India

ਹਿਮਾਚਲ ਦੇ ਕਿਸਾਨ ਵੀ ਮੱਕੀ MSP ਤੋਂ 1000 ਰੁਪਏ ਘੱਟ ਮੁੱਲ ‘ਚ ਵੇਚਣ ਲਈ ਹੋਏ ਮਜ਼ਬੂਰ, ਕਿੱਧਰ ਜਾਵੇ ਕਿਸਾਨ

‘ਦ ਖ਼ਾਲਸ ਬਿਊਰੋ:- ਹਿਮਾਚਲ ਪ੍ਰਦੇਸ਼ ਵਿੱਚ ਮੱਕੀ ਦੀ ਫਸਲ ਦੀ ਕੀਮਤ ਅੱਧੀ ਰਹਿ ਗਈ ਹੈ ਜਿਸ ਕਰਕੇ ਹਿਮਾਚਲ ਪ੍ਰਦੇਸ਼ ਦੇ ਕਿਸਾਨ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ। ਪਿਛਲੇ ਸਾਲ ਬੀਬੀਐਨ ਵਿੱਚ 2200 ਰੁਪਏ ਪ੍ਰਤੀ ਕੁਇੰਟਲ ਵਿਕਣ ਵਾਲੀ ਮੱਕੀ ਇਸ ਵਾਰ 800 ਤੋਂ 1000 ਰੁਪਏ ਵਿੱਚ ਮਿਲ ਰਹੀ ਹੈ।  ਸਰਕਾਰ ਨੇ ਮੱਕੀ ਦਾ ਸਮਰਥਨ ਮੁੱਲ 1888 ਰੁਪਏ ਪ੍ਰਤੀ ਕੁਇੰਟਲ ਨਿਰਧਾਰਤ ਕੀਤਾ ਹੈ ਪਰ ਕਿਸਾਨ ਮੱਕੀ ਦੀ ਫਸਲ ਨੂੰ ਇਸ ਤੋਂ 1000 ਰੁਪਏ ਘਾਟੇ ‘ਤੇ ਵੇਚਣ ਨੂੰ ਮਜ਼ਬੂਰ ਹੋ ਰਹੇ ਹਨ।

ਪਹਿਲਾਂ ਫਾਲ ਆਰਮੀ ਕੀੜੇ (ਸੁੰਡੀ) ਨੇ ਮੱਕੀ ‘ਤੇ ਹਮਲਾ ਕੀਤਾ ਸੀ। ਕਿਸਾਨਾਂ ਨੇ ਕੀਟਨਾਸ਼ਕਾਂ ਦਾ ਤਿੰਨ ਵਾਰ ਸਪਰੇਅ ਕਰਕੇ ਆਪਣੀ ਫਸਲ ਨੂੰ ਬਚਾਇਆ। ਫਿਰ ਮੌਸਮ ਅਤੇ ਜੰਗਲੀ ਜਾਨਵਰਾਂ ਨੇ ਭਾਰੀ ਨੁਕਸਾਨ ਪਹੁੰਚਾਇਆ। ਸਖਤ ਮਿਹਨਤ ਤੋਂ ਬਾਅਦ ਜਦੋਂ ਬਾਕੀ ਫਸਲਾਂ ਦਾ ਮਿਹਨਤਾਨਾ ਲੈਣ ਦਾ ਸਮਾਂ ਆਉਂਦਾ ਹੈ, ਤਾਂ ਕੀਮਤਾਂ ਘਟੀ ਗਈਆਂ ਹਨ।

ਬਿਲਾਸਪੁਰ ਵਿੱਚ 1600 ਦੀ ਥਾਂ 800 ਤੋਂ 1000, ਊਨਾ ਵਿੱਚ 1750 ਤੋਂ 800 ਰੁਪਏ ਪ੍ਰਤੀ ਕੁਇੰਟਲ ਤੱਕ ਕੀਮਤ ਡਿੱਗ ਰਹੀ ਹੈ। ਇੱਕ ਕੁਇੰਟਲ ਉਤਪਾਦਨ ਦੀ ਕੀਮਤ 1500 ਤੋਂ 1600 ਰੁਪਏ ਹੈ। ਅਜਿਹੀ ਸਥਿਤੀ ਵਿੱਚ ਕਿਸਾਨਾਂ ਨੂੰ ਲਾਗਤ ਨਹੀਂ ਮਿਲ ਰਹੀ। ਭਾਵੇਂ ਸਰਕਾਰ ਨੇ ਮੱਕੀ ਦਾ ਸਮਰਥਨ ਮੁੱਲ 1888 ਰੁਪਏ ਪ੍ਰਤੀ ਕੁਇੰਟਲ ਨਿਰਧਾਰਤ ਕੀਤਾ ਹੈ। ਇਕੱਲੇ ਬੀਬੀਐਨ ਵਿੱਚ 4800 ਹੈਕਟੇਅਰ ਰਕਬੇ ਵਿੱਚ ਮੱਕੀ ਦੀ ਫਸਲ ਉਗਾਈ ਜਾਂਦੀ ਹੈ। ਮੱਕੀ ਦਾ ਉਤਪਾਦਨ ਇੱਥੇ 10,000 ਮੀਟ੍ਰਿਕ ਟਨ ਤੱਕ ਹੁੰਦਾ ਹੈ।

ਨੂਰਪੁਰ ਅਨਾਜ ਮੰਡੀ ਵਿੱਚ ਹੈ ਮੱਕੀ ਵੇਚਣ ਦਾ ਪ੍ਰਬੰਧ

ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਨਰੇਸ਼ ਕੁਮਾਰ ਬਦਨ ਨੇ ਦੱਸਿਆ ਕਿ ਮੰਡੀ ਵਿੱਚ ਮੱਕੀ ਵੇਚਣ ਲਈ ਨੂਰਪੁਰ, ਕਾਂਗੜਾ ਵਿੱਚ ਹੀ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਹੁਣ ਲੋਕ ਆਪਣੇ ਖਾਣ ਲਈ ਹੀ ਮੱਕੀ ਉਗਾਉਂਦੇ ਹਨ। ਲੋਕ ਮੱਕੀ ਨੂੰ ਛੱਡ ਕੇ ਹੋਰ ਨਕਦ ਫਸਲਾਂ ਉਗਾ ਰਹੇ ਹਨ।