Punjab

ਕਿਸਾਨਾਂ ਨੂੰ ਡਾਂਗਾ ਮਾਰ ਕੇ ਜੇਲ੍ਹਾਂ ‘ਚ ਡੱਕਣ ਵਾਲਾ ਬਿਆਨ ਦੇਣ ਵਾਲਾ ਆਪ ਘਰ ਚ ਡੱਕਿਆ ਗਿਆ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਕਿਸਾਨਾਂ ਦੇ ਖਿਲਾਫ ਬਿਆਨ ਦੇਣ ਵਾਲੇ ਭਾਜਪਾ ਪੰਜਾਬ ਦੇ ਬੁਲਾਰੇ ਐਡਵੋਕੇਟ ਹਰਿੰਦਰ ਸਿੰਘ ਕਾਹਲੋਂ ਦੇ ਘਰ ਦੇ ਬਾਹਰ ਕਿਸਾਨਾਂ ਨੇ ਧਰਨਾ ਲਾ ਦਿੱਤਾ ਹੈ। ਇਸ ਮੌਕੇ ਭਾਜਪਾ ਅਤੇ ਕਾਹਲੋਂ ਦੇ ਵਿਰੋਧ ਵਿੱਚ ਨਾਅਰੇਬਾਜ਼ੀ ਵੀ ਕੀਤੀ ਜਾ ਰਹੀ ਹੈ।ਸੁਰੱਖਿਆ ਦੇ ਮੱਦੇਨਜਰ ਵੱਡੇ ਪੱਧਰ ‘ਤੇ ਪੁਲਿਸ ਵੀ ਤਾਇਨਾਤ ਕੀਤੀ ਗਈ ਹੈ।


ਜਾਣਕਾਰੀ ਅਨੁਸਾਰ ਹਰਿੰਦਰ ਕਾਹਲੋਂ ਘਰ ਦੇ ਵਿੱਚ ਇਹ ਬੰਦ ਹੈ।ਕਿਸਾਨਾਂ ਵੱਲੋਂ ਹਰਿੰਦਰ ਸਿੰਘ ਕਾਹਲੋਂ ਦਾ ਘਰ ਪੂਰੀ ਤਰ੍ਹਾਂ ਘੇਰਿਆ ਗਿਆ ਹੈ।ਜਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਏ ਜਲੰਧਰ ਦੇ ਦਕੋਹਾ ਨਿਵਾਸੀ ਹਰਿੰਦਰ ਸਿੰਘ ਕਾਹਲੋਂ ਐਡਵੋਕੇਟ ਨੇ ਬੀਤੇ ਦਿਨੀਂ ਭਾਜਪਾ ਵਲੋਂ ਰੱਖੇ ਸਨਮਾਨ ਸਮਾਗਮ ਦੌਰਾਨ ਮੋਦੀ ਸਰਕਾਰ ਵੱਲੋਂ ਲਿਆਂਦੇ ਤਿੰਨ ਖੇਤੀ ਕਾਨੂੰਨਾਂ ਨੂੰ ਸਹੀ ਠਹਿਰਾਇਆ ਸੀ।

ਇਸ ਤੋਂ ਇਲਾਵਾ ਕਿਸਾਨਾਂ ਵਿਰੁੱਧ ਬਿਆਨ ਦਿੰਦਿਆਂ ਕਿਹਾ ਕਿ ਇਹ ਤਾਂ ਮੋਦੀ ਸਾਹਿਬ ਬੈਠੇ ਆ ਉੱਤੇ, ਜਿਹੜੇ ਤੁਹਾਡੇ ਨਾਲ ਪਿਆਰ ਕਰੀ ਜਾ ਰਹੇ ਆ।ਜੇ ਬਦਕਿਸਮਤੀ ਨਾਲ ਮੇਰੇ ਦਿਮਾਗ ਵਾਲਾ ਬੰਦਾ ਬੈਠਾ ਹੁੰਦਾ ਤਾਂ ਹੁਣ ਤਾਂਈਂ ਮਾਰ-ਮਾਰ ਡਾਂਗਾਂ ਤੁਹਾਨੂੰ ਜੇਲ੍ਹਾਂ ‘ਚ ਬੰਦ ਕਰ ਦਿੰਦਾ।ਇਨ੍ਹਾਂ ਦਾ ਹੱਲ ਇਹੀ ਹੈ ਤੇ ਹੁਣ ਇਹੀ ਕਰਨਾ ਪੈਣਾ ਹੈ।