India Khaas Lekh Khalas Tv Special Punjab Video

ਆਪਣਾ ਮਹਿਲ ਵੇਚ ਦੇ ਦੇਸ਼ ਨੂੰ ਏਮਜ਼ ਵਰਗਾ ਹਸਪਤਾਲ ਦੇਣ ਵਾਲੀ ਰਾਜਕੁਮਾਰੀ ਕੌਣ ਸੀ ?

ਅੱਜ ਅਸੀਂ ਉਸ ਮਹਾਨ ਰਾਜਕੁਮਾਰੀ ਬਾਰੇ ਗੱਲ ਕਰਾਂਗੇ ਜਿਸ ਦਾ ਜਨਮ ਰਾਜਘਰਾਣੇ ਵਿੱਚ ਹੋਇਆ ਸੀ, ਪਰ ਉਸ ਦਾ ਦਿਲ ਹਮੇਸ਼ਾ ਆਮ ਇਨਸਾਨ ਲਈ ਧੜਕਦਾ ਸੀ। ਭਾਰਤ ਦੀ ਆਜ਼ਾਦੀ ਲਈ ਆਪਣਾ ਰਾਜਸੀ ਸੁੱਖ ਛੱਡ ਕੇ ਜੇਲ੍ਹਾਂ ਵਿੱਚ ਰਾਤਾਂ ਬਿਤਾਉਣ ਵਾਲੀ ਇਸ ਪੰਜਾਬੀ ਧੀ ਨੇ ਮਹਾਤਮਾ ਗਾਂਧੀ ਦੀ ਪ੍ਰੇਰਣਾ ਨਾਲ ਦੇਸ਼ ਨੂੰ ਇੱਕ ਅਜਿਹਾ ਸਿਹਤ ਅਦਾਰਾ ਦਿੱਤਾ ਜੋ ਅੱਜ ਵੀ ਲੱਖਾਂ ਲੋਕਾਂ ਲਈ ਸੰਜੀਵਨੀ ਬਣਿਆ ਹੋਇਆ ਹੈ।

ਉਹ ਰਾਜਕੁਮਾਰੀ ਅੰਮ੍ਰਿਤ ਕੌਰ ਹਨ, ਭਾਰਤ ਦੀ ਪਹਿਲੀ ਸਿਹਤ ਮੰਤਰੀ ਅਤੇ ਕਪੂਰਥਲਾ ਰਿਆਸਤ ਦੀ ਰਾਜਕੁਮਾਰੀ। ਉਨ੍ਹਾਂ ਨੇ ਆਪਣਾ ਮਹਿਲ ਤੱਕ ਦਾਨ ਕਰ ਕੇ ਏਆਈਆਈਐੱਮਐੱਸ (AIIMS) ਬਣਾਇਆ ਅਤੇ ਖੇਡ ਮੰਤਰੀ ਵਜੋਂ ਪਟਿਆਲਾ ਵਿੱਚ ਨੇਤਾਜੀ ਸੁਭਾਸ਼ ਚੰਦਰ ਬੋਸ ਨੈਸ਼ਨਲ ਇੰਸਟੀਟਿਊਟ ਆਫ਼ ਸਪੋਰਟਸ (NSNIS) ਦੀ ਨੀਂਹ ਰੱਖੀ। ਇਸ ਖਾਸ ਰਿਪੋਰਟ ਵਿੱਚ ਉਨ੍ਹਾਂ ਦੀ ਜੀਵਨੀ ਅਤੇ ਯੋਗਦਾਨ ਬਾਰੇ ਵਿਸਥਾਰ ਨਾਲ ਜਾਣੀਏ।
ਰਾਜਕੁਮਾਰੀ ਦਾ ਜਨਮ

ਰਾਜਕੁਮਾਰੀ ਅੰਮ੍ਰਿਤ ਕੌਰ ਦਾ ਜਨਮ 1889 ਵਿੱਚ ਲਖਨਊ ਵਿੱਚ ਹੋਇਆ ਸੀ (ਕੁਝ ਸਰੋਤਾਂ ਵਿੱਚ 1887 ਵਜੋਂ ਵੀ ਦਰਜ ਹੈ)। ਉਨ੍ਹਾਂ ਦੇ ਪਿਤਾ ਰਾਜਾ ਹਰਨਾਮ ਸਿੰਘ ਆਹਲੂਵਾਲੀਆ ਸਨ, ਜਿਨ੍ਹਾਂ ਨੂੰ ਅੰਗਰੇਜ਼ਾਂ ਵੱਲੋਂ ‘ਸਰ’ ਦੀ ਉਪਾਧੀ ਨਾਲ ਨਵਾਜਿਆ ਗਿਆ ਸੀ। ਉਹ ਕਪੂਰਥਲਾ ਰਿਆਸਤ ਦੇ ਮਹਾਰਾਜਾ ਦੇ ਸਭ ਤੋਂ ਛੋਟੇ ਪੁੱਤਰ ਸਨ। ਰਾਜਗੱਦੀ ਨੂੰ ਲੈ ਕੇ ਵਿਵਾਦ ਉੱਠਣ ਤੋਂ ਬਾਅਦ ਰਾਜਾ ਹਰਨਾਮ ਸਿੰਘ ਲਖਨਊ ਆ ਗਏ ਅਤੇ ਅਵਧ ਰਿਆਸਤ ਵਿੱਚ ਮੈਨੇਜਰ ਵਜੋਂ ਕੰਮ ਕੀਤਾ। ਉਨ੍ਹਾਂ ਨੇ ਪੱਛਮੀ ਬੰਗਾਲ ਦੀ ਪ੍ਰਿਸਿਲਾ ਨਾਲ ਵਿਆਹ ਕੀਤਾ। ਇਸ ਦੰਪਤੀ ਦੀਆਂ 9 ਪੁੱਤਰ ਸੰਤਾਨਾਂ ਤੋਂ ਬਾਅਦ 10ਵੀਂ ਧੀ ਵਜੋਂ ਅੰਮ੍ਰਿਤ ਕੌਰ ਦਾ ਜਨਮ ਹੋਇਆ। ਉਨ੍ਹਾਂ ਨੇ ਆਪਣੀ ਬਚਪਨ ਅਤੇ ਉੱਚ ਤਾਲੀਮ ਇੰਗਲੈਂਡ ਵਿੱਚ ਪ੍ਰਾਪਤ ਕੀਤੀ। ਸ਼ੀਰਬਰਨ ਸਕੂਲ ਆਫ਼ ਗਰਲਜ਼ ਤੋਂ ਬਾਅਦ ਆਕਸਫੋਰਡ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ। ਪੜ੍ਹਾਈ ਪੂਰੀ ਕਰਕੇ 1908 ਵਿੱਚ ਭਾਰਤ ਵਾਪਸ ਆ ਗਈਆਂ।

ਰਾਜਨੀਤੀ ਅਤੇ ਸਮਾਜ ਸੇਵਾ ਵੱਲ ਆਕਰਸ਼ਿਤ

ਭਾਰਤ ਆ ਕੇ ਉਹ ਰਾਜਨੀਤੀ ਅਤੇ ਸਮਾਜ ਸੇਵਾ ਵੱਲ ਆਕਰਸ਼ਿਤ ਹੋਈ। ਮਹਾਤਮਾ ਗਾਂਧੀ ਦੇ ਸਿਆਸੀ ਗੁਰੂ ਗੋਪਾਲ ਕ੍ਰਿਸ਼ਨ ਗੋਖਲੇ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਨੇ ਆਜ਼ਾਦੀ ਅੰਦੋਲਨ ਵਿੱਚ ਹਿੱਸਾ ਲੈਣਾ ਸ਼ੁਰੂ ਕੀਤਾ। ਗਾਂਧੀ ਜੀ ਬਾਰੇ ਜਾਣ ਕੇ ਉਹ ਉਨ੍ਹਾਂ ਦੀਆਂ ਵੱਡੀਆਂ ਪ੍ਰਸ਼ੰਸਕ ਬਣ ਗਈ। ਉਨ੍ਹਾਂ ਨੇ ਢਾਂਢੀ ਮਾਰਚ (ਨਮਕ ਸੱਤਿਆਗ੍ਰਹਿ) ਵਿੱਚ ਹਿੱਸਾ ਲਿਆ ਅਤੇ ਜੇਲ੍ਹ ਵੀ ਗਈ। ਮਾਤਾ-ਪਿਤਾ ਦੇ ਦੇਹਾਂਤ ਤੋਂ ਬਾਅਦ 1930 ਵਿੱਚ ਉਨ੍ਹਾਂ ਨੇ ਰਾਜਮਹਿਲ ਛੱਡ ਦਿੱਤਾ ਅਤੇ ਪੂਰਾ ਜੀਵਨ ਆਜ਼ਾਦੀ ਲੜਾਈ ਨੂੰ ਸਮਰਪਿਤ ਕਰ ਦਿੱਤਾ। ਵਿਦੇਸ਼ੀ ਤਾਲੀਮ ਪ੍ਰਾਪਤ ਇਸ ਰਾਜਕੁਮਾਰੀ ਨੇ ਆਪਣੀਆਂ ਸਭ ਤੋਂ ਵਧੀਆ ਤਾਕਤਾਂ ਦੇਸ਼ ਦੀ ਸੇਵਾ ਵਿੱਚ ਲਗਾ ਦਿੱਤੀਆਂ।
ਭਾਰਤ ਦੀ ਪਹਿਲੀ ਸਿਹਤ ਮੰਤਰੀ ਬਣੀ

ਆਜ਼ਾਦੀ ਤੋਂ ਬਾਅਦ ਜਵਾਹਰਲਾਲ ਨਹਿਰੂ ਦੀ ਅਗਵਾਈ ਵਾਲੇ ਪਹਿਲੇ ਮੰਤਰੀ ਮੰਡਲ ਵਿੱਚ ਉਨ੍ਹਾਂ ਦਾ ਨਾਂ ਸ਼ੁਰੂ ਵਿੱਚ ਨਹੀਂ ਸੀ, ਪਰ ਮਹਾਤਮਾ ਗਾਂਧੀ ਦੀ ਸਿਫਾਰਿਸ਼ ਤੇ ਉਨ੍ਹਾਂ ਨੂੰ ਸ਼ਾਮਲ ਕੀਤਾ ਗਿਆ। ਉਹ ਭਾਰਤ ਦੀ ਪਹਿਲੀ ਸਿਹਤ ਮੰਤਰੀ ਬਣੀ। ਉਨ੍ਹਾਂ ਦਾ ਸਭ ਤੋਂ ਵੱਡਾ ਸੁਪਨਾ ਸੀ ਕਿ ਦੇਸ਼ ਵਿੱਚ ਇੱਕ ਅਜਿਹੀ ਉੱਚ ਪੱਧਰੀ ਸਿਹਤ ਸੰਸਥਾ ਬਣਾਈ ਜਾਵੇ ਜਿੱਥੇ ਉੱਤਮ ਇਲਾਜ ਅਤੇ ਖੋਜ ਹੋ ਸਕੇ ਅਤੇ ਨੌਜਵਾਨ ਡਾਕਟਰ ਆਪਣੇ ਦੇਸ਼ ਵਿੱਚ ਹੀ ਉੱਚ ਤਾਲੀਮ ਲੈ ਸਕਣ। ਇਸ ਸੁਪਨੇ ਨੂੰ ਸਾਕਾਰ ਕਰਨ ਲਈ 18 ਫ਼ਰਵਰੀ 1956 ਨੂੰ ਲੋਕ ਸਭਾ ਵਿੱਚ ਉਨ੍ਹਾਂ ਨੇ ਬਿਲ ਪੇਸ਼ ਕੀਤਾ। ਬਿਨਾਂ ਕਿਸੇ ਤਿਆਰ ਭਾਸ਼ਣ ਦੇ ਉਨ੍ਹਾਂ ਨੇ ਇੱਕ ਅਜਿਹਾ ਭਾਸ਼ਣ ਦਿੱਤਾ ਜਿਸ ਦੀ ਮਿਸਾਲ ਅੱਜ ਵੀ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਸੁਪਨਾ ਹੈ ਕਿ ਪੋਸਟ ਗ੍ਰੈਜੂਏਟ ਮੈਡੀਕਲ ਐਜੂਕੇਸ਼ਨ ਲਈ ਇੱਕ ਉੱਤਮ ਸੰਸਥਾ ਬਣੇ ਤਾਂ ਜੋ ਨੌਜਵਾਨ ਆਪਣੇ ਦੇਸ਼ ਵਿੱਚ ਰਹਿ ਕੇ ਅੱਗੇ ਵਧ ਸਕਣ।

ਬਿਲ ਪੇਸ਼ ਕਰਨ ਤੋਂ ਬਾਅਦ ਉਨ੍ਹਾਂ ਨੇ ਫੰਡ ਇਕੱਠਾ ਕਰਨ ਦੀ ਮੁਹਿੰਮ ਸ਼ੁਰੂ ਕੀਤੀ। ਆਪਣੀ ਵਿਦੇਸ਼ੀ ਪੜ੍ਹਾਈ ਅਤੇ ਸੰਪਰਕਾਂ ਦਾ ਲਾਭ ਉਠਾਉਂਦਿਆਂ ਉਨ੍ਹਾਂ ਨੇ ਅਮਰੀਕਾ, ਸਵੀਡਨ, ਪੱਛਮੀ ਜਰਮਨੀ, ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਤੋਂ ਫੰਡ ਇਕੱਠਾ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਸ਼ਿਮਲਾ ਵਿੱਚ ਆਪਣਾ ਰਾਜਮਹਿਲ ਵੀ ਏਆਈਆਈਐੱਮਐੱਸ ਲਈ ਦਾਨ ਕਰ ਦਿੱਤਾ। ਮਈ 1956 ਵਿੱਚ ਸੰਸਦ ਦੋਵੇਂ ਸਦਨਾਂ ਵਿੱਚ ਆਲ ਇੰਡੀਆ ਇੰਸਟੀਟਿਊਟ ਆਫ਼ ਮੈਡੀਕਲ ਸਾਇੰਸਿਜ਼ ਐਕਟ ਪਾਸ ਹੋ ਗਿਆ ਅਤੇ ਏਆਈਆਈਐੱਮਐੱਸ ਦੀ ਨੀਂਹ ਪੈ ਗਈ। ਇਸ ਅਦਾਰੇ ਨੇ ਭਾਰਤ ਨੂੰ ਵਿਸ਼ਵ ਪੱਧਰੀ ਸਿਹਤ ਸੇਵਾਵਾਂ ਅਤੇ ਖੋਜ ਦੀ ਭੇਟ ਦਿੱਤੀ ਹੈ।

ਰਾਜਕੁਮਾਰੀ ਅੰਮ੍ਰਿਤ ਕੌਰ ਸਿਰਫ਼ ਸਿਹਤ ਮੰਤਰੀ ਹੀ ਨਹੀਂ ਰਹੀਆਂ ਬਲਕਿ ਖੇਡਾਂ ਅਤੇ ਸ਼ਹਿਰੀ ਵਿਕਾਸ ਵਰਗੇ ਵਿਭਾਗ ਵੀ ਉਨ੍ਹਾਂ ਕੋਲ ਰਹੇ। ਖੇਡ ਮੰਤਰੀ ਵਜੋਂ ਉਨ੍ਹਾਂ ਨੇ ਪਟਿਆਲਾ ਵਿੱਚ ਨੇਤਾਜੀ ਸੁਭਾਸ਼ ਨੈਸ਼ਨਲ ਇੰਸਟੀਟਿਊਟ ਆਫ਼ ਸਪੋਰਟਸ (NSNIS) ਦੀ ਸਥਾਪਨਾ ਕੀਤੀ। ਇਸ ਅਦਾਰੇ ਨੇ ਓਲੰਪਿਕ, ਕਾਮਨਵੈਲਥ ਅਤੇ ਏਸ਼ੀਅਨ ਖੇਡਾਂ ਲਈ ਲੱਖਾਂ ਖਿਡਾਰੀਆਂ ਨੂੰ ਤਿਆਰ ਕੀਤਾ ਹੈ। ਅੱਜ ਵੀ NSNIS ਦਾ ਨਾਂ ਫ਼ਖ਼ਰ ਨਾਲ ਲਿਆ ਜਾਂਦਾ ਹੈ। ਉਨ੍ਹਾਂ ਨੇ ਵਰਲਡ ਹੈਲਥ ਅਸੈਂਬਲੀ ਦੀ ਪ੍ਰਮੁੱਖ ਬਣਨ ਵਾਲੀ ਪਹਿਲੀ ਏਸ਼ੀਆਈ ਮਹਿਲਾ ਵਜੋਂ ਵੀ ਇੱਤਿਹਾਸ ਰਚਿਆ।

6 ਫ਼ਰਵਰੀ 1964 ਨੂੰ ਨਵੀਂ ਦਿੱਲੀ ਵਿੱਚ ਉਨ੍ਹਾਂ ਨੇ ਆਪਣੀ ਆਖਰੀ ਸਾਹ ਲਈ। ਉਨ੍ਹਾਂ ਨੇ ਕਦੇ ਵਿਆਹ ਨਹੀਂ ਕੀਤਾ ਅਤੇ ਆਪਣਾ ਪੂਰਾ ਜੀਵਨ ਦੇਸ਼ ਅਤੇ ਲੋਕਾਂ ਦੀ ਸੇਵਾ ਵਿੱਚ ਲਗਾਇਆ। ਰਾਜਮਹਿਲ ਛੱਡ ਕੇ ਲੋਕਾਂ ਦੇ ਦਿਲਾਂ ਵਿੱਚ ਰਾਜ ਕਰਨ ਵਾਲੀ ਇਸ ਰਾਜਕੁਮਾਰੀ ਨੇ ਭਾਰਤ ਨੂੰ ਆਧੁਨਿਕ ਸਿਹਤ ਅਤੇ ਖੇਡ ਢਾਂਚੇ ਦੀ ਬੁਨਿਆਦ ਦਿੱਤੀ। ਉਨ੍ਹਾਂ ਦਾ ਯੋਗਦਾਨ ਅੱਜ ਵੀ ਏਆਈਆਈਐੱਮਐੱਸ ਅਤੇ NSNIS ਵਰਗੀਆਂ ਸੰਸਥਾਵਾਂ ਰਾਹੀਂ ਜਿਉਂਦਾ ਹੈ।

ਇਸ ਤਰ੍ਹਾਂ ਰਾਜਕੁਮਾਰੀ ਅੰਮ੍ਰਿਤ ਕੌਰ ਇੱਕ ਰਾਜਕੁਮਾਰੀ ਤੋਂ ਲੈ ਕੇ ਰਾਸ਼ਟਰ ਸੇਵਕ ਬਣੀ। ਉਨ੍ਹਾਂ ਨੇ ਆਪਣੀਆਂ ਕੁਰਬਾਨੀਆਂ ਨਾਲ ਭਾਰਤ ਨੂੰ ਨਵੀਂ ਦਿਸ਼ਾ ਦਿੱਤੀ। ਉਨ੍ਹਾਂ ਦਾ ਜੀਵਨ ਸਾਡੇ ਲਈ ਪ੍ਰੇਰਣਾ ਸਰੋਤ ਹੈ ਕਿ ਅਸੀਂ ਵੀ ਆਪਣੀਆਂ ਸਹੂਲਤਾਂ ਛੱਡ ਕੇ ਦੇਸ਼ ਅਤੇ ਸਮਾਜ ਲਈ ਕੁਝ ਕਰ ਸਕਦੇ ਹਾਂ। ਉਨ੍ਹਾਂ ਵਰਗੀਆਂ ਸ਼ਖਸੀਅਤਾਂ ਹੀ ਭਾਰਤ ਨੂੰ ਮਜ਼ਬੂਤ ਬਣਾਉਂਦੀਆਂ ਹਨ।