗਈਆਂ ਹਨ । ਸੂਤਰਾਂ ਮੁਤਾਬਿਕ ਇੱਕ ਮੰਤਰੀ ਨੂੰ ਸ਼ਾਮ 5 ਵਜੇ ਰਾਜਭਵਨ ਵਿੱਚ ਸਹੁੰ ਚੁਕਾਈ ਜਾ ਸਕਦੀ ਹੈ । ਪਟਿਆਲਾ ਦਿਹਾਤੀ ਤੋਂ ਵਿਧਾਇਕ ਡਾ.ਬਲਬੀਰ ਸਿੰਘ ਦਾ ਨਾਂ ਨਵੇਂ ਮੰਤਰੀ ਵਜੋਂ ਸਹੁੰ ਚੁੱਕਣ ਨੂੰ ਲੈਕੇ ਸਾਹਮਣੇ ਆ ਰਿਹਾ ਹੈ । ਚਰਚਾਵਾਂ ਇਹ ਵੀ ਹਨ ਕਿ ਕਈ ਮੰਤਰੀਆਂ ਦੇ ਵਿਭਾਗ ਵੀ ਬਦਲੇ ਜਾ ਸਕਦੇ ਹਨ। ਸਰਾਰੀ ‘ਤੇ ਲੰਮੇ ਵਕਤ ਤੋਂ ਅਸਤੀਫਾ ਦੇਣ ਦਾ ਦਬਾਅ ਸੀ ਕਿਉਂਕਿ ਸਤੰਬਰ ਵਿੱਚ ਉਨ੍ਹਾਂ ਦਾ OSD ਨਾਲ ਗੱਲਬਾਤ ਦਾ ਇੱਕ ਆਡੀਓ ਲੀਕ ਹੋਇਆ ਸੀ ਜਿਸ ਵਿੱਚ ਉਹ ਕਿਸੇ ਕਾਂਟਰੈਕਟਰ ਨੂੰ ਫਸਾ ਕੇ ਉਸ ਤੋਂ ਪੈਸਾ ਲੈਣ ਦੀ ਗੱਲ ਕਰ ਰਹੇ ਸਨ । ਇਸ ਆਡੀਓ ਦੇ ਲੀਕ ਹੋਣ ਤੋਂ ਬਾਅਦ ਵਿਰੋਧੀ ਧਿਰ ਉਨ੍ਹਾਂ ਦਾ ਅਸਤੀਫਾ ਮੰਗ ਰਿਹਾ ਸੀ। ਆਮ ਆਦਮੀ ਪਾਰਟੀ ਨੇ ਵੀ ਸਰਾਰੀ ਨੂੰ ਨੋਟਿਸ ਦੇਕੇ ਜਵਾਬ ਮੰਗਿਆ ਸੀ ਪਰ ਸਰਾਰੀ ਨੇ ਪਾਰਟੀ ਨੂੰ ਕੋਈ ਜਵਾਬ ਨਹੀਂ ਭੇਜਿਆ। ਮੁੱਖ ਮੰਤਰੀ ਭਗਵੰਤ ਮਾਨ ਨੇ ਪਹਿਲਾਂ ਕਿਹਾ ਸੀ ਕਿ ਦਿਵਾਲੀ ਤੋਂ ਬਾਅਦ ਸਰਾਰੀ ਅਸਤੀਫਾ ਦੇਣਗੇ । ਪਰ ਫਿਰ ਗੁਜਰਾਤ ਵਿਧਾਨਸਭਾ ਚੋਣਾਂ ਦੀ ਵਜ੍ਹਾ ਕਰਕੇ ਸੀਐੱਮ ਮਾਨ ਨੇ ਉਨ੍ਹਾਂ ਦਾ ਅਸਤੀਫਾ ਨਹੀਂ ਲਿਆ । ਪਰ ਹੁਣ ਜਦੋਂ ਕੈਬਨਿਟ ਵਿਸਤਾਰ ਦੀਆਂ ਚਰਚਾਵਾਂ ਸਰਗਰਮ ਹੋਇਆ ਸਨ ਤਾਂ ਉਨ੍ਹਾਂ ਦਾ ਅਸਤੀਫੇ ਇੱਕ ਵਾਰ ਮੁੜ ਤੋਂ ਚਰਚਾ ਵਿੱਚ ਆ ਗਿਆ । 4 ਮਹੀਨੇ ਦੀ ਦੁਬਿਧਾ ਤੋਂ ਬਾਅਦ ਹੁਣ ਫੌਜਾ ਸਿੰਘ ਸਰਾਰੀ ਨੇ ਹੁਣ ਅਸਤੀਫਾ ਦੇ ਦਿੱਤਾ ਹੈ। ਫੌਜਾ ਸਿੰਘ ਸਰਕਾਰੀ ਨੂੰ ਮਾਨ ਕੈਬਨਿਟ ਦੇ ਦੂਜੇ ਵਿਸਤਾਰ ਦੌਰਾਨ ਮੰਤਰੀ ਬਣਾਇਆ ਗਿਆ ਸੀ । ਉਹ 10 ਮਹੀਨਿਆਂ ਦੀ ਮਾਨ ਸਰਕਾਰ ਵਿੱਚ ਸਰਾਰੀ ਦੂਜੇ ਅਜਿਹੇ ਮੰਤਰੀ ਹਨ ਜਿੰਨਾਂ ਤੋਂ ਅਸਤੀਫਾ ਮੰਗਿਆ ਸੀ । ਇਸ ਤੋਂ ਪਹਿਲਾ ਸਿਹਤ ਮੰਤਰੀ ਵਿਜੇ ਸਿੰਗਲਾ ਤੋਂ ਵੀ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਤੋਂ ਬਾਅਦ ਅਸਤੀਫਾ ਲਿਆ ਗਿਆ ਸੀ । ਵਿਜੇ ਸਿੰਗਲਾ ਤਾਂ 3 ਮਹੀਨੇ ਇਸ ਮਾਮਲੇ ਵਿੱਚ ਜੇਲ੍ਹ ਵੀ ਗਏ ਸਨ । ਬਾਅਦ ਵਿੱਚੋਂ ਪੰਜਾਬ ਹਰਿਆਣਾ ਹਾਈਕੋਰਟ ਤੋਂ ਉਨ੍ਹਾਂ ਨੂੰ ਜ਼ਮਾਨਤ ਮਿਲੀ ਸੀ ।
ਕੀ ਹੈ ਆਡੀਓ ਲੀਕ ਮਾਮਲਾ
11 ਸਤੰਬਰ ਨੂੰ ਇੱਕ ਆਡੀਓ ਲੀਕ ਹੋਈ ਸੀ ਜਿਸ ਨੂੰ ਮੰਤਰੀ ਫੌਜਾ ਸਿੰਘ ਸਰਾਰੀ ਦੇ OSD ਤਰਸੇਮ ਲਾਲ ਕਪੂਰ ਨੇ ਆਪ ਲੀਕ ਕੀਤਾ ਸੀ । ਦੱਸਿਆ ਜਾ ਰਿਹਾ ਸੀ ਕਿ ਕਪੂਰ ਫੌਜਾ ਸਿੰਘ ਸਰਾਰੀ ਤੋਂ ਨਰਾਜ਼ ਸੀ । ਕਿਉਂਕਿ ਮੰਤਰੀ ਸਾਹਿਬ ਨੇ ਉਸ ਦੇ ਰਿਸ਼ਤੇਦਾਰ ਦੀ ਪੁਲਿਸ ਕੇਸ ਵਿੱਚ ਮਦਦ ਨਹੀਂ ਕੀਤੀ ਸੀ । ਤਰਸੇਮ ਲਾਲ ਨੇ ਜਿਹੜਾ ਕਥਿਤ ਆਡੀਓ ਲੀਕ ਕੀਤਾ ਸੀ ਉਸ ਵਿੱਚ ਦਾਅਵਾ ਕੀਤਾ ਜਾ ਰਿਹਾ ਸੀ ਕਿ ਫੂਟ ਪ੍ਰੋਸੈਸਿੰਗ ਮੰਤਰੀ ਫੌਜਾ ਸਿੰਘ ਸਰਾਰੀ ਕਿਸੇ ਕਾਂਟਰੈਕਟਰ ਨੂੰ ਫਸਾ ਕੇ ਉਸ ਤੋਂ ਪੈਸਾ ਲੈਣ ਦੀ ਗੱਲ ਕਹਿ ਰਿਹਾ ਹੈ । ਹਾਲਾਂਕਿ ਸਰਾਰੀ ਨੇ ਇਸ ਆਡੀਓ ਨੂੰ ਫਰਜ਼ੀ ਦੱਸਿਆ ਹੈ । ਉਨ੍ਹਾਂ ਦਾ ਦਾਅਵਾ ਹੈ ਕਿ ਆਡੀਓ ਨੂੰ ਐਡਿਟ ਕਰਕੇ ਉਨ੍ਹਾਂ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ । 1 ਮਿੰਟ 40 ਸੈਕੰਡ ਦੀ ਕਲਿੱਪ ਵਿੱਚ ਇਹ ਵੀ ਕਿਹਾ ਜਾ ਰਿਹਾ ਹੈ ‘ਉਸ ਵੇਲੇ ਟਰੱਕ ਨੂੰ ਫੜਿਆ ਜਾਵੇਗਾ ਜਦੋਂ ਉਹ ਅੱਧਾ ਅਨਾਜ ਨਾਲ ਭਰ ਜਾਵੇ । ਕਥਿਤ ਆਡੀਓ ਵਿੱਚ ਇਹ ਵੀ ਸੁਣਾਈ ਦੇ ਰਿਹਾ ਸੀ ਕਿ ‘ਇਸ ਦੀ ਕਮਿਸ਼ਨ ਡਿਸਟ੍ਰਿਕ ਫੂਡ ਅਤੇ ਸਿਵਿਲ ਸਪਲਾਈ ਕੰਟਰੋਲਰ ਕੋਲ ਵੀ ਜਾਵੇਗੀ’ ।