Punjab

ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਨੇ ਕੀਤੇ ਨਵੇਂ ਐਲਾਨ,ਇਹ ਹੋਵੇਗਾ ਸੰਘਰਸ਼ਾਂ ਦਾ ਨਵਾਂ ਰੂਪ

ਅੰਮ੍ਰਿਤਸਰ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੱਦੇ ‘ਤੇ ਡੀਸੀ ਦਫਤਰਾਂ ਤੇ ਟੋਲ ਪਲਾਜ਼ਿਆਂ ‘ਤੇ ਲਾਏ ਮੋਰਚੇ ਲਗਾਤਾਰ ਚੱਲ ਰਹੇ ਹਨ ਤੇ ਅੱਜ ਇਹ ਕ੍ਰਮਵਾਰ 43ਵੇਂ ਤੇ 24ਵੇਂ ਦਿਨ ਵਿੱਚ ਦਾਖਲ ਹੋ ਗਏ ਹਨ। ਇਸ ਦੌਰਾਨ ਇਹਨਾਂ ਅੰਦੋਲਨਾਂ ਦੀ ਹੁਣ ਤੱਕ ਦੀ ਕਾਰਗੁਜ਼ਾਰੀ ਦੀ ਸਮੀਖਿਆ ਤੇ ਅਗਲੇ ਸੰਘਰਸ਼ ਦੀ ਰੂਪ ਰੇਖਾ ਤੈਅ ਕਰਨ ਦੇ ਲਈ ਇਕ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਕੁੱਝ ਫੈਸਲੇ ਲਏ ਗਏ ਹਨ,ਜਿਨ੍ਹਾਂ ਬਾਰੇ ਜਥੰਬਦੀ ਦੇ ਸੂਬਾ ਸਕੱਤਰ  ਸਰਵਣ ਸਿੰਘ ਪੰਧੇਰ ਵੱਲੋਂ ਜਾਣਕਾਰੀ ਦਿੱਤੀ ਗਈ ਹੈ।

ਪੰਜਾਬ ਸਰਕਾਰ ‘ਤੇ ਵਰਦਿਆਂ ਕਿਸਾਨ ਆਗੂ ਪੰਧੇਰ ਨੇ ਕਿਹਾ ਹੈ ਕਿ ਸਰਕਾਰ ਦੀ ਨੀਅਤ ਤੇ ਨੀਤ ਦੋਨੋਂ ਖੋਟੀਆਂ ਹਨ। ਸਰਕਾਰ ਅੰਦੋਲਨ ਦੌਰਾਨ ਰੱਖੀਆਂ ਗਈਆਂ ਮੰਗਾਂ ਲਈ ਬਹੁਤ ਅਵੇਸਲੀ ਹੋਈ ਪਈ ਹੈ। ਇਸ ਲਈ ਇਸ ਅੰਦੋਲਨ ਦੀ ਰੂਪ ਰੇਖਾ ‘ਤੇ ਵੀ ਵਿਚਾਰ ਕੀਤਾ ਗਿਆ ਹੈ। ਇਸ ਮੀਟਿੰਗ ਵਿੱਚ ਇਹ ਵੀ ਫੈਸਲਾ ਲਿਆ ਗਿਆ ਹੈ ਕਿ ਨਵੇਂ ਲਏ ਫੈਸਲੇ ਦੇ ਅਨੁਸਾਰ ਡੀਸੀ ਦਫਤਰਾਂ ਤੇ ਟੋਲ ਪਲਾਜ਼ਿਆਂ ਤੋਂ ਧਰਨੇ ਹਟਾ ਲਏ ਜਾਣਗੇ ਪਰ ਸੰਘਰਸ਼ ਨਵੇਂ ਰੂਪ ਵਿੱਚ ਜਾਰੀ ਰਹੇਗਾ।

ਜ਼ੀਰਾ ਫੈਕਟਰੀ ਬੰਦ ਕਰਵਾਉਣ ਲਈ ਲਾਏ ਗਏ ਮੋਰਚਿਆਂ ਨੂੰ ਸਹਿਯੋਗ ਕਰਨ ਲਈ 11 ਜਨਵਰੀ ਨੂੰ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਦਫਤਰਾਂ ਦਾ ਜਿਲ੍ਹਾ ਪੱਧਰ ‘ਤੇ ਘਿਰਾਉ ਕੀਤਾ ਜਾਵੇਗਾ। ਫੈਕਟਰੀਆਂ ਰਾਹੀਂ ਗੈਰ ਕਾਨੂੰਨੀ ਤਰੀਕੇ ਨਾਲ ਗੰਦਾ ਤੇ ਜ਼ਹਿਰੀਲਾ ਪਾਣੀ ਦਰਿਆਵਾਂ ਤੇ ਨਾਲਿਆਂ ਵਿੱਚ ਪਾਇਆ ਦਾ ਰਿਹਾ ਹੈ। ਅੰਮ੍ਰਿਤਸਰ ਦੀ ਕਾਫੀ ਲੋਕ ਇਸ ਗੰਦੇ ਪਾਣੀ ਤੋਂ ਪ੍ਰਭਾਵਿਤ ਹੋ ਰਹੇ ਹਨ।

ਇਸ ਤੋਂ ਇਲਾਵਾ 26 ਜਨਵਰੀ ਨੂੰ ਜਿਲ੍ਹਾ ਹੈਡਕੁਆਰਟਰਾਂ ‘ਤੇ ਫਤਿਹ ਦਿਹਾੜਾ ਮਨਾਇਆ ਜਾਵੇਗਾ ਤੇ ਲਾਮਬੰਦੀ ਕੀਤੀ ਜਾਵੇਗੀ। ਜਿਸ ਦੌਰਾਨ ਲਖੀਮਪੁਰ ਖੀਰੀ ਇਨਸਾਫ਼,ਕਿਸਾਨਾਂ ‘ਤੇ ਪਾਏ ਕੇਸ ਵਾਪਸ ਲੈਣ ਦੀ ਮੰਗ ਤੇ ਕੇਂਦਰ ਸਰਕਾਰ  ਤੇ ਪੰਜਾਬ ਸਰਕਾਰ ਨਾਲ ਜੁੜੇ ਹੋਰ ਕਿਸਾਨੀ ਮੁੱਦਿਆਂ ਨੂੰ ਉਠਾਇਆ ਜਾਵੇਗਾ।

ਪੰਧੇਰ ਨੇ ਦੱਸਿਆ ਕਿ ਇਸ ਤੋਂ ਬਾਅਦ 29 ਜਨਵਰੀ ਨੂੰ ਪੂਰੇ ਪੰਜਾਬ ਵਿੱਚ 1 ਵਜੇ ਤੋਂ ਲੈ ਕੇ 4 ਵਜੇ ਤੱਕ 3 ਘੰਟਿਆਂ ਲਈ ਰੇਲਾਂ ਰੋਕੀਆਂ ਜਾਣਗੀਆਂ। ਕਿਉਂਕਿ ਇਸੇ ਦਿਨ ਦੋ ਸਾਲ ਪਹਿਲਾਂ ਸਿੰਘੂ ਬਾਰਡਰ ‘ਤੇ ਕਿਸਾਨਾਂ ਉੱਤੇ ਭਾਜਪਾ ਤੇ ਆਰਐਸਐਸ ਦੇ ਗੁੰਡਿਆਂ ਨੇ ਹਮਲਾ ਕੀਤਾ ਸੀ ਤੇ ਪਰਦੀਪ ਖੱਤਰੀ ਤੇ ਅਮਨ ਡਬਾਸ ਨਾਮਕ ਵਿਅਕਤੀਆਂ ਨੇ 150 ਗੁੰਡਿਆਂ ਦੀ ਭੀੜ ਦੀ ਅਗਵਾਈ ਕੀਤੀ ਸੀ,ਜਿਸ ਦੌਰਾਨ ਅੱਗ ਲਾਉਣ ਤੇ ਕਿਸਾਨਾਂ ਉੱਤੇ ਹੈਲੀਕਾਪਟਰ ਨਾਲ ਹੰਝੂ ਗੈਸ ਛੱਡਣ ਦੀ ਕਾਰਵਾਈ ਵੀ ਹੋਈ ਸੀ ਪਰ ਅੱਜ ਤੱਕ ਕਿਸੇ ਵੀ ਹਮਲਾਵਰ ‘ਤੇ ਕੋਈ ਕਾਰਵਾਈ ਨਹੀਂ ਹੋਈ ਹੈ। ਇਸ ਤੋਂ ਇਲਾਵਾ ਕੇਂਦਰ ਤੇ ਰਾਜ ਸਰਕਾਰ ਨਾਲ ਜੁੜੀਆਂ ਰਹਿੰਦੀਆਂ ਕਿਸਾਨੀ ਮੰਗਾਂ ਨੂੰ ਪੂਰੀਆਂ ਕਰਵਾਉਣ ਲਈ ਇਹ ਰੇਲਾਂ ਰੋਕੀਆਂ ਜਾਣਗੀਆਂ।

ਪੰਧੇਰ ਨੇ ਇਹ ਵੀ ਕਿਹਾ ਹੈ ਕਿ ਗੁਰਦਾਸਪੁਰ ਵਿੱਚ ਜਿਥੇ ਵੀ ਰੇਲਾਂ ਰੋਕੀਆਂ ਜਾਣਗੀਆਂ,ਉਥੇ ਤਿੰਨ ਘੰਟਿਆਂ ਲਈ ਨਹੀਂ ,ਸਗੋਂ ਲਗਾਤਾਰ ਰੇਲ ਰੋਕੋ ਅੰਦੋਲਨ ਕੀਤਾ ਜਾਵੇਗਾ। ਕਿਉਂਕਿ ਭਾਰਤ ਮਾਲਾ ਤੇ ਹੋਰ ਪ੍ਰੋਜੈਕਟਾਂ ਲਈ ਕਿਸਾਨਾਂ ਦੀਆਂ ਜ਼ਮੀਨਾਂ ਐਕੁਆਇਰ ਕੀਤੀਆਂ ਜਾ ਰਹੀਆਂ ਹਨ ਪਰ ਮੁਆਵਜ਼ਾ ਬਹੁਤ ਅਸਾਵਾਂ ਹੈ ਤੇ ਲਗਾਤਾਰ ਕਬਜਾ ਕਰਨ ਦੀਆਂ ਪ੍ਰਸ਼ਾਸਨ ਦੀਆਂ ਕੋਸ਼ਿਸ਼ਾਂ ਜਾਰੀ ਹਨ।
ਇਸ ਤੋਂ ਇਲਾਵਾ ਖੰਡ ਮਿਲਾਂ ਤੇ ਕਿਸਾਨਾਂ ਨਾਲ ਜੁੜੇ ਮਾਮਲਿਆਂ ਕਾਰਨ ਵੀ ਕਿਸਾਨ ਦੁਖੀ ਹੈ।