ਮੁਹਾਲੀ : ਰੇਤ ਦੀ ਨਾਜਾਇਜ਼ ਮਾਈਨਿੰਗ (illegal sand mining) ਕਰਨ ਤੋਂ ਰੋਕਣ ਦੀ ਕੋਸ਼ਿਸ਼ ਕਰ ਰਹੇ ਕਿਸਾਨ ਨੂੰ ਇੱਕ ਟਰੈਕਟਰ-ਟਰਾਲੀ ਨੇ ਦਰੜ ਦਿੱਤਾ ਅਤੇ ਉਸਦੀ ਮੌਕੇ ਉੱਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 60 ਸਾਲਾ ਕਿਸਾਨ ਆਗੂ (farmer leader) ਗੁਰਚਰਨ ਸਿੰਘ ਵਾਸੀ ਪਿੰਡ ਬਡਾਣਾ ਵਜੋਂ ਹੋਈ ਹੈ। ਜਾਣਕਾਰੀ ਮੁਤਾਬਿਕ ਉਕਤ ਕਿਸਾਨ ਆਗੂ ਵੀਰਵਾਰ ਦੇਰ ਰਾਤ ਡੇਰਾਬੱਸੀ (Derabassi News) ਖੇਤਰ ਦੇ ਪਿੰਡ ਬਡਾਣਾ ਵਿੱਚ ਸ਼ਾਮਲਾਟ ਜ਼ਮੀਨ ਵਿੱਚ ਰੇਤ ਦੀ ਨਾਜਾਇਜ਼ ਮਾਈਨਿੰਗ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕਰ ਰਿਹਾ ਸੀ। ਨਾਜਾਇਜ਼ ਮਾਈਨਿੰਗ ਕਰ ਰਹੇ ਵਿਅਕਤੀਆਂ ਨੇ ਕਥਿਤ ਤੌਰ ’ਤੇ ਇੱਕ ਕਿਸਾਨ ’ਤੇ ਟਰੈਕਟਰ ਟਰਾਲੀ ਚੜ੍ਹਾ ਦਿੱਤੀ, ਜਿਸ ਕਾਰਨ ਮੌਕੇ ਤੇ ਹੀ ਕਿਸਾਨ ਦੀ ਮੌਤ ਹੋ ਗਈ।
ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਮੁਤਾਬਿਕ ਪੁਲਿਸ ਨੇ ਤਿੰਨ ਵਿਅਕਤੀਆਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਕੇ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਦੋ ਟਰੈਕਟਰ ਤੇ ਦੋ ਟਰਾਲੀਆਂ ਬਰਾਮਦ ਕਰ ਲਈਆਂ ਹਨ। ਮ੍ਰਿਤਕ ਗੁਰਚਰਨ ਸਿੰਘ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦਾ ਮੈਂਬਰ ਸੀ।
ਪੁੱਤ ਨੇ ਸ਼ਿਕਾਇਤ ਵਿੱਚ ਦੱਸਿਆ ਸਾਰਾ ਮਾਮਲਾ
ਅਖ਼ਬਾਰ ਦੀ ਰਿਪੋਰਟ ਮੁਤਾਬਿਕ ਘਟਨਾ ਵੀਰਵਾਰ ਰਾਤ ਕਰੀਬ 11 ਵਜੇ ਦੀ ਹੈ। ਗੁਰਚਰਨ ਸਿੰਘ ਪੁੱਤਰ ਭੁਪਿੰਦਰ ਸਿੰਘ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਘਰ ਵਿੱਚ ਮੌਜੂਦ ਸਨ ਤਾਂ ਉਨ੍ਹਾਂ ਦੇ ਪਿਤਾ ਨੇ ਮਸ਼ੀਨਾਂ ਦੀ ਆਵਾਜ਼ ਸੁਣੀ। ਭੁਪਿੰਦਰ ਨੇ ਦੱਸਿਆ ਕਿ ਉਸ ਦਾ ਪਿਤਾ ਪਿੰਡ ਦੇ ਇੱਕ ਹੋਰ ਵਿਅਕਤੀ ਨਾਲ ਉਸ ਥਾਂ ‘ਤੇ ਗਿਆ ਸੀ, ਜਿੱਥੇ ਖੁਦਾਈ ਹੋ ਰਹੀ ਸੀ।
ਭੁਪਿੰਦਰ ਸਿੰਘ ਨੇ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਕਿ “ਮੇਰੇ ਪਿਤਾ ਨੇ ਟਰੈਕਟਰ ਚਾਲਕ ਨੂੰ ਧਰਤੀ ਪੁੱਟਣ ਤੋਂ ਰੋਕਣ ਲਈ ਕਿਹਾ ਅਤੇ ਉਸ ਨੂੰ ਪਿੰਡ ਦੇ ਪੰਚਾਇਤ ਮੈਂਬਰਾਂ ਨੂੰ ਮੌਕੇ ‘ਤੇ ਬੁਲਾਉਣ ਲਈ ਕਿਹਾ। ਇੱਕ ਡਰਾਈਵਰ ਨੇ ਮੇਰੇ ਪਿਤਾ ਨੂੰ ਦੱਸਿਆ ਕਿ ਉਹ ਹਰਵਿੰਦਰ ਸਿੰਘ ਗੁੱਗੂ ਲਈ ਧਰਤੀ ਪੁੱਟ ਰਹੇ ਹਨ। ਮੇਰੇ ਪਿਤਾ ਜੀ ਨੇ ਉਨ੍ਹਾਂ ਨੂੰ ਗੁੱਗੂ ਨੂੰ ਵੀ ਮੌਕੇ ‘ਤੇ ਬੁਲਾਉਣ ਲਈ ਕਿਹਾ। ਟਰੈਕਟਰ ’ਤੇ ਸਵਾਰ ਵਿਅਕਤੀਆਂ ਨੇ ਫੋਨ ਕੀਤਾ ਤਾਂ ਸੱਤ-ਅੱਠ ਵਿਅਕਤੀ ਉਥੇ ਆ ਗਏ। ਫਿਰ ਚਾਰ ਹੋਰ ਆਦਮੀ ਆਏ। ”
ਭੁਪਿੰਦਰ ਨੇ ਅੱਗੇ ਦੱਸਿਆ ਕਿ ਜਦੋਂ ਤਕਰਾਰ ਚੱਲ ਰਹੀ ਸੀ ਤਾਂ ਡਰਾਈਵਰ ਜਸਵਿੰਦਰ ਸਿੰਘ ਨੇ ਆਪਣੇ ਸਾਥੀ ਨੂੰ ਕਿਹਾ ਕਿ ਉਹ ਮੇਰੇ ਪਿਤਾ ਉੱਤੇ ਚੜ੍ਹਾ( ਟਰੈਕਟਰ) ਦੇਵੇ।
ਭੁਪਿੰਦਰ ਸਿੰਘ ਨੇ ਸ਼ਿਕਾਇਤ ਵਿੱਚ ਦੱਸਿਆ ਕਿ “ਉਸਨੇ ਆਪਣੇ ਸਾਥੀ ਨੂੰ ਕਿਹਾ ਕਿ ਉਹ ਫਿਕਰ ਨਾ ਕਰੇ ਅਤੇ ਟਰੈਕਟਰ ਨਾਲ ਮੇਰੇ ਪਿਤਾ ਨੂੰ ਦਰੜ ਦੇਵੇ। ਮੈਂ ਇੱਕ ਦੋਸਤ ਦੀ ਮਦਦ ਨਾਲ ਆਪਣੇ ਪਿਤਾ ਨੂੰ ਹਸਪਤਾਲ ਲੈ ਗਿਆ ਪਰ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ”
ਮਾਮਲੇ ਵਿੱਚ ਪੁਲਿਸ ਨੇ ਇਹ ਦੱਸਿਆ
ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਮੁਤਾਬਿਕ ਡੇਰਾਬਸੀ ਦੇ ਸਹਾਇਕ ਸੁਪਰਡੈਂਟ (ਏਐਸਪੀ) ਦਰਪਨ ਆਹਲੂਵਾਲੀਆ ਨੇ ਦੱਸਿਆ ਕਿ ਪੀੜਤ ਦੇ ਲੜਕੇ ਨੇ ਪੁਲੀਸ ਹੈਲਪਲਾਈਨ ਨੰਬਰ ’ਤੇ ਕਾਲ ਕੀਤੀ ਜਿਸ ਤੋਂ ਬਾਅਦ ਤੁਰੰਤ ਪੁਲਿਸ ਪਾਰਟੀ ਨੂੰ ਮੌਕੇ ’ਤੇ ਭੇਜਿਆ ਗਿਆ। ਉਨ੍ਹਾਂ ਦੱਸਿਆ ਕਿ ਐਫਆਈਆਰ ਵਿੱਚ ਤਿੰਨ ਵਿਅਕਤੀਆਂ ਦੇ ਨਾਮ ਦਰਜ ਕੀਤੇ ਗਏ ਹਨ ਅਤੇ ਉਨ੍ਹਾਂ ਵਿੱਚੋਂ ਇੱਕ ਜਸਵਿੰਦਰ ਸਿੰਘ ਉਰਫ਼ ਕਾਲਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਦਕਿ ਬਾਕੀ ਦੋ ਦੀ ਭਾਲ ਜਾਰੀ ਹੈ।
ਤਿੰਨ ਮੁਲਜ਼ਮਾਂ ਖਿਲਾਫ ਇਹ ਕੇਸ ਹੋਏ ਦਰਜ
ਭਾਰਤੀ ਦੰਡਾਵਲੀ (ਆਈ.ਪੀ.ਸੀ.) ਦੀ ਧਾਰਾ 302 (ਕਤਲ), 379 (ਚੋਰੀ), 34 (ਕਈ ਵਿਅਕਤੀਆਂ ਦੁਆਰਾ ਸਾਂਝੇ ਇਰਾਦੇ ਨੂੰ ਅੱਗੇ ਵਧਾਉਣ ਲਈ ਕੀਤੇ ਗਏ ਕੰਮ) ਅਤੇ ਖਾਣਾਂ ਦੀਆਂ ਧਾਰਾਵਾਂ 2(1) ਅਤੇ 4(1) ਦੇ ਤਹਿਤ ਐਫ.ਆਈ.ਆਰ. ਜਸਵਿੰਦਰ ਸਿੰਘ ਉਰਫ ਕਾਲਾ, ਜਸਵਿੰਦਰ ਸਿੰਘ ਉਰਫ ਸ਼ਿੰਦਾ ਅਤੇ ਹਰਵਿੰਦਰ ਸਿੰਘ ਗੱਗੂ ਖਿਲਾਫ ਥਾਣਾ ਹੰਡੇਸਰਾ ਵਿਖੇ ਮਿਨਰਲ ਐਕਟ ਤਹਿਤ ਪਰਚਾ ਦਰਜ ਕੀਤਾ ਗਿਆ ਸੀ।
ਮੁਆਵਜ਼ੇ ਅਤੇ ਸਰਕਾਰ ਨੌਕਰੀ ਦੀ ਮੰਗ
ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਦੇ ਬਲਾਕ ਪ੍ਰਧਾਨ ਲਖਵਿੰਦਰ ਸਿੰਘ ਹੈਪੀ ਨੇ ਖ਼ਾਲਸ ਟੀਵੀ ਨਾਲ ਗੱਲਬਾਤ ਕਦਿਆਂ ਕਿਹਾ ਕਿ ਜਥੇਬੰਦੀ ਨੇ ਪਿਛਲੇ ਲੰਬੇ ਸਮੇਂ ਤੋਂ ਇਲਾਕੇ ਵਿੱਚ ਨਾਜਾਇਜ਼ ਮਾਈਨਿੰਗ ਚੱਲ ਰਹੀ ਹੈ। ਇਸੇ ਕੜੀ ਵੱਜੋਂ ਪਿੰਡ ਦੀ ਸ਼ਾਮਲਾਟ ਜ਼ਮੀਨ ਤੋਂ ਨਾਜ਼ਾਇਦਾ ਤਰੀਕੇ ਨਾਲ ਮਿੱਟੀ ਪੁੱਟੀ ਜਾ ਰਹੀ ਸੀ। ਇਹ ਖਾਸ ਕਿਸਮ ਦੀ ਮਿੱਟੀ ਦੀ ਭੱਠਿਆਂ ਲਈ ਬਹੁਤ ਕੀਮਤੀ ਹੈ। ਜੱਥੇਬੰਦੀ ਦੇ 60 ਸਾਲਾ ਕਿਸਾਨ ਆਗੂ ਗੁਰਚਰਨ ਸਿੰਘ ਨੇ ਇਸਦਾ ਵਿਰੋਧ ਕੀਤਾ ਅਤੇ ਆਪਣੀ ਜਾਨ ਤੋਂ ਹੱਥ ਧੋੋਣਾ ਪਿਆ। ਪੁਲਿਸ ਨੇ ਮੌਕੇ ਉੱਤੇ ਮੌਜੂਦ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪਰ ਜੇਕਰ ਪੁਲਿਸ ਦੀ ਕਾਰਵਾਈ ਢਿੱਲੀ ਦਿਸੀ ਤਾਂ ਉਹ ਵੱਡਾ ਸੰਘਰਸ਼ ਕਰਨਗੇ। ਉਨ੍ਹਾਂ ਨੇ ਕਿਹਾ ਕਿ ਜਥੇਬੰਦੀ ਪਰਿਵਾਰ ਲਈ ਮੁਆਵਜ਼ੇ ਦੀ ਮੰਗ ਅਤੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੀ ਮੰਗ ਕੀਤੀ ਹੈ। ਇਸ ਮਾਮਲੇ ਵਿੱਚ ਸੂਬਾ ਕਮੇਟੀ ਸੰਘਰਸ਼ ਦੀ ਰਣਨੀਤੀ ਉਲੀਕ ਰਹੀ ਹੈ।
ਸ਼ਰੇਆਮ ਹੋ ਰਹੀ ਹੈ ਨਾਜਾਇਜ਼ ਮਾਈਨਿੰਗ
ਕਿਸਾਨ ਆਗੂ ਨੇ ਕਿਹਾ ਕਿ ਇਲਾਕੇ ਵਿੱਚ ਸ਼ਰੇਆਮ ਮਿੱਟੀ ਦੀ ਨਾਜਾਇਜ਼ ਮਾਈਨਿੰਗ(illegal sand mining) ਦਾ ਧੰਦਾ ਖੁੱਲ੍ਹੇਆਮ ਚੱਲ ਰਿਹਾ ਹੈ। ਸਰਕਾਰ ਇਸ ਨੂੰ ਰੋਕਣ ਵਿੱਚ ਨਾਕਾਮ ਰਹੀ ਹੈ। ਪੰਜਾਬ ‘ਚ ‘ਆਪ’ ਸਰਕਾਰ ਨੇ ਵੱਡੇ-ਵੱਡੇ ਦਾਅਵੇ ਕੀਤੇ ਸਨ ਕਿ ਸਰਕਾਰ ਬਣਨ ਤੋਂ ਬਾਅਦ ਪੰਜਾਬ ‘ਚ ਨਾਜਾਇਜ਼ ਮਾਈਨਿੰਗ ਨਹੀਂ ਹੋਵੇਗੀ ਪਰ ਵੀਰਵਾਰ ਨੂੰ ਨਾਜਾਇਜ਼ ਮਾਈਨਿੰਗ ਨੂੰ ਰੋਕਣ ਆਏ ਕਿਸਾਨ ਆਗੂ ਨੂੰ ਟਰੈਕਟਰ ਨਾਲ ਕੁਚਲਣ ਦੀ ਘਟਨਾ ਨੇ ਪੰਜਾਬ ਸਰਕਾਰ ਦੇ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ।