Punjab

ਵਾਇਰਲ ਹੋਈ ਆਡੀਓ ਨੇ ਲਿਆਂਦਾ ਪੰਜਾਬ ਦੀ ਰਾਜਨੀਤੀ ਵਿੱਚ ਭੂਚਾਲ,ਵਿਰੋਧੀਆਂ ਨੇ ਘੇਰੀ ਮਾਨ ਸਰਕਾਰ

ਚੰਡੀਗੜ੍ਹ : ਪੰਜਾਬ ਦੀ ਸਿਆਸਤ ਵਿੱਚ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਇੱਕ ਆਡੀਓ ਨੇ ਖਲਬਲੀ ਮਚਾ ਦਿੱਤੀ ਹੈ। ਕਥਿਤ ਤੋਰ ‘ਤੇ ਆਪ ਵਿਧਾਇਕ ਅਮਿਤ ਰਤਨ ਅਤੇ ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤੇ ਗਏ ਵਿਅਕਤੀ ਰੇਸ਼ਮ ਗਰਗ ਦੀ ਦੱਸੀ ਜਾਂਦੀ ਇਸ ਆਡੀਓ ਵਿੱਚ ਪੈਸੇ ਮੰਗਣ ਸੰਬੰਧੀ ਗੱਲਬਾਤ ਕੀਤੇ ਜਾਣ ਦੀ ਗੱਲ ਸਾਹਮਣੇ ਆ ਰਹੀ ਹੈ। ਹਾਲਾਕਿ ਖਾਲਸ ਟੀਵੀ ਇਸ ਆਡੀਓ ਦੀ ਪੁਸ਼ਟੀ ਨਹੀਂ ਕਰ ਰਿਹਾ ਹੈ ।

ਪ੍ਰਾਪਤ ਜਾਣਕਾਰੀ ਦੇ ਅਨੁਸਾਰ ਇਹ ਆਡੀਓ ਸ਼ਿਕਾਇਤਕਰਤਾ ਪ੍ਰਿਤਪਾਲ ਸਿੰਘ ਨੇ ਜਾਰੀ ਕੀਤੀ ਹੈ । ਜਿਸ ਤੋਂ ਬਾਅਦ ਇੱਕ ਵਾਰ ਫਿਰ ਵਿਰੋਧੀਆਂ ਨੇ ‘ਆਪ’ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ‘ਤੇ ਦੋਸ਼ ਲੱਗ ਰਹੇ ਹਨ ਕਿ ਵਿਧਾਇਕ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਆਡੀਓ ਵਾਇਰਲ ਹੁੰਦੇ ਹੀ ਪੰਜਾਬ ਦੀ ਸਿਆਸਤ ਵਿੱਚ ਇੱਕ ਵਾਰ ਫਿਰ ਭੂਚਾਲ ਆ ਗਿਆ ਹੈ। ਆਡੀਓ ਵਿੱਚ ਸਾਫ਼ ਸੁਣਨ ਨੂੰ ਮਿਲ ਰਿਹਾ ਹੈ ਕਿ ਗੱਲਬਾਤ ਕਰਨ ਵਾਲੇ ਦੋਨੋਂ ਵਿਅਕਤੀ ਪੈਸੇ ਮੰਗਣ ਦੀ ਗੱਲ ਕਰ ਰਹੇ ਹਨ ਤੇ ਇਹ ਕਿਹਾ ਜਾ ਰਿਹਾ ਹੈ ਕਿ ਇਹ ਆਵਾਜ਼ ਆਪ ਵਿਧਾਇਕ ਅਮਿਤ ਰਤਨ ਤੇ ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤੇ ਗਏ ਵਿਅਕਤੀ ਰੇਸ਼ਮ ਗਰਗ ਦੀ ਹੈ ,ਹਾਲਾਂਕਿ ਇਸ ਗੱਲ ਦੀ ਪੁਸ਼ਟੀ ਹੋਣੀ ਹਾਲੇ ਬਾਕੀ ਹੈ।

ਇਸ ਆਡੀਓ ਦੇ ਵਾਇਰਲ ਹੋਣ ਤੋਂ ਬਾਅਦ ਵਿਰੋਧੀ ਧਿਰਾਂ ਸਰਗਰਮ ਹੋ ਗਈਆਂ ਹਨ ਤੇ ‘ਆਪ’ ਸਰਕਾਰ ਮੁੜ ਇਲਜ਼ਾਮਾਂ ਵਿੱਚ ਘਿਰ ਗਈ ਜਾਪਦੀ ਹੈ।

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇੱਕ ਟਵੀਟ ਵਿੱਚ ਕਿਹਾ ਕਿ ‘ਆਪ’ ਵਿਧਾਇਕ ਅਮਿਤ ਰਤਨ ਖ਼ਿਲਾਫ਼ ਸਾਰੇ ਸਬੂਤ ਜਨਤਕ ਹੋ ਗਏ ਹਨ। ਇਸ ਵਿੱਚ ਰਿਸ਼ਵਤ ਮੰਗਣ ਵਾਲੇ ਵਿਧਾਇਕ ਦੀ ਰਿਕਾਰਡਿੰਗ, ਵਿਜੀਲੈਂਸ ਦੇ ਛਾਪੇ ਦੌਰਾਨ ਸਰਕਟ ਹਾਊਸ ਵਿੱਚ ਉਸਦੀ ਮੌਜੂਦਗੀ ਅਤੇ ਸੀਸੀਟੀਵੀ ਵਿੱਚ ਕੈਦ ਹੋਏ ਉਸਦੇ ਪਿਛਲੇ ਗੇਟ ਤੋਂ ਬਾਹਰ ਨਿਕਲਣਾ  ਸ਼ਾਮਲ ਹੈ। ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਭ੍ਰਿਸ਼ਟਾਚਾਰੀਆਂ ਨੂੰ ਕਿਉਂ ਬਚਾ ਰਹੇ ਹਨ? ਕੀ ਪੈਸਾ ਉਨ੍ਹਾਂ ਤੱਕ ਵੀ ਪਹੁੰਚ ਰਿਹਾ ਸੀ?

ਇਸ ਮਾਮਲੇ ਵਿੱਚ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਵੀ ਟਵੀਟ ਕੀਤਾ ਹੈ। ਆਪਣੇ ਟਵੀਟ ਵਿੱਚ ਉਹਨਾਂ ਨੇ ਦਾਅਵਾ ਕੀਤਾ ਹੈ ਕਿ  ਵਿਧਾਇਕ ਅਮਿਤ ਰਤਨ ਦੀ ਗ੍ਰਿਫਤਾਰੀ ਨੂੰ ਲੈ ਕੇ ਸੀਐਮ ਭਗਵੰਤ ਸਿੰਘ ਮਾਨ ਅਤੇ ਆਪ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਵਿਚਾਲੇ ਗੰਭੀਰ ਵਿਵਾਦ ਚੱਲ ਰਿਹਾ ਹੈ। ਕਿਉਂਕਿ ਉਸ ਨੇ ਵੱਡੀ ਰਕਮ ਅਦਾ ਕਰਕੇ ਦਿੱਲੀ ਲਾਬੀ ਤੋਂ ਸਿੱਧੀ ਟਿਕਟ ਹਾਸਲ ਕੀਤੀ ਹੈ। ਸਰਕਾਰ ਸ਼ਿਕਾਇਤਕਰਤਾ ਦੀ ਤਰਫੋਂ ਸਪੱਸ਼ਟ ਬਿਆਨ ਦੇਣ ਤੋਂ ਬਾਅਦ ਵਿਧਾਇਕ ਨੂੰ ਗ੍ਰਿਫਤਾਰ ਕਿਵੇਂ ਨਹੀਂ ਕਰ ਸਕਦੀ?

ਅਕਾਲੀ ਦਲ ਦੇ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ‘ਆਪ’ ਪੰਜਾਬ ਦੀ ਕੋਝੀ ਰਾਜਨੀਤੀ ਅਤੇ ਇਮਾਨਦਾਰ ਲੀਡਰ ਦਾ ਪਰਦਾਫਾਸ਼ ਹੋ ਗਿਆ ਹੈ । ਸਬੂਤਾਂ ਦੇ ਬਾਵਜੂਦ ‘ਆਪ’ ਵਿਧਾਇਕ ਅਮਿਤ ਕੋਟਫੱਤਾ ਬੇਕਸੂਰ ਸਾਬਤ ਹੋ ਰਿਹਾ ਹੈ। ਆਮ ਆਦਮੀ ਪਾਰਟੀ ਦੇ ਵਿਧਾਇਕ ਨੇ 5 ਲੱਖ ਰੁਪਏ ਦੀ ਰਿਸ਼ਵਤ ਮੰਗੀ। ‘ਆਪ’ ਆਪਣੇ ਭ੍ਰਿਸ਼ਟ ਵਿਧਾਇਕ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ।ਮਜੀਠੀਆ ਨੇ ਆਪਣਏ ਟਵੀਟ ਵਿੱਚ ਸਵਾਲ ਕੀਤਾ ਹੈ ਕਿ ਕਿ ਇਹ ਉਹੀ ਬਦਲਾਅ ਹੈ ,ਜਿਸ ਦਾ ਦਾਅਵਾ ਅਰਵਿੰਦ ਕੇਜਰੀਵਾਲ ਤੇ ਭਗਵੰਤ ਸਿੰਘ ਮਾਨ ਨੇ ਕੀਤਾ ਸੀ।?