ਅੰਮ੍ਰਿਤਸਰ : ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਪੰਜਾਬ ਪੱਧਰੀ ਸੰਘਰਸ਼ਾਂ ਦੇ ਦੌਰ ਨਿਰੰਤਰ ਜਾਰੀ ਹਨ, ਜਿੰਨਾ ਦੇ ਚਲਦੇ ਅੱਜ ਗਣਤੰਤਰ ਦਿਵਸ ਦੇ ਮੌਕੇ ਪੰਜਾਬ ਦੇ ਵੱਖ ਵੱਖ ਜਿਲ੍ਹਿਆਂ ਵਿਚ ਰੈਲੀਆਂ ਦੇ ਚਲਦੇ ਜਿਲ੍ਹਾ ਅੰਮ੍ਰਿਤਸਰ ਵੱਲੋਂ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਦੀ ਅਗਵਾਹੀ ਵਿਚ ਹਜ਼ਾਰਾਂ ਕਿਸਾਨ ਮਜਦੂਰ ਅਤੇ ਬੀਬੀਆਂ ਦੇ ਵਿਸ਼ਾਲ ਇੱਕਠ ਕੀਤੇ ਗਏ|
ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਦੇਸ਼ ਦੇ ਸਿਆਸਤਦਾਨਾਂ ਦੁਆਰਾ ਪਿੱਛਲੇ 75 ਸਾਲਾਂ ਤੋਂ ਲੋਕਤੰਤਰ ਦੇ ਪਰਦੇ ਪਿੱਛੇ ਲੋਕ ਹਿੱਤਾਂ ਦਾ ਘਾਣ ਕੀਤਾ ਜਾ ਰਿਹਾ ਹੈ ਅਤੇ ਕਿਸੇ ਵੀ ਤਰੀਕੇ ਦੇਸ਼ ਵਿਚ ਸੰਵਿਧਾਨ ਦਾ ਰਾਜ ਮਹਿਸੂਸ ਨਹੀਂ ਹੁੰਦਾ| ਉਨ੍ਹਾਂ ਨੇ ਕਿਹਾ ਕਿ ਅੱਜ ਡਾ .ਅੰਬੇਡਕਰ ਜੀ ਦੀ ਫੋਟੋ ਦਫ਼ਤਰਾਂ ਵਿਚ ਲਗਾ ਕੇ ਫੁੱਲਾਂ ਦੀ ਮਾਲਾ ਪਾਉਣ ਵਾਲੇ ਲੋਕਾਂ ਵੱਲੋਂ ਹੀ ਸੰਵਿਧਾਨ ਦੀਆਂ ਧੱਜੀਆਂ ਸ਼ਰੇਆਮ ਉਡਾਈਆਂ ਜਾ ਰਹੀਆਂ ਹਨ|
ਉਨ੍ਹਾਂ ਨੇ ਲਖੀਮਪੁਰ ਖੀਰੀ ਕਤਲਕਾਂਡ ਦੇ ਦੋਸ਼ੀ ਅਸ਼ੀਸ਼ ਮਿਸ਼ਰਾ ਟੈਨੀ ਨੂੰ ਜਮਾਨਤ ਮਿਲਣ ਤੇ ਸਖਤ ਇਤਰਾਜ਼ ਜਿਤਾਉਂਦੇ ਕਿਹਾ ਕਿ ਅੱਜ ਨਿਆਇਕ ਵਿਵਸਥਾ ਲੋਕਾਂ ਨੂੰ ਇਨਸਾਫ ਅਤੇ ਦੋਸ਼ੀਆਂ ਨੂੰ ਸਜ਼ਾ ਦੇਣ ਚ ਨਾਕਾਮ ਹੋ ਰਹੀ ਹੈ ਜੋ ਲੋਕਤੰਤਰ ਅਖਵਾਉਣ ਵਾਲੇ ਦੇਸ਼ ਲਈ ਠੀਕ ਨਹੀਂ |
ਕਿਸਾਨ ਆਗੂ ਨੇ ਦੱਸਿਆ ਕਿ 29 ਜਨਵਰੀ ਨੂੰ ਦਿੱਲੀ ਮੋਰਚੇ ਦੌਰਾਨ ਜਥੇਬੰਦੀ ਦੀ ਦਿੱਲੀ ਸਟੇਜ ਆਰ ਐੱਸ ਐੱਸ ਤੇ ਬੀ ਜੇ ਪੀ ਵੱਲੋਂ ਕਰਵਾਏ ਹਮਲੇ ਦੇ ਮੁਖ ਦੋਸ਼ੀ ਪ੍ਰਦੀਪ ਖਤ੍ਰੀ ਤੇ ਅਮਨ ਢੱਬਾਸ ਉਪਰ ਕਨੂੰਨੀ ਕਾਰਵਾਈ ਤੇ ਹੋਰ ਮਸਲਿਆਂ ਨੂੰ ਲੈ ਕੇ ਪੰਜਾਬ ਭਰ ਵਿਚ 3 ਘੰਟੇ ਦੇ ਸੰਕੇਤਕ ਧਰਨੇ ਵਜੋਂ ਰੇਲਾਂ ਰੋਕੀਆਂ ਜਾਣਗੀਆਂ ਪਰ ਵੱਖ ਵੱਖ ਰੋਡ ਪ੍ਰੋਜੈਕਟਾਂ ਲਈ ਗ਼ਲਤ ਤਰੀਕਿਆਂ ਨਾਲ ਐਕੁਆਇਰ ਕੀਤੀਆਂ ਜਾ ਰਹੀਆਂ ਜਮੀਨਾਂ ਦੇ ਮਸਲੇ ਅਤੇ ਗੰਨੇ ਦਾ ਤਹਿ ਹੋਇਆ 380 ਰੁਪਏ ਰੇਟ ਲੈਣ, ਸ਼ਹੀਦ ਪਰਿਵਾਰਾਂ ਨੂੰ ਨੌਕਰੀਆਂ ਅਤੇ ਪ੍ਰਦੂਸ਼ਣ ਕਨੂੰਨ ਸਖਤੀ ਨਾਲ ਲਾਗੂ ਕਰਵਾਉਣ ਦੇ ਮਸਲਿਆਂ ਨੂੰ ਲੈ ਕੇ ਗੁਰਦਾਸਪੁਰ ਵਿਚ ਇਹ ਧਰਨੇ ਜਾਰੀ ਰਹਿਣਗੇ ਤੇ ਸਰਕਾਰ ਨੂੰ ਅਪੀਲ ਹੈ ਕਿ ਇਸ ਮੁੱਦੇ ਦਾ ਕਾਰਗਾਰ ਹੱਲ ਕੀਤਾ ਜਾਵੇ|