Punjab

ਕਿਸਾਨਾਂ ਨੇ ਸੰਗਰੂਰ ਦੇ ਡੀਸੀ ਦਾ ਘੇਰਿਆ ਦਫ਼ਤਰ

‘ਦ ਖ਼ਾਲਸ ਬਿਊਰੋ:- ਕਿਸਾਨ ਮਾਰੂ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ ਬੇਨੜਾ ਪੈਟਰੋਲ ਪੰਪ ‘ਤੇ ਧਰਨੇ ਦੌਰਾਨ ਮਰੇ ਕਿਸਾਨ ਮੇਘਰਾਜ ਨਾਗਰੀ ਦੇ ਪਰਿਵਾਰ ਨੂੰ ਮੁਆਵਜ਼ਾ ਦਿਵਾਉਣ ਲਈ ਹਜ਼ਾਰਾਂ ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੀ ਅਗਵਾਈ ਹੇਠ ਸੰਗਰੂਰ ਦੇ ਡਿਪਟੀ ਕਮਿਸ਼ਨਰ ਦਾ ਦਫ਼ਤਰ ਘੇਰ ਲਿਆ। ਕਿਸਾਨਾਂ ਨੇ ਡੀਸੀ ਦਫਤਰ ਦੇ ਦੋਵੇਂ ਮੁੱਖ ਗੇਟਾਂ ‘ਤੇ ਨਾਕੇਬੰਦੀ ਕਰਦਿਆਂ ਧਰਨਾ ਜਾਰੀ ਰੱਖਿਆ ਹੋਇਆ ਹੈ।

ਦਫਤਰ ਬੈਠੇ ਡਿਪਟੀ ਕਮਿਸ਼ਨਰ ਰਾਮਵੀਰ ਨੂੰ ਜਿਉਂ ਹੀ ਘਿਰਾਓ ਦਾ ਪਤਾ ਲੱਗਾ ਤਾਂ ਉਨ੍ਹਾਂ ਆਪਣੀ ਗੱਡੀ ਰਾਹੀਂ ਦਫਤਰ ਦੇ ਪਿਛਲੇ ਗੇਟ ਤੋਂ ਲੰਘਣ ਦੀ ਕੋਸਿਸ਼ ਕੀਤੀ ਪਰ ਕਿਸਾਨਾਂ ਨੇ ਡੀਸੀ ਦਾ ਘਿਰਾਓ ਕਰ ਲਿਆ ਅਤੇ ਉਨ੍ਹਾਂ ਨੂੰ ਦਫ਼ਤਰ ਮੁੜਨ ਲਈ ਮਜਬੂਰ ਕਰ ਦਿੱਤਾ। ਇਸ ਤੋਂ ਬਾਅਦ ਡੀਸੀ ਜ਼ਿਲ੍ਹਾ ਖਜ਼ਾਨਾ ਦਫਤਰ ਵਾਲੇ ਪਾਸੇ ਬਜ਼ਾਰ ਵੱਲ ਸਥਿਤ ਗੇਟ ਰਾਹੀਂ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਪੈਦਲ ਚੱਲ ਕੇ ਆਪਣੇ ਦਫਤਰ ਤੋਂ ਬਾਹਰ ਨਿਕਲਣ ਵਿੱਚ ਕਾਮਯਾਬ ਹੋਏ। ਕਿਸਾਨ ਦੀ ਮੌਤ 9 ਅਕਤੂਬਰ ਨੂੰ ਹੋਈ ਸੀ ਜਿਸ ਦਾ ਹਾਲੇ ਤੱਕ ਸਸਕਾਰ ਨਹੀਂ ਕੀਤਾ ਗਿਆ।