Punjab

9 ਘੰਟਿਆਂ ਬਾਅਦ ਬੋਰਵੈੱਲ ਵਿੱਚੋਂ ਬੱਚੇ ਨੂੰ ਸੁਰੱਖਿਅਤ ਕੱਢਿਆ ਬਾਹਰ

ਹੁਸ਼ਿਆਰਪੁਰ ਦੇ ਚੱਕ ਸਮਾਣਾ (ਕੁੱਲੀਆ) ਵਿਖੇ ਸ਼ੁੱਕਰਵਾਰ ਸ਼ਾਮ 4 ਵਜੇ ਦੇ ਕਰੀਬ ਇੱਕ 4 ਸਾਲਾ ਬੱਚਾ ਖੇਡਦੇ ਸਮੇਂ 300 ਫੁੱਟ ਡੂੰਘੇ ਖੁੱਲ੍ਹੇ ਬੋਰਵੈੱਲ ਵਿੱਚ ਡਿੱਗ ਗਿਆ। ਬੱਚਾ ਲਗਭਗ 30 ਫੁੱਟ ਹੇਠਾਂ ਫਸ ਗਿਆ ਸੀ। ਇਸ ਘਟਨਾ ਨੇ ਪੂਰੇ ਇਲਾਕੇ ਵਿੱਚ ਦਹਿਸ਼ਤ ਫੈਲਾ ਦਿੱਤੀ ਸੀ। ਪਰ ਭਗਵਾਨ ਦੀ ਮੇਹਰ ਅਤੇ ਰੈਸਕਿਊ ਟੀਮਾਂ ਦੀ ਅਣਥੱਕ ਮਿਹਨਤ ਨਾਲ ਲਗਭਗ 9 ਘੰਟਿਆਂ ਬਾਅਦ ਬੱਚੇ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।

ਬੱਚੇ ਦਾ ਨਾਂ ਗੁਰਕਰਨ ਸਿੰਘ ਹੈ। ਉਹ ਮਜ਼ਦੂਰ ਹਰਿੰਦਰ ਸਿੰਘ ਅਤੇ ਆਸ਼ਾ ਦਾ ਪੁੱਤਰ ਹੈ। ਬੋਰਵੈੱਲ ਲਗਭਗ 15 ਦਿਨਾਂ ਤੋਂ ਪੁੱਟਿਆ ਜਾ ਰਿਹਾ ਸੀ ਅਤੇ ਪਾਈਪ ਵਿਛਾਉਣ ਲਈ ਟੋਆ ਖੋਦਿਆ ਗਿਆ ਸੀ। 15 ਇੰਚ ਦੀ ਪਾਈਪ ਲਗਾਉਣ ਤੋਂ ਬਾਅਦ ਵੀ ਟੋਆ ਪੂਰੀ ਤਰ੍ਹਾਂ ਨਹੀਂ ਭਰਿਆ ਗਿਆ ਸੀ। ਰੇਤਲੀ ਧਰਤੀ ਕਾਰਨ ਖੇਡਦੇ ਹੋਏ ਬੱਚੇ ਦਾ ਪੈਰ ਫਿਸਲਿਆ ਅਤੇ ਉਹ ਖੁੱਲ੍ਹੇ ਬੋਰਵੈੱਲ ਵਿੱਚ ਡਿੱਗ ਗਿਆ।

ਸੂਚਨਾ ਮਿਲਦੇ ਹੀ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਅਤੇ ਐਸਐਸਪੀ ਸੰਦੀਪ ਕੁਮਾਰ ਮਲਿਕ ਨੇ ਤੁਰੰਤ ਮੌਕੇ ਉੱਤੇ ਪਹੁੰਚ ਕੇ ਰੈਸਕਿਊ ਆਪਰੇਸ਼ਨ ਦੀ ਅਗਵਾਈ ਕੀਤੀ। NDRF, SDRF, ਪੰਜਾਬ ਪੁਲਿਸ, ਫਾਇਰ ਬ੍ਰਿਗੇਡ ਅਤੇ ਸਥਾਨਕ ਲੋਕਾਂ ਨੇ ਰਾਤ ਭਰ ਮਿਲ ਕੇ ਬਚਾਅ ਕਾਰਵਾਈ ਚਲਾਈ। ਸ਼ਨੀਵਾਰ ਰਾਤ 12:40 ਵਜੇ ਬੱਚੇ ਨੂੰ ਬਾਹਰ ਕੱਢਿਆ ਗਿਆ। ਬਾਹਰ ਆਉਂਦੇ ਹੀ ਬੱਚਾ ਆਪਣੀ ਮਾਂ ਨੂੰ ਜੱਫੀ ਪਾ ਕੇ ਰੋ ਪਿਆ।

ਬੱਚੇ ਨੂੰ ਤੁਰੰਤ ਸਿਵਲ ਹਸਪਤਾਲ ਹੁਸ਼ਿਆਰਪੁਰ ਲਿਜਾਇਆ ਗਿਆ। ਡਾਕਟਰਾਂ ਨੇ ਉਸ ਨੂੰ ਖ਼ਤਰੇ ਤੋਂ ਬਾਹਰ ਦੱਸਿਆ ਹੈ। ਹਾਲਾਂਕਿ ਹੋਰ ਮੁਲਾਂਕਣ ਲਈ ਉਸ ਨੂੰ ਐਂਬੂਲੈਂਸ ਰਾਹੀਂ ਮੈਡੀਕਲ ਟੀਮ ਨਾਲ ਰਵਾਨਾ ਕੀਤਾ ਗਿਆ ਅਤੇ ਇਲਾਜ ਚੱਲ ਰਿਹਾ ਹੈ।

ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਨੇ ਹਸਪਤਾਲ ਪਹੁੰਚ ਕੇ ਬੱਚੇ ਦਾ ਹਾਲ ਚਾਲ ਜਾਣਿਆ। ਉਨ੍ਹਾਂ ਨੇ ਡਾਕਟਰਾਂ ਅਤੇ ਅਧਿਕਾਰੀਆਂ ਨੂੰ ਸਖ਼ਤ ਨਿਰਦੇਸ਼ ਦਿੱਤੇ ਕਿ ਬੱਚੇ ਦੇ ਇਲਾਜ ਵਿੱਚ ਕੋਈ ਕਮੀ ਨਾ ਛੱਡੀ ਜਾਵੇ ਅਤੇ ਉਸ ਨੂੰ ਬਿਹਤਰੀਨ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ। ਉਨ੍ਹਾਂ ਰੈਸਕਿਊ ਟੀਮ ਅਤੇ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਅਤੇ ਬੱਚੇ ਦੀ ਜਲਦ ਸਿਹਤਯਾਬੀ ਲਈ ਅਰਦਾਸ ਕੀਤੀ।