Punjab

ਮਾਲ ‘ਚ ਰਿਲਾਇੰਸ ਦੀ ਦੁਕਾਨ ਬੰਦ ਕਰਵਾਉਣ ਵਾਲੇ ਇਨ੍ਹਾਂ ਭਰਾਵਾਂ ਦਾ ਹੋ ਰਿਹਾ ਬੁਰਾ ਹਾਲ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਖਰੜ ਦੇ ਨੇੜੇ ਵੀ.ਆਰ.ਪੰਜਾਬ ਸ਼ਾਪਿੰਗ ਮਾਲ ਵਿੱਚ ‘ਟੈਗ ਯੂ.ਐੱਸ.ਏ.’ ਨਾਂ ਦੀ ਦੁਕਾਨ ਨੂੰ ਕਿਸਾਨੀ ਅੰਦੋਲਨ ਦੀ ਹਮਾਇਤ ਕਰਨਾ ਮਹਿੰਗਾ ਪੈ ਰਿਹਾ ਹੈ। ਸ਼ਾਪਿੰਗ ਮਾਲ ਦੇ ਪ੍ਰਬੰਧਕਾਂ ਵੱਲੋਂ ਦੁਕਾਨ ਮਾਲਕ ਨੂੰ ਆਪਣੀ ਦੁਕਾਨ ਤੋਂ ਕਿਸਾਨੀ ਅੰਦੋਲਨ ਦੀ ਹਮਾਇਤ ਨਾ ਕਰਨ ਲਈ ਕਿਹਾ ਜਾ ਰਿਹਾ ਹੈ ਅਤੇ ਅਜਿਹਾ ਨਾ ਕਰਨ ‘ਤੇ ਉਨ੍ਹਾਂ ਦੀ ਦੁਕਾਨ ਦਾ ਕੰਮ ਪ੍ਰਭਾਵਿਤ ਕਰਨ ਦੀ ਚਿਤਾਵਨੀ ਦਿੱਤੀ ਗਈ ਹੈ।

ਦਰਅਸਲ, ਦੁਕਾਨ ਦੇ ਮਾਲਕ ਕਮਲਜੀਤ ਸਿੰਘ ਕਿਸਾਨੀ ਸੰਘਰਸ਼ ਦੇ ਹਮਾਇਤੀ ਹਨ। ਉਨ੍ਹਾਂ ਨੇ ਕਿਸਾਨੀ ਸੰਘਰਸ਼ ਦੇ ਹੱਕ ‘ਚ ਆਪਣੇ ਦੁਕਾਨ ‘ਤੇ ਝੰਡੇ ਲਾਏ ਅਤੇ ਕਿਸਾਨੀ ਅੰਦੋਲਨ ਨੂੰ ਸਮਰਪਿਤ ਅਖ਼ਬਾਰ ‘ਟਰਾਲੀ ਟਾਈਮਜ਼’ ਨੂੰ ਆਪਣੇ ਕਾਊਂਟਰ ਤੋਂ ਲੋਕਾਂ ਨੂੰ ਮੁਫ਼ਤ ਵੰਡਿਆ। ਇਸ ਦੇ ਵਿਰੋਧ ਵਜੋਂ ਸ਼ਾਪਿੰਗ ਮਾਲ ਦੇ ਪ੍ਰਬੰਧਕਾਂ ਨੇ ਦੁਕਾਨ ‘ਤੇ ਆ ਕੇ ਉਨ੍ਹਾਂ ਨੂੰ ਮਾਲ ਦੇ ਅੰਦਰ ਆਪਣੀ ਦੁਕਾਨ ‘ਤੇ ਕਿਸਾਨ ਸੰਘਰਸ਼ ਦੀ ਹਿਮਾਇਤ ਨਾ ਕਰਨ ਦੀ ਤਾਕੀਦ ਕੀਤੀ।

ਲੌਕਡਾਊਨ ਤੋਂ ਬਾਅਦ ਇੱਕ ਅਗਸਤ 2021 ਨੂੰ ਜਦੋਂ ਦੁਕਾਨਦਾਰ ਆਪਣੀ ਦੁਕਾਨ ਮੁੜ ਖੋਲ੍ਹਣ ਲੱਗੇ ਤਾਂ ਉਨ੍ਹਾਂ ਨੇ ਦੁਕਾਨ ‘ਤੇ ਕਿਸਾਨੀ ਝੰਡੇ ਲਾ ਦਿੱਤੇ, ਜਿਸ ਤੋਂ ਪ੍ਰਬੰਧਕਾਂ ਨੇ ਉਨ੍ਹਾਂ ਦੀ ਦੁਕਾਨ ‘ਤੇ ਰੋਕ ਲਗਾ ਦਿੱਤੀ। ਦੁਕਾਨ ਮਾਲਕ ਕਮਲਜੀਤ ਸਿੰਘ ਦੇ ਭਰਾ ਗਗਨਪ੍ਰੀਤ ਸਿੰਘ ਨੇ ਇਹ ਰੋਕਾਂ ਹਟਾਉਣ ਦੀ ਮੰਗ ਕੀਤੀ। ਉਨ੍ਹਾਂ ਦੱਸਿਆ ਕਿ ਉਹਨਾਂ ਨੇ ਕਿਸਾਨੀ ਸੰਘਰਸ਼ ਦਾ ਸਾਥ ਦਿੰਦਿਆਂ ਕੁੱਝ ਮਹੀਨੇ ਪਹਿਲਾਂ ਇਸੇ ਸ਼ਾਪਿੰਗ ਮਾਲ ਅੰਦਰ ਸਥਿਤ ‘ਰਿਲਾਇੰਸ ਮਾਰਕੀਟ’ ਨੂੰ ਬੰਦ ਕਰਵਾਇਆ ਸੀ, ਜਿਸ ਦੇ ਕਾਰਨ ਹੁਣ ਉਨ੍ਹਾਂ ਦੇ ਕਾਰੋਬਾਰ ‘ਤੇ ਆਰਥਿਕ ਸੱਟ ਮਾਰੀ ਜਾ ਰਹੀ ਹੈ। ਉਨ੍ਹਾਂ ਨੇ ਕਿਸਾਨਾਂ ਸਮੇਤ ਸਾਰੇ ਲੋਕਾਂ ਨੂੰ ਉਨ੍ਹਾਂ ਦੇ ਹੱਕ ਵਿੱਚ ਆਵਾਜ਼ ਚੁੱਕਣ ਦੀ ਅਪੀਲ ਕੀਤੀ।