‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ‘ਦ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਦੀਆਂ 57 ਬਰਾਂਚਾਂ ਵੱਲੋਂ ਕਰਜ਼ਾ ਵੰਡ ਸਮਾਰੋਹ ਆਯੋਜਿਤ ਕੀਤੇ ਗਏ। ਇਸ ਤਹਿਤ ਰਾਜ ਪੱਧਰੀ ਸਮਾਗਮ ਜੱਗੀ ਰਿਜ਼ੌਰਟਸ, ਸਰਹਿੰਦ-ਫ਼ਤਹਿਗੜ੍ਹ ਸਾਹਿਬ ਵਿਖੇ ਕਰਵਾਇਆ ਗਿਆ, ਜਿਸ ਵਿੱਚ ਫਤਿਹਗੜ੍ਹ ਸਾਹਿਬ ਦੀਆਂ 4 ਪੀ.ਏ.ਡੀ.ਬੀਜ਼ ਨੇ ਭਾਗ ਲਿਆ। ਇਸ ਤੋਂ ਇਲਾਵਾ ਪਟਿਆਲਾ ਡਵੀਜ਼ਨ ਦੀਆਂ 21 ਹੋਰ ਪੀ.ਏ.ਡੀ.ਬੀਜ਼, ਜਲੰਧਰ ਡਵੀਜ਼ਨਆਂ ਦੀ 25 ਪੀ.ਏ.ਡੀ.ਬੀਜ਼ ਅਤੇ ਫਿਰੋਜ਼ਪੁਰ ਡਵੀਜ਼ਨ ਦੀਆਂ 07 ਪੀ.ਏ.ਡੀ.ਬੀਜ਼ ਨੇ ਕਰਜ਼ਾ ਵੰਡ ਸਮਾਰੋਹ ਆਯੋਜਿਤ ਕੀਤੇ। ਰਾਜ ਪੱਧਰੀ ਸਮਾਰੋਹ ਵਿੱਚ ਸਰਹਿੰਦ-ਫ਼ਤਹਿਗੜ੍ਹ ਸਾਹਿਬ ਵਿਖੇ 23 ਲਾਭਪਾਤਰੀਆਂ ਦੇ ਲਗਭਗ 0.96 ਕਰੋੜ ਰੁਪਏ ਦੇ ਕਰਜ਼ੇ ਮਨਜ਼ੂਰ ਕੀਤੇ ਗਏ ਅਤੇ 07 ਲਾਭਪਾਤਰੀਆਂ ਨੂੰ ਲਗਭਗ 0.21 ਕਰੋੜ ਰੁਪਏ ਦੇ ਕਰਜਾ ਚੈੱਕ ਜਾਰੀ ਕੀਤੇ ਗਏ। ਇਸ ਤੋਂ ਇਲਾਵਾ ਰੈਗੂਲਰ ਕਿਸ਼ਤਾਂ ਦੇਣ ਵਾਲੇ 78 ਗੁੱਡ ਪੇਅਮਾਸਟਰਜ਼ ਦਾ ਸਨਮਾਨ ਕੀਤਾ ਗਿਆ। 

ਪੰਜਾਬ ਪੱਧਰ ਉਤੇ ਸਮੂਹ ਪੀ.ਏ.ਡੀ.ਬੀਜ਼ ਵੱਲੋਂ 204 ਲਾਭਪਾਤਰੀਆਂ ਦੇ ਲਗਭਗ 11 ਕਰੋੜ ਰੁਪਏ ਦੇ ਕਰਜ਼ੇ ਮਨਜ਼ੂਰ ਕੀਤੇ ਗਏ ਅਤੇ 254 ਲਾਭਪਾਤਰੀਆਂ ਨੂੰ ਲਗਭਗ 09 ਕਰੋੜ ਰੁਪਏ ਦੇ ਕਰਜਾ ਚੈੱਕ ਜਾਰੀ ਕੀਤੇ ਗਏ।  ਇਨ੍ਹਾਂ ਸਮਾਰੋਹਾਂ ਦਾ ਉਦੇਸ਼ ਕਿਸਾਨਾਂ ਨੂੰ ਬੈਂਕ ਦੀਆਂ ਵੱਖ-ਵੱਖ ਕਰਜ਼ਾ ਯੋਜਨਾਵਾਂ ਬਾਰੇ ਜਾਣੂ ਕਰਵਾਉਣਾ ਅਤੇ ਵੱਡੇ ਪੱਧਰ ਉਤੇ ਕਰਜ਼ੇ ਮਨਜ਼ੂਰ ਕਰਨਾ/ਵੰਡਣਾ ਸੀ, ਤਾਂ ਜੋ ਬੈਂਕ ਦੇ ਕਰਜ਼ਾ ਵੰਡ ਪ੍ਰੋਗਰਾਮ ਨੂੰ ਹੁਲਾਰਾ ਮਿਲ ਸਕੇ।

ਸਰਹਿੰਦ-ਫਤਿਹਗੜ੍ਹ ਸਾਹਿਬ ਵਿਖੇ ਆਯੋਜਿਤ ਰਾਜ ਪੱਧਰੀ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਸਹਿਕਾਰਤਾ ਅਤੇ ਜੇਲ੍ਹਾਂ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਕਿਹਾ ਕਿ ਪੇਂਡੂ ਆਰਥਿਕਤਾ ਅਤੇ ਖੁਸ਼ਹਾਲੀ ਵਿੱਚ ਸਹਿਕਾਰਤਾ ਵਿਭਾਗ ਅਤੇ ਸਹਿਕਾਰੀ ਅਦਾਰਿਆਂ ਦਾ ਬਹੁਤ ਵੱਡਾ ਯੋਗਦਾਨ ਹੈ। ਮਾਰਕਫੈੱਡ, ਮਿਲਕਫੈੱਡ, ਸ਼ੂਗਰਫੈਡ, ਸਹਿਕਾਰੀ ਬੈਂਕ ਅਤੇ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ, ਪੰਜਾਬ ਵਿੱਚ ਸਹਿਕਾਰਤਾ ਦੇ ਥੰਮ੍ਹ ਹਨ। ਸਹਿਕਾਰਤਾ ਦਾ ਅਰਥ ਹੀ ਇੱਕ ਦੂਸਰੇ ਦੀ ਮਦਦ ਨਾਲ ਇੱਕ ਸਾਂਝੇ ਮਕਸਦ ਦੀ ਪ੍ਰਾਪਤੀ ਲਈ ਕੰਮ ਕਰਨਾ ਹੈ ਸਹਿਕਾਰਤਾ ਵਿਭਾਗ ਸਦਾ ਤੋਂ ਹੀ ਕਿਸਾਨਾਂ ਦਾ ਮਦਦਗਾਰ ਰਿਹਾ ਹੈ ਅਤੇ ਕਿਸਾਨਾਂ ਦੀ ਆਰਥਿਕ ਤਰੱਕੀ ਅਤੇ ਖੁਸ਼ਹਾਲੀ ਲਈ ਵਚਨਬੱਧ ਹੈ। ਸਹਿਕਾਰਤਾ ਲਹਿਰ ਦੀ ਵਿਰਾਸਤ ਦਾ ਮੁੱਢ ਖੇਤੀ ਅਤੇ ਉਸ ਦੇ ਸਹਾਇਕ ਧੰਦਿਆਂ ਨਾਲ ਜੁੜਿਆ ਹੋਇਆ ਹੈ।
 
ਬੈਂਕ ਵੱਲੋਂ ਕਿਸਾਨਾਂ ਦੀ ਸਹੂਲਤ ਲਈ ਕਈ ਨਵੀਆਂ ਸਕੀਮਾਂ ਜਿਵੇਂ ਕਿ ਮੋਰਾਟੋਰੀਅਮ, ਕਰਜ਼ਾ ਪੁਨਰਗਠਨ ਸਕੀਮ, ਦੰਡ ਵਿਆਜ ਮੁਆਫੀ ਸਕੀਮ ਆਦਿ ਲਾਂਚ ਕੀਤੀਆਂ ਗਈਆਂ, ਜੋ ਕਿ ਆਸਾਨੀ ਨਾਲ ਕਰਜ਼ਾ ਮੋੜਨ ਵਿੱਚ ਸਹਾਈ ਹੋਈਆਂ। ਮੋਰਾਟੋਰੀਅਮ ਸਕੀਮ ਤਹਿਤ ਲਗਭਗ 5800 ਕਰਜ਼ਦਾਰਾਂ ਦੀਆਂ 80.75 ਕਰੋੜ ਰੁਪਏ ਦੀਆਂ ਕਿਸ਼ਤਾਂ 06 ਮਹੀਨਿਆਂ ਲਈ ਡੈਫ਼ਰ ਕੀਤੀਆਂ ਗਈਆਂ ਹਨ। ਕਰਜ਼ਾ ਪੁਨਰਗਠਨ ਸਕੀਮ ਤਹਿਤ ਲਗਭਗ 1500 ਤੋਂ ਵੱਧ ਕਰਜ਼ਦਾਰਾਂ ਦੇ 87.47 ਕਰੋੜ ਰੁਪਏ ਦੇ ਕਰਜ਼ੇ ਪੁਨਰਗਠਿਤ ਕੀਤੇ ਗਏ ਹਨ।

ਇਸੇ ਤਰ੍ਹਾਂ ਦੰਡ ਵਿਆਜ ਮੁਆਫੀ ਸਕੀਮ ਅਧੀਨ ਲਗਭਗ 8300 ਤੋਂ ਵੱਧ ਕਰਜ਼ਦਾਰਾਂ ਨੂੰ 03.15 ਕਰੋੜ ਰੁਪਏ ਦਾ ਰਲੀਫ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਪੰਜਾਬ ਰਾਜ ਸਹਿਕਾਰੀ ਬੈਂਕ ਨੂੰ ਨਵੀਆਂ ਬੁਲੰਦੀਆਂ ਤੇ ਲਿਜਾਉਣ ਲਈ ਵੀ ਖੇਤ ਮਜ਼ਦੂਰ, ਬੇ-ਜ਼ਮੀਨੇ ਕਿਸਾਨਾਂ ਅਤੇ ਕਰਜ਼ਦਾਰਾਂ ਲਈ ਕਰਜ਼ਾ ਮੁਆਫੀ, ਫਸਲੀ ਕਰਜ਼ੇ ਅਤੇ ਯਕਮੁਸ਼ਤ ਕਰਜ਼ਾ ਸਮਝੌਤਾ ਸਕੀਮ ਅਮਲ ਵਿੱਚ ਲਿਆਉਂਦੀਆਂ ਗਈਆਂ, ਜਿਹਨਾਂ ਤਹਿਤ ਕਰਜ਼ਦਾਰਾਂ ਨੇ ਤਕਰੀਬਨ 2848.19 ਕਰੋੜ ਰੁਪਏ ਦਾ ਕੁਲ ਲਾਭ ਉਠਾਇਆ ਹੈ।

Leave a Reply

Your email address will not be published. Required fields are marked *