Farmer protest against Center and Punjab government, Delhi Ferozepur line stopped at Mansa

ਮਾਨਸਾ : ਭਾਰਤੀ ਕਿਸਾਨ ਯੂਨੀਅਨ ਉਗਰਾਹਾ ਵੱਲੋ ਅੱਜ ਪੰਜਾਬ ਭਰ ਦੇ ਵਿੱਚ ਕਿਸਾਨੀ ਮੰਗਾਂ ਨੂੰ ਲੈ ਕੇ ਪੰਜਾਬ ਅਤੇ ਕੇਂਦਰ ਸਰਕਾਰ ਦੇ ਖਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ 12 ਤੋਂ 3 ਵਜੇ ਤੱਕ ਰੇਲਵੇ ਆਵਾਜਾਈ ਠੱਪ ਕੀਤੀ ਗਈ ਹੈ। ਮਾਨਸਾ ਵਿਖੇ ਵੀ ਕਿਸਾਨਾਂ ਨੇ ਦਿੱਲੀ ਫਿਰੋਜਪੁਰ ਰੇਲਵੇ ਲਾਈਨ ਬੰਦ ਕੀਤੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਕੇਂਦਰ ਅਤੇ ਪੰਜਾਬ ਸਰਕਾਰ ਹਰ ਦਿਨ ਕਿਸਾਨ ਵਿਰੋਧੀ ਫੈਸਲੇ ਕਰ ਰਹੀ ਹੈ ਜਿਸ ਕਾਰਨ ਉਹ ਰੋਸ ਪ੍ਰਦਰਸ਼ਨ ਕਰ ਰਹੇ ਹਨ।

ਕਿਸਾਨ ਨੇਤਾਵਾਂ ਨੇ ਕਿਹਾ ਕਿ ਅੱਜ 12 ਤੋ 3 ਵਜੇ ਤੱਕ ਦਾ ਰੇਲ ਰੋਕੋ ਅੰਦੋਲਨ ਹੈ ਜਿਸ ਦਾ ਕਾਰਨ ਕੇਂਦਰ ਸਰਕਾਰ ਨੇ ਐਲਾਨ ਕੀਤਾ ਹੈ ਕਿ ਕਿਸਾਨਾਂ ਦਾ ਝੋਨਾ 68 ਮਣ ਐਮ ਐਸ ਪੀ ਰੇਟ ਤੇ ਖਰੀਦਿਆ ਜਾਵੇਗਾ ਦੂਸਰਾ ਪੰਜਾਬ ਸਰਕਾਰ ਨੇ ਕਿਹਾ ਹੈ ਕਿ ਪਰਾਲੀ ਫੂਕਣ ਵਾਲੇ ਕਿਸਾਨਾਂ ਖਿਲਾਫ਼ ਜੰਗ ਲੜੀ ਜਾਵੇਗੀ।

ਇਸ ਤੋ ਇਲਾਵਾ ਜੇਕਰ ਕੋਈ ਵੀ ਕਿਸਾਨ ਆਪਣੇ ਖੇਤ ਵਿੱਚ ਮਿੱਟੀ ਚੁਕਦਾ ਹੈ ਤਾ ਕਾਰਵਾਈ ਹੋਵੇਗੀ ਪਿਛਲੇ ਸਾਲ ਨਰਮੇ ਖਰਾਬੇ ਦੇ ਮੁਆਵਜੇ ਤੋਂ ਵਾਝੇ ਕੁਝ ਕਿਸਾਨ ਵੀ ਰਹਿੰਦੇ ਹਨ ਤੇ ਮਜਦੂਰਾਂ ਨੂੰ ਇੱਕ ਅਠਿਆਨੀ ਵੀ ਨਹੀ ਦਿੱਤੀ ਗਈ ਇਸ ਵਾਰ ਫਿਰ ਨਰਮੇ ਤੇ ਗੁਆਰੇ ਦੀ ਫ਼ਸਲ ਮਰ ਗਈ।

ਜਾਣਕਾਰੀ ਦਿੰਦੇ ਹੋਏ ਕਿਸਾਨ ਆਗੂਆਂ ਨੇ ਕਿਹਾ ਗਿਆ ਹੈ ਕਿ ਥਾਂ ਥਾਂ ਧਰਨੇ ਘਿਰਾਓ ਦੇ ਬਾਵਜੂਦ ਗੁਲਾਬੀ ਸੁੰਡੀ ਤੇ ਨਕਲੀ ਕੀਟਨਾਸ਼ਕਾਂ ਨਾਲ ਤਬਾਹ ਹੋਏ ਨਰਮੇ ਦੇ ਐਲਾਨ ਕਰਵਾਏ ਗਏ ਮੁਆਵਜ਼ੇ ਦੀ ਅਦਾਇਗੀ ਤੋਂ ਵੀ ਲਗਾਤਾਰ ਟਾਲਮਟੋਲ ਕੀਤੀ ਜਾ ਰਹੀ ਹੈ। ਐਤਕੀਂ ਵਾਇਰਲ ਰੋਗ ਨਾਲ ਸੌ ਫੀਸਦੀ ਤੱਕ ਬਰਬਾਦ ਹੋਈ ਗੁਆਰੀ ਤੇ ਮੂੰਗੀ ਦੀ ਫ਼ਸਲ ਦੇ ਮੁਆਵਜ਼ੇ ਸੰਬੰਧੀ ਗਰਦੌਰੀ ਤੋਂ ਵੀ ਟਾਲਾ ਵੱਟਿਆ ਜਾ ਰਿਹਾ ਹੈ।

ਕਿਸਾਨਾਂ ਦਾ ਆਪਣੀ ਜ਼ਮੀਨ ਵਿੱਚੋਂ ਟਿੱਬੇ ਹਟਾ ਕੇ ਪੱਧਰ ਕਰਨ ਦਾ ਜੱਦੀ ਪੁਸ਼ਤੀ ਹੱਕ ਖੋਹਣ ਲਈ ਕਈ ਕਿਸਾਨਾਂ ਤੇ ਕਿਸਾਨ ਆਗੂਆਂ ਸਿਰ ਮਾਈਨਿੰਗ ਦੇ ਝੂਠੇ ਮੁੱਕਦਮੇ ਮੜ੍ਹਨ ਵਿਰੁੱਧ ਵਿਸ਼ਾਲ ਜਨਤਕ ਸੰਘਰਸ਼( ਮੌੜ ਥਾਣੇ ਦਾ ਦਿਨੇ ਰਾਤ ਪੱਕਾ ਘਿਰਾਓ ) ਅਣਗੌਲਿਆ ਕੀਤਾ ਜਾ ਰਿਹਾ ਹੈ। ਜ਼ੀਰਾ ਨੇੜੇ ਪ੍ਰਦੂਸ਼ਣ ਦਾ ਹੜ੍ਹ ਬਣੀ ਹੋਈ ਸ਼ਰਾਬ ਫੈਕਟਰੀ ਵਿਰੁੱਧ ਸਵਾ ਮਹੀਨੇ ਤੋਂ ਚੱਲ ਰਿਹਾ ਦਿਨ ਰਾਤ ਦਾ ਧਰਨਾ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ, ਬਲਕਿ ਜ਼ਬਰਦਸਤੀ ਉਠਾਉਣ ਲਈ ਵਾਰ ਵਾਰ ਯਤਨ ਕੀਤੇ ਜਾ ਰਹੇ ਹਨ।

ਅਜੇ ਤੱਕ ਗਿਰਦਾਵਰੀਆ ਨਹੀਂ ਹੋਈਆ ਕਿਸਾਨਾਂ ਉਪਰ ਖੇਤ ਵਿਚੋਂ ਮਿੱਟੀ ਚੁਕਣ ਤੇ ਮਾਮਲੇ ਦਰਜ ਕਰ ਦਿੱਤੇ ਨੇ ਪਾਣੀ ਗੰਧਲਾ ਕੀਤਾ ਜਾ ਰਿਹਾ ਹੈ ਫਿਰੋਜਪੁਰ ਜਿਲ੍ਹੇ ਵਿੱਚ ਇੱਕ ਸਰਾਬ ਦੀ ਫੈਕਟਰੀ ਲੱਗੀ ਹੈ ਉਸਦੇ ਖਿਲਾਫ਼ ਮਹੀਨਾ ਹੋ ਗਿਆ ਹੈ ਮੋਰਚਾ ਲੱਗੇ ਨੂੰ ਉਸਨੂੰ ਉਠਾਉਣ ਦੀਆਂ ਕੋਸ਼ਿਸ਼ਾ ਕੀਤੀਆਂ ਜਾ ਰਹੀਆਂ ਹਨ । ਕਿਸਾਨ ਆਗੂਆਂ ਨੇ ਕਿਹਾ ਕਿ ਇਨ੍ਹਾਂ ਸਾਰੀਆਂ ਮੰਗਾਂ ਨੂੰ ਲੈ ਕੇ ਅੱਜ ਪੰਜਾਬ ਭਰ ਵਿੱਚ ਇਹ ਰੋਸ ਪ੍ਰਦਰਸ਼ਨ ਜਾਰੀ ਹੈ।