India Khetibadi Punjab

ਖਨੌਰੀ ‘ਤੇ ਨੌਜਵਾਬ ਕਿਸਾਨ ਨੂੰ ਲੈਕੇ ਮਾੜੀ ਖਬਰ ! ਕੇਂਦਰ ਦੇ ਮੁੜ ਗੱਲਬਾਤ ਦੇ ਸੱਦੇ ‘ਤੇ ਕਿਸਾਨਾਂ ਨੇ ਨਹੀਂ ਦਿੱਤਾ ਕੋਈ ਜਵਾਬ

ਬਿਉਰੋ ਰਿਪੋਰਟ:  ਕਿਸਾਨਾਂ ਦੇ ਦਿੱਲੀ ਕੂਚ ਨੂੰ ਲੈਕੇ ਬਹੁਤ ਹੀ ਮੰਦਭਾਰੀ ਖਬਰ ਹੈ ।ਦਿੱਲੀ ਕੂਚ ਦੇ ਐਲਾਨ ਦੌਰਾਨ ਇੱਕ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਹੈ । ਉਸ ਦੇ ਸਿਰ ਦੇ ਪਿੱਛੇ ਜਖਮ ਨਜ਼ਰ ਆ ਰਿਹਾ ਹੈ । ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਨੇ ਦਾਅਵਾ ਕੀਤਾ ਹੈ ਕਿ ਪੁਲਿਸ ਦੀ ਗੋਲੀ ਦੀ ਵਜ੍ਹਾ ਕਰਕੇ ਸ਼ੁਭਕਰਨ ਸਿੰਘ ਦੀ ਮੌਤ ਹੋਈ ਹੈ। ਉਸ ਨੂੰ ਜਦੋਂ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਲਿਜਾਇਆ ਗਿਆ ਤਾਂ ਰਸਤੇ ਵਿੱਚ ਹੀ ਉਸ ਦੀ ਮੌਤ ਹੋ ਗਈ ਸੀ । ਜਦਕਿ ਡਾਕਟਰਾਂ ਨੇ ਕਿਹਾ ਪਹਿਲੀ ਨਜ਼ਰ ਵਿੱਚ ਇਹ ਗੋਲੀ ਲੱਗ ਰਹੀ ਹੈ ਪਰ ਪੋਸਟਮਾਰਟਮ ਤੋਂ ਬਾਅਦ ਹੀ ਅਸੀਂ ਇਸ ਦੀ ਪੁਸ਼ਟੀ ਕਰਾਂਗੇ ।ਮ੍ਰਿਤਕ ਨੌਜਵਾਨ ਕਿਸਾਨ ਪਿੰਡ ਬੱਲੋ ਜਿਲਾ ਬਠਿੰਡਾ ਦਾ ਰਹਿਣ ਵਾਲਾ ਸੀ ਅਤੇ ਉਸ ਦੀ ਉਮਰ 21 ਤੋਂ 22 ਸਾਲ ਦੇ ਵਿਚਾਲੇ ਦੱਸੀ ਜਾ ਰਹੀ ਹੈ । ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਵਿੱਚ ਜਖਮੀ ਹੋ ਗਏ ਹਨ ਉਨ੍ਹਾਂ ਦੀ ਇੱਕ ਅੱਖ ਤੇ ਸੱਟ ਲੱਗੀ ਹੈ । ਉਧਰ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਅਤੇ ਜਗਜੀਤ ਸਿੰਘ ਡੱਲੇਵਾਲ ਵੀ ਸ਼ੰਭੂ ਬਾਰਡਰ ਤੋਂ ਖਨੌਰੀ ਪਰਿਵਾਰ ਨੂੰ ਮਿਲਣ ਦੇ ਲਈ ਪਹੁੰਚ ਗਏ ਹਨ। ਉਸ ਤੋਂ ਬਾਅਦ ਹੀ ਅੱਗੇ ਦੀ ਰਣਨੀਤੀ ਬਣੇਗੀ । ਉਧਰ ਸੰਭੂ ਵਿੱਚ ਸਵੇਰ ਸਭ ਤੋਂ ਪਹਿਲਾਂ 11 ਵਜੇ ਕਿਸਾਨਾਂ ਨੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਤੇ ਅੱਥਰੂ ਗੈਸ ਦੇ ਗੋਲੇ ਛੱਡੇ ਗਏ । ਉਸ ਤੋਂ ਬਾਅਦ ਖਨੌਰੀ ਬਾਰਡਰ ਤੇ ਸਭ ਤੋਂ ਜ਼ਿਆਦਾ ਅੱਥਰੂ ਗੈਸ ਦੇ ਗੋਲੇ ਛੱਡੇ ਗਏ । ਦੱਸਿਆ ਜਾ ਰਿਹਾ ਹੈ ਕਿ 50 ਤੋਂ ਵੱਧ ਕਿਸਾਨ ਬੁਰੀ ਤਰ੍ਹਾਂ ਨਾਲ ਜਖਮੀ ਹੋਏ ਹਨ । ਹੁਣ ਕਿਸਾਨਾਂ ਨੇ ਖਨੌਰੀ ਬਾਰਡਰ ‘ਤੇ ਨਵੀਂ ਰਣਨੀਤੀ ਬਣਾਈ ਹੈ। ਖੇਤਾਂ ਵਿੱਚ ਪਰਾਲੀ ਨੂੰ ਅੱਗ ਲੱਗਾ ਦਿੱਤੀ ਹੈ,ਹਵਾ ਦਾ ਰੁੱਖ ਹਰਿਆਣਾ ਵੱਲ ਹੈ ਇਸ ਲਈ ਧੂੰਆਂ ਉਸੇ ਪਾਸੇ ਜਾ ਰਿਹਾ ਹੈ ਤਾਂਕੀ ਡ੍ਰੋਨ ਦੇ ਜ਼ਰੀਏ ਨਜ਼ਰ ਰੱਖ ਰਹੀ ਹਰਿਆਣਾ ਪੁਲਿਸ ਨੂੰ ਕੁਝ ਨਜ਼ਰ ਨਾ ਆਏ ।

ਇਸ ਤੋਂ ਪਹਿਲਾਂ ਸਵੇਰੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਅਤੇ ਜਗਜੀਤ ਸਿੰਘ ਡੱਲੇਵਾਲ ਨੇ ਪੀਸੀ ਕਰਕੇ ਆਪਣੇ ਕੁਝ ਸਾਥੀਆਂ ਦੇ ਨਾਲ ਅੱਗੇ ਵਧਣਾ ਦਾ ਐਲਾਨ ਕਰ ਦਿੱਤਾ ਅਤੇ ਕਿਸਾਨਾਂ ਨੂੰ ਅਗਲੇ ਨਿਰਦੇਸ਼ਾਂ ਤੱਕ ਸ਼ਾਂਤੀ ਨਾਲ ਬੈਠਣ ਦੇ ਨਿਰਦੇਸ਼ ਦਿੱਤੇ । ਪਰ ਇਸ ਦੌਰਾਨ 11 ਵਜੇ ਸ਼ੰਭੂ ਅਤੇ 12 ਵਜੇ ਖਨੌਰੀ ਤੋਂ ਅੱਗੇ ਵਧੇ ਕਿਸਾਨਾਂ ‘ਤੇ ਅੱਥਰੂ ਗੈਸ ਦੇ ਗੋਲੇ ਛੱਡਣ ਅਤੇ ਕੇਂਦਰੀ ਖੇਤੀਬਾੜੀ ਮੰਤਰੀ ਅਰਜੁਨ ਮੁੰਡਾ ਵੱਲੋਂ ਇੱਕ ਵਾਰ ਮੁੜ ਤੋਂ ਪੰਜਵੇਂ ਗੇੜ ਦੀ ਮੀਟਿੰਗ ਦੇ ਸੱਦੇ ਵਿਚਾਲੇ ਇੱਕ ਕਿਸਾਨ ਦੀ ਮੌਤ ਦੀ ਖਬਰ ਆ ਗਈ ।

ਉਧਰ 11 ਵਜੇ ਦੇ ਕਰੀਬ ਕੇਂਦਰੀ ਖੇਤੀਬਾੜੀ ਮੰਤਰੀ ਅਰਜੁਨ ਮੁੰਡਾ ਨੇ ਕਿਸਾਨਾਂ ਨੂੰ ਇੱਕ ਵਾਰ ਮੁੜ ਤੋਂ ਗੱਲਬਾਤ ਦਾ ਸੱਦਾ ਦਿੱਤਾ ਹੈ । ਖੇਤੀਬਾੜੀ ਮੰਤਰੀ ਅਰਜੁਨ ਮੁੰਡਾ ਨੇ ਆਪਣੇ ਸੋਸ਼ਲ ਮੀਡੀਆ ਐਕਾਉਂਟ ‘ਤੇ ਲਿਖਿਆ ਹੈ ਕਿ ਸਰਕਾਰ ਚੌਥੇ ਦੇ ਬਾਅਦ ਪੰਜਵੇਂ ਦੌਰ ਵਿੱਚ ਸਾਰੇ ਮੁੱਦੇ ਜਿਵੇਂ ਕਿ MSP ਦੀ ਮੰਗ,ਫਸਲੀ ਚੱਕਰ,ਪਰਾਲੀ ਦਾ ਵਿਸ਼ਾ,FIR ‘ਤੇ ਗੱਲਬਾਤ ਦੇ ਲਈ ਤਿਆਰ ਹੈ ਮੈਂ ਮੁੜ ਤੋਂ ਕਿਸਾਨ ਆਗੂਆਂ ਨੂੰ ਚਰਚਾ ਦੇ ਲਈ ਸੱਦਾ ਦਿੰਦਾ ਹਾਂ । ਸਾਨੂੰ ਸ਼ਾਂਤੀ ਬਣਾਉਣ ਦੀ ਜ਼ਰੂਰਤ ਹੈ । ਉਧਰ ਕਿਸਾਨ ਆਗੂ ਸ਼ੰਭੂ ਬਾਰਡਰ ਤੇ ਮੀਟਿੰਗ ਕਰ ਰਹੇ ਹਨ । ਅੱਜ ਸ਼ਾਮ ਨੂੰ ਗੱਲਬਾਤ ਹੋ ਸਕਦੀ ਹੈ । ਉਧਰ ਸ਼ੰਭੂ ਤੋਂ ਬਾਅਦ ਹੁਣ ਖਨੌਰੀ ਬਾਰਡਰ ਤੇ ਵੀ ਅੱਥਰੂ ਗੈਸ ਦੇ ਗੋਲੇ ਛੱਡੇ ਗਏ ਹਨ ।

ਉਧਰ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਪੰਜਾਬ ਦੇ ਮੁੱਖ ਸਕੱਤਰ ਨੂੰ ਹਰ ਹਾਲ ਵਿੱਚ ਕਾਨੂੰਨ ਹਾਲਤ ਬਣਾਉਣ ਦੇ ਨਿਰਦੇਸ਼ ਦਿੱਤੇ ਸਨ ਜਿਸ ਦਾ ਜਵਾਬ ਪੰਜਾਬ ਸਰਕਾਰ ਵੱਲੋਂ ਭੇਜ ਦਿੱਤਾ ਗਿਆ ਹੈ । ਚੀਫ ਸਕੱਤਰ ਅਨੁਰਾਗ ਵਰਮਾ ਨੇ ਪੱਤਰ ਵਿੱਚ ਲਿਖਿਆ ਕਿ ਸਰਕਾਰ ਕਿਸਾਨਾਂ ਨੂੰ ਸ਼ੰਭੂ ਤੇ ਇਕੱਠੇ ਨਹੀਂ ਹੋਣ ਦੇ ਰਹੀ ਹੈ । ਹਰਿਆਣਾ ਪੁਲਿਸ ਨੇ ਕਿਸਾਨਾਂ ਨੂੰ ਦਿੱਲੀ ਕੂਚ ਤੋਂ ਰੋਕਿਆ ਹੈ । ਹਰਿਆਣਾ ਪੁਲਿਸ ਚਲਾ ਰਹੀ ਹੈ ਹੰਝੂ ਗੈਸ ਦੇ ਗੋਲੇ । ਪੰਜਾਬ ਦੇ ਮੁੱਖ ਮੰਤਰੀ ਕੇਂਦਰ ਨਾਲ ਕਿਸਾਨਾਂ ਦੀ ਗੱਲਬਾਤ ਕਰਵਾਉਣ ਵਿੱਚ ਅਹਿਮ ਭੂਮਿਕਾ ਅਦਾ ਕੀਤੀ ਹੈ । ਆਪ ਵੀ ਮੁੱਖ ਮੰਤਰੀ ਇੰਨਾਂ ਮੀਟਿੰਗਾਂ ਦਾ ਹਿੱਸਾ ਬਣ ਰਹੇ ਹਨ । ਹਾਲ ਹੀ ਚੀਫ ਸਕੱਤਰ ਨੇ ਕਿਹਾ ਕਿਸਾਨਾਂ ਦੇ ਪ੍ਰਤੀ ਹਮਦਰਦੀ ਰੱਖਣ ਦੀ ਜ਼ਰੂਰਤ ਹੈ ।

ਉਧਰ ਹਰਿਆਣਾ ਦੇ ਡੀਜੀਪੀ ਵੱਲੋਂ ਪੰਜਾਬ ਦੇ ਡੀਜੀਪੀ ਨੂੰ ਸ਼ੰਭੂ ਅਤੇ ਖਨੌਰੀ ਬਾਰਡਰ ਤੇ JCB, ਪੋਕਲੇਨ,ਟਿੱਪਰ,ਹਾਈਡਰਾ ਅਤੇ ਹੋਰ ਭਾਰੀ ਮਸ਼ੀਨਾਂ ਹਟਾਉਣ ਦੀ ਅਪੀਲ ਕੀਤੀ ਸੀ ਜਿਸ ਤੋਂ ਬਾਅਦ ਡੀਜੀਪੀ ਗੌਰਵ ਯਾਦਵ ਐਕਟਿਵ ਹੋ ਗਏ । ਡੀਜੀਪੀ ਨੇ ਸਾਰੇ ਐਸਐਸਪੀਜ਼ ਅਤੇ ਸੀਪੀਜ਼ ਨੂੰ ਸਪੱਸ਼ਟ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਕਿਸੇ ਵੀ ਜੇਸੀਬੀ, ਪੋਕਲੇਨ, ਟਿੱਪਰ, ਹਾਈਡਰਾ ਅਤੇ ਹੋਰ ਭਾਰੀ ਮਿੱਟੀ ਕੱਢਣ ਵਾਲੇ ਯੰਤਰ ਨੂੰ ਖਨੌਰੀ ਅਤੇ ਸ਼ੰਭੂ ਵਿਖੇ ਪੰਜਾਬ-ਹਰਿਆਣਾ ਸਰਹੱਦ ਤਕ ਪਹੁੰਚਣ ਦੀ ਇਜਾਜ਼ਤ ਨਾ ਦਿਤੀ ਜਾਵੇ। ਉਨ੍ਹਾਂ ਕਿਹਾ ਕਿ ਇਹ ਹਦਾਇਤਾਂ ਹਰਿਆਣਾ ਦੇ ਡੀਜੀਪੀ ਵਲੋਂ ਲਿਖਤੀ ਬੇਨਤੀ ਮਿਲਣ ਮਗਰੋਂ ਜਾਰੀ ਕੀਤੀਆਂ ਗਈਆਂ ਹਨ ਤੇ ਸਮੂਹ ਐਸਐਸਪੀਜ਼ ਤੇ ਪੁਲਿਸ ਕਮਿਸ਼ਨਰਾਂ ਤਕ ਪਹੁੰਚਾ ਦਿਤੀਆਂ ਗਈਆਂ ਹਨ। ਉਨ੍ਹਾਂ ਨੇ ਅਧਿਕਾਰੀਆਂ ਨੂੰ ਕਿਹਾ ਕਿ ਕਾਨੂੰਨ ਵਿਵਸਥਾ ਨੂੰ ਧਿਆਨ ਵਿਚ ਰੱਖਦਿਆਂ ਤੁਰੰਤ ਨਾਕੇਬੰਦੀ, ਪੈਟਰੋਲਿੰਗ ਤੇ ਹੋਰ ਲੋੜੀਂਦੇ ਕਦਮ ਚੁੱਕੇ ਜਾਣ ਤਾਂ ਜੋ ਜੇਸੀਬੀ, ਪੋਕਲੇਨ, ਟਿੱਪਰ ਤੇ ਹੋਰ ਅਜਿਹੇ ਸਾਧਨਾਂ ਨੂੰ ਸ਼ੰਭੂ ਅਤੇ ਖਨੌਰੀ ਬਾਰਡਰ ‘ਤੇ ਪਹੁੰਚਣ ਤੋਂ ਰੋਕਿਆ ਜਾ ਸਕੇ।

ਇਸ ਤੋਂ ਪਹਿਲਾਂ ਕੇਂਦਰੀ ਗ੍ਰਹਿ ਮੰਤਰਾਲੇ ਨੇ ਪੰਜਾਬ ਦੇ ਮੁੱਖ ਸਕੱਤਰ ਨੂੰ ਸਖ਼ਤ ਨਿਰਦੇਸ਼ ਦਿਤੇ ਹਨ। ਕਿਸਾਨ ਅੰਦੋਲਨ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰਾਲੇ ਨੇ ਪੰਜਾਬ ਦੇ ਮੁੱਖ ਸਕੱਤਰ ਨੂੰ ਚਿੱਠੀ ਲਿਖੀ ਹੈ। ਕੇਂਦਰ ਦੇ ਅੰਦਾਜ਼ੇ ਅਨੁਸਾਰ ਪੰਜਾਬ-ਹਰਿਆਣਾ ਹੱਦ ‘ਤੇ 1200 ਟਰੈਕਟਰ-ਟਰਾਲੀਆਂ, 300 ਕਾਰਾਂ ਅਤੇ 10 ਮਿੰਨੀ ਬੱਸਾਂ ਅਤੇ ਕਈ ਹੋਰ ਛੋਟੇ ਵਾਹਨਾਂ ਸਮੇਤ 14,000 ਦੇ ਕਰੀਬ ਲੋਕ ਇਕੱਠੇ ਹੋਏ ਹਨ। ਕੇਂਦਰ ਵਲੋਂ ਪੰਜਾਬ ਸਰਕਾਰ ਅੱਗੇ ਇਸ ਦਾ ਸਖ਼ਤ ਇਤਰਾਜ਼ ਪ੍ਰਗਟਾਇਆ ਗਿਆ ਹੈ। ਗ੍ਰਹਿ ਮੰਤਰਾਲੇ ਨੇ ਕਿਹਾ ਕਿ ਕਿਸਾਨਾਂ ਦੀ ਆੜ ਵਿਚ ਕਈ ਸ਼ਰਾਰਤੀ ਅਨਸਰ ਭਾਰੀ ਮਸ਼ੀਨਰੀ ਇਕੱਠੀ ਕਰ ਰਹੇ ਹਨ ਅਤੇ ਹਰਿਆਣਾ ਨਾਲ ਲੱਗਦੀ ਪੰਜਾਬ ਦੀ ਸ਼ੰਭੂ ਹੱਦ ਨੇੜੇ ਪਥਰਾਅ ਕਰ ਰਹੇ ਹਨ। ਮੰਤਰਾਲੇ ਨੇ ਕਿਹਾ ਕਿ ਕੇਂਦਰੀ ਸੁਰੱਖਿਆ ਏਜੰਸੀਆਂ ਦੁਆਰਾ ਤਿਆਰ ਕੀਤੀ ਗਈ ਰੀਪੋਰਟ ਅਨੁਸਾਰ ਰਾਜਪੁਰਾ-ਅੰਬਾਲਾ ਰੋਡ ‘ਤੇ ਸ਼ੰਭੂ ਬੈਰੀਅਰ ‘ਤੇ ਲਗਭਗ 14,000 ਲੋਕਾਂ ਨੂੰ ਲਗਭਗ 1200 ਟਰੈਕਟਰ-ਟਰਾਲੀਆਂ, 300 ਕਾਰਾਂ, 10 ਮਿੰਨੀ ਬੱਸਾਂ ਅਤੇ ਹੋਰ ਛੋਟੇ ਵਾਹਨਾਂ ਦੇ ਨਾਲ ਇਕੱਠੇ ਹੋਣ ਦੀ ਇਜਾਜ਼ਤ ਦਿਤੀ ਗਈ ਹੈ।।