Punjab

ਮਾਨਸਾ ਵਿੱਚ ਕਿਸਾਨਾਂ ਨੇ ਰੋਕੀਆਂ ਰੇਲਾਂ,SKM ਦੇ ਸੱਦੇ ‘ਤੇ ਕੀਤੀ ਕਾਰਵਾਈ

ਮਾਨਸਾ : ਸੰਯੁਕਤ ਕਿਸਾਨ ਮੋਰਚੇ ਵੱਲੋਂ ਅੱਜ ਸੂਬਾ ਭਰ ਵਿੱਚ ਦਿੱਤੇ ਗਏ  ਰੇਲਾਂ ਰੋਕਣ ਦੇ ਦਿੱਤੇ ਗਏ ਸੱਦੇ ਦੇ ਤਹਿਤ ਅੱਜ ਮਾਲਵੇ ਚ ਪੈਂਦੇ ਜ਼ਿਲ੍ਹਾ ਮਾਨਸਾ ਵਿੱਚ ਵੀ ਕਿਸਾਨਾਂ ਨੇ ਰੇਲਾਂ ਰੋਕ ਕੇ ਆਪਣਾ ਰੋਸ ਪ੍ਰਗਟਾਇਆ ਹੈ। ਕਿਸਾਨ ਆਗੂਆਂ ਨੇ ਦੱਸਿਆ ਕਿ ਸ਼ਾਮ 4 ਵਜੇ ਤੱਕ ਇਹ ਰੋਸ ਪ੍ਰਦਰਸ਼ਨ ਜਾਰੀ ਰਹੇਗਾ। ਪਹਿਲਾਂ ਕੇਂਦਰ ਸਰਕਾਰ ਨੇ ਜ਼ਮੀਨਾਂ ਹਥਿਆਉਣ ਦੀ ਕੋਸ਼ਿਸ਼ ਕੀਤੀ ਪਰ ਹੁਣ ਫਸਲਾਂ ਦੀ ਬਣਦੀ ਕੀਮਤ ਵੀ ਅਦਾ ਨਹੀਂ ਕਰ ਰਹੀ ਹੈ ਜਦੋਂ ਕਿ  ਲਗਾਤਾਰ ਇਸ ਵਿੱਚ ਕਟੌਤੀ ਕੀਤੀ ਜਾ ਰਹੀ ਹੈ। ਜਿਸ ਨਾਲ ਕਿਸਾਨਾਂ ਵਿੱਚ ਰੋਸ ਤੇ ਬੈਚੇਨੀ ਵੱਧ ਰਹੀ ਹੈ।

ਕਿਸਾਨ ਆਗੂਆਂ ਨੇ ਸਰਕਾਰ ਵੱਲੋਂ ਮੀਂਹ ਕਾਰਨ ਤਬਾਹ ਹੋਈਆਂ ਫਸਲਾਂ ਦਾ ਮੁਆਵਜ਼ਾ ਨਾ ਦਿੱਤੇ ਜਾਣ ਤੇ ਵੀ ਰੋਸ ਜ਼ਾਹਿਰ ਕੀਤਾ ਹੈ।ਉਹਨਾਂ ਇਹ ਵੀ ਕਿਹਾ ਹੈ ਕਿ ਕੇਂਦਰ ਸਰਕਾਰ ਕਿਸਾਨਾਂ ਕੋਲੋਂ ਕਿਸਾਨ ਅੰਦੋਲਨ ਦਾ ਬਦਲਾ ਲੈ ਰਹੀ ਹੈ ਪਰ ਸੂਬਾ ਸਰਕਾਰ ਵੀ ਹੁਣ ਉਹਨਾਂ ਦੇ ਇਸ਼ਾਰਿਆਂ ਤੇ ਚੱਲ ਰਹੀ ਹੈ।ਸੂਬਾ ਸਰਕਾਰ ਤੇ ਵਰਦੇ ਹੋਏ ਉਹਨਾਂ ਕਿਹਾ ਹੈ ਕਿ ਕੇਂਦਰ ਸਰਕਾਰ ਵੱਲੋਂ ਲਾਏ ਕੱਟ ਦੀ ਭਰਪਾਈ ਕਰਨ ਦੀ ਗੱਲ ਤਾਂ ਸੂਬਾ ਸਰਕਾਰ ਕਹਿ ਰਹੀ ਹੈ ਪਰ ਇਹਨਾਂ ਨੇ ਆਪਣੇ ਐਲਾਨ ਕੀਤੇ ਮੁਆਵਜ਼ੇ ਲਈ ਹਾਲੇ ਤੱਕ ਗਿਰਦਾਵਰੀ ਵੀ ਪੂਰੀ ਨਹੀਂ ਕੀਤੀ ਗਈ ਹੈ।ਹਾਲਾਂਕਿ ਬਣਦਾ ਇਹ ਸੀ ਖਰਾਬ ਹੋਈਆਂ ਫਸਲਾਂ ਲਈ ਕਿਸਾਨਾਂ ਨੂੰ ਬੋਨਸ ਦਿੱਤਾ ਜਾਂਦਾ ਪਰ ਉਲਟਾ ਕਣਕ ਦੀ ਕੀਮਤ ਤੇ ਕੱਟ ਲਾਇਆ ਜਾ ਰਿਹਾ ਹੈ।

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕੋਲੋਂ ਸੀਬੀਆਈ ਵੱਲੋਂ ਪੁੱਛਗਿੱਛ ਕੀਤੇ ਜਾਣ ਦੇ ਮਾਮਲੇ ਤੇ ਬੋਲਦਿਆਂ ਕਿਸਾਨ ਆਗੂ ਨੇ ਕਿਹਾ ਕਿ ਆਪ ਵਾਲੇ ਆਪਣੇ ਲੀਡਰ ਨੂੰ ਬਚਾਉਣ ਲਈ ਧਰਨੇ ਲਾ ਸਕਦੇ ਹਨ ਪਰ ਕਿਸਾਨਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦੇ ਰਹੇ । ਉਹਨਾਂ ਕਿਹਾ ਕਿ ਸੰਘਰਸ਼ ਨੂੰ ਹੋਰ  ਵੀ ਮਜ਼ਬੂਤ ਕੀਤਾ ਜਾਵੇਗਾ,ਅੱਜ ਦਾ ਸੱਦਾ ਸਿਰਫ ਸੰਕੇਤਕ ਰੋਸ ਧਰਨਾ ਲਾਉਣ ਦਾ ਸੀ।

ਜ਼ਿਕਰਯੋਗ ਹੈ ਕਿ ਸੰਯੁਕਤ ਕਿਸਾਨ ਮੋਰਚੇ ਨੇ ਕੇਂਦਰ ਸਰਕਾਰ ਵੱਲੋਂ ਲਾਏ ਕੱਟ ਕਾਰਨ ਸਾਰੇ ਸੂਬੇ ਵਿੱਚ ਰੇਲਾਂ ਰੋਕਣ ਦਾ ਸੱਦਾ ਦਿੱਤਾ ਸੀ।ਜਿਸ ਦੇ ਚੱਲਦਿਆਂ ਅੱਜ ਮਾਨਸਾ ਸ਼ਹਿਰ ਦੇ ਰੇਲਵੇ ਸਟੇਸ਼ਨ ਤੇ ਕਿਸਾਨਾਂ ਨੇ ਰੇਲਾਂ ਰੋਕ ਕੇ ਆਪਣਾ ਰੋਸ ਪ੍ਰਗਟਾਇਆ ਹੈ।