Punjab

‘ਮੋਬਾਈਲ ਛੱਡ ਕੇ ਪੜਾਈ ਕਰੋ’ ! ਵੱਡੀ ਭੈਣ ਦੇ ਇਹ 5 ਸ਼ਬਦ ਪਰਿਵਾਰ ਨੂੰ ਉਮਰ ਭਰ ਦਾ ਗ਼ਮ ਦੇ ਗਏ !

ਬਿਊਰੋ ਰਿਪੋਰਟ : ਮੋਬਾਈਲ ਫ਼ੋਨ ਨੇ ਹਫ਼ਤੇ ਦੇ ਅੰਦਰ ਦੂਜੀ ਵਾਰ ਇੱਕ ਪਰਿਵਾਰ ਦਾ ਘਰ ਉਜਾੜ ਦਿੱਤਾ ਹੈ, ਪਹਿਲਾਂ ਭੈਣ ਨੇ ਭਰਾ ਦਾ ਮੋਬਾਈਲ ਦੇ ਲਈ ਕਤਲ ਕੀਤਾ ਸੀ ਹੁਣ ਇੱਕ ਹੋਰ ਮਾਮਲਾ ਸਾਹਮਣੇ ਆਇਆ ਜਿੱਥੇ ਭਰਾ ਨੇ ਮੋਬਾਈਲ ਦੇ ਲਈ ਭੈਣ ਦਾ ਕਤਲ ਕਰ ਦਿੱਤਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਦੋਵੇਂ ਵਾਰਦਾਤਾਂ ਫ਼ਰੀਦਾਬਾਦ ਤੋਂ ਸਾਹਮਣੇ ਆਇਆ ।
ਦਰਅਸਲ ਮੋਬਾਈਲ ਦੀ ਵਰਤੋਂ ਨੂੰ ਲੈ ਕੇ ਦੋਵੇਂ ਭੈਣ-ਭਰਾਵਾਂ ਵਿੱਚ ਝਗੜਾ ਹੋਇਆ, ਛੋਟੇ ਭਰਾ ਨੇ ਵੱਡੀ ਭੈਣ ਦਾ ਗਲ਼ਾ ਦਬਾ ਦਿੱਤਾ, ਇਸ ਦੇ ਬਾਅਦ ਉਹ ਫ਼ਰਾਰ ਹੋਕੇ ਉੱਤਰਾਖੰਡ ਚਲਾ ਗਿਆ ਅਤੇ ਫਿਰ ਫ਼ਰੀਦਾਬਾਦ ਆਕੇ ਲੁੱਕ ਗਿਆ। ਵਾਰਦਾਤ ਦੇ ਵਕਤ ਪਰਿਵਾਰ ਘਰ ਤੋਂ ਬਾਹਰ ਸੀ। ਅਗਲੇ ਦਿਨ ਜਦੋਂ ਘਰ ਪਰਤੇ ਤਾਂ ਧੀ ਦੀ ਲਾਸ਼ ਮਿਲੀ, ਉਸ ਦੇ ਗਲੇ ‘ਤੇ ਨਿਸ਼ਾਨ ਸਨ । ਮਾਪਿਆਂ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਤਾਂ ਪੁਲਿਸ ਦੀ ਕ੍ਰਾਇਮ ਬਰਾਂਚ ਨੇ ਉੱਤਰਾਖੰਡ ਤੋਂ ਫ਼ਰੀਦਾਬਾਦ ਪਰਤੇ ਭਰਾ ਨੂੰ ਗ੍ਰਿਫਤਾਰ ਕਰ ਲਿਆ, ਉਸ ਦੇ ਖ਼ਿਲਾਫ਼ ਕਤਲ ਦਾ ਕੇਸ ਦਰਜ ਕੀਤਾ ਗਿਆ ਹੈ ।

ਭਰਾ ਪੜ੍ਹਨ ਦੀ ਥਾਂ ਮੋਬਾਈਲ ਵੇਖ ਰਿਹਾ ਸੀ

ਫ਼ਰੀਦਾਬਾਦ ਦੇ ਓਮ ਐਨਕਲੇਵ ਵਿੱਚ ਰਹਿਣ ਵਾਲੇ ਸ਼ਾਮ ਸੁੰਦਰ ਪਾਂਡੇ ਆਪਣੀ ਪਤਨੀ ਪ੍ਰੇਮ ਪਾਂਡੇ ਦੇ ਨਾਲ ਵਿਆਹ ‘ਤੇ ਯੂ ਪੀ ਦੇ ਗੋਰਖਪੁਰ ਗਏ ਸਨ । ਜਦੋਂ ਘਰ ਪਰਤੇ ਤਾਂ ਧੀ ਅੰਨਿਆ ਦੀ ਲਾਸ਼ ਪਈ ਸੀ। ਪੁੱਤਰ ਪ੍ਰਿਯਾਂਸ਼ੂ ਘਰ ਵਿੱਚ ਨਹੀਂ ਸੀ। ਜਦੋਂ ਪੁਲਿਸ ਘਰ ਪਹੁੰਚੀ ਤਾਂ ਜਾਂਚ ਸ਼ੁਰੂ ਕੀਤੀ ਤਾਂ ਕੁੜੀ ਦੇ ਗਲੇ ‘ਤੇ ਨਿਸ਼ਾਨ ਸਨ, ਜਿਸ ਤੋਂ ਸਾਫ਼ ਸੀ ਧੌਣ ਦਬਾ ਕੇ ਕਤਲ ਕੀਤਾ ਗਿਆ ਹੈ। ਪ੍ਰਿਯਾਂਸ਼ੂ ਵਾਰਦਾਤ ਦੇ ਬਾਅਦ ਤੋਂ ਹੀ ਫ਼ਰਾਰ ਸੀ, ਇਸ ਦੇ ਕਾਰਨ ਉਸ ‘ਤੇ ਪੁਲਿਸ ਨੂੰ ਸ਼ੱਕ ਹੋਇਆ।

ਪੁਲਿਸ ਪੁੱਛ-ਗਿੱਛ ਵਿੱਚ 19 ਸਾਲ ਦੇ ਪ੍ਰਿਯਾਂਸ਼ੂ ਨੇ ਕਬੂਲ ਕੀਤਾ ਕਿ ਮੋਬਾਈਲ ਦੀ ਵਜ੍ਹਾ ਕਰ ਕੇ ਉਸ ਨੇ ਭੈਣ ਦਾ ਕਤਲ ਕੀਤਾ। ਉਸ ਨੇ ਦੱਸਿਆ ਕਿ ਮਾਤਾ ਪਿਤਾ ਵਿਆਹ ‘ਤੇ ਗਏ ਸਨ,ਘਰ ਵਿੱਚ ਮੈਂ ਅਤੇ ਭੈਣ ਅੰਨਿਆ ਸੀ। ਮੈਂ ਪੜਾਈ ਛੱਡ ਕੇ ਮੋਬਾਈਲ ਵਿੱਚ ਲੱਗ ਗਿਆ, ਇਸ ‘ਤੇ ਅੰਨਿਆ ਨੇ ਵਾਰ-ਵਾਰ ਟੋਕਿਆ। ਕਤਲ ਦੇ ਦਿਨ ਅੰਨਿਆ ਨੇ ਮੋਬਾਈਲ ਦੀ ਵਜ੍ਹਾ ਉਸ ਨੂੰ ਝਿੜਕਿਆ ਸੀ, ਭੈਣ ਨੇ ਕਿਹਾ ਮੋਬਾਈਲ ਨੂੰ ਛੱਡ ਕੇ ਪੜਾਈ ਕਰੋ। ਗ਼ੁੱਸੇ ਵਿੱਚ ਆਕੇ ਪ੍ਰਿਯਾਂਸ਼ੂ ਅੰਨਿਆ ਕੋਲ ਗਿਆ ਅਤੇ ਫਿਰ ਧੌਣ ਦਬਾ ਦਿੱਤੀ।

ਉਸ ਨੇ ਦੱਸਿਆ ਕਿ ਮੈਂ ਭੈਣ ਦੀ ਮੌਤ ਤੋਂ ਬਾਅਦ ਡਰ ਗਿਆ ਸੀ, ਮੈਂ ਆਪਣੇ ਆਪ ਨੂੰ ਬਚਾਉਣ ਦੇ ਲਈ ਯੋਜਨਾ ਬਣਾਈ, ਉਸ ਨੇ ਸੋਚਿਆ ਕਿ ਘਰ ਤੋਂ ਫ਼ਰਾਰ ਹੋਣ ਤੋਂ ਬਾਅਦ ਕੋਈ ਉਸ ‘ਤੇ ਸ਼ੱਕ ਨਹੀਂ ਕਰੇਗਾ, ਇਸ ਲਈ ਉਹ ਉੱਤਰਾਖੰਡ ਦੇ ਦੇਹਰਾਦੂਨ ਅਤੇ ਫਿਰ ਮਸੂਰੀ ਚਲਾ ਗਿਆ, ਕੁੱਝ ਦਿਨ ਤੱਕ ਉਹ ਉੱਥੇ ਹੀ ਰਿਹਾ । ਪਰ ਉਸ ਦੀ ਇਹ ਗ਼ਲਤੀ ਸ਼ੱਕ ਦਾ ਕਾਰਨ ਬਣੀ ਅਤੇ ਉਹ ਫੜਿਆ ਗਿਆ ।

ਮੋਬਾਈਲ ਦੀ ਵਜ੍ਹਾ ਕਰ ਕੇ ਕਤਲ ਦਾ ਦੂਜਾ ਮਾਮਲਾ

ਫ਼ਰੀਦਾਬਾਦ ਵਿੱਚ ਮੋਬਾਈਲ ਨੂੰ ਲੈ ਕੇ ਰਿਸ਼ਤਿਆਂ ਦੇ ਕਤਲ ਦਾ ਇਹ ਦੂਜਾ ਮਾਮਲਾ ਹੈ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਫ਼ਰੀਦਾਬਾਦ ਦੇ ਕੋਲੀਵਾਰਾ ਵਿੱਚ ਮੋਬਾਈਲ ਨਾ ਦੇਣ ‘ਤੇ 14 ਸਾਲ ਦੀ ਭੈਣ ਨੇ 12 ਸਾਲ ਦੇ ਭਰਾ ਦੀ ਧੌਣ ਦਬਾ ਕੇ ਕਤਲ ਕਰ ਦਿੱਤਾ ਸੀ। ਮੋਬਾਈਲ ਵਿੱਚ ਗੇਮ ਖੇਡਣ ਨੂੰ ਲੈ ਕੇ ਦੋਵਾਂ ਵਿੱਚ ਝਗੜਾ ਹੋਇਆ ਸੀ। ਜਿਸ ਵੇਲੇ ਵਾਰਦਾਤ ਹੋਈ ਮਾਤਾ-ਪਿਤਾ ਘਰ ਨਹੀਂ ਸੀ। ਭੈਣ ਨੇ ਭਰਾ ਨੂੰ ਬੈੱਡ ‘ਤੇ ਪਾ ਦਿੱਤਾ ਅਤੇ ਚਾਦਰ ਦੇ ਦਿੱਤੀ,ਮਾਂ ਜਦੋਂ ਘਰ ਆਈ ਤਾਂ ਉਸ ਨੇ ਪੁੱਤਰ ਨੂੰ ਜਗਾਇਆ ਤਾਂ ਪਤਾ ਚੱਲਿਆ ਕਿ ਪੁੱਤਰ ਦੀ ਮੌਤ ਹੋ ਗਈ ਹੈ ਅਤੇ ਉਸ ਦੇ ਗਲੇ ‘ਤੇ ਨਿਸ਼ਾਨ ਸਨ। ਪੁਲਿਸ ਨੇ ਸ਼ੱਕ ਹੋਣ ‘ਤੇ ਭੈਣ ਤੋਂ ਪੁੱਛ-ਗਿੱਛ ਕੀਤੀ ਤਾਂ ਫਿਰ ਉਸ ਨੇ ਦੱਸਿਆ ਕਿ ਮੋਬਾਈਲ ਦੀ ਵਜ੍ਹਾ ਕਰ ਕੇ ਉਸ ਨੇ ਕਤਲ ਕੀਤਾ ਸੀ।