ਬਿਊਰੋ ਰਿਪੋਰਟ : ਡਿਬਰੂਗੜ੍ਹ ਜੇਲ੍ਹ ਵਿੱਚ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਸਮੇਤ NSA ਅਧੀਨ ਬੰਦ 10 ਸਿੱਖ ਕੈਦੀਆਂ ਨੂੰ ਮਿਲਣ ਦੇ ਲਈ ਪਰਿਵਾਰ ਪਹੁੰਚੇ । ਇਸ ਦੌਰਾਨ ਅੰਮ੍ਰਿਤਪਾਲ ਸਿੰਘ ਨੇ ਇੱਕ ਚਿੱਠੀ ਵੀ ਜਾਰੀ ਕੀਤੀ ਹੈ ਜਿਸ ਵਿੱਚ ਲਿਖਿਆ ਗਿਆ ਹੈ ਕਿ ਕੋਈ ਵੀ ਨਿੱਜੀ ਤੌਰ ‘ਤੇ ਅਦਾਲਤ ਵਿੱਚ ਵਕੀਲ ਨਾ ਕਰੇ,ਵਕੀਲਾਂ ਦਾ ਇੱਕ ਪੈਨਲ ਬਣਾਇਆ ਜਾਵੇ। SGPC ਦੇ ਵਕੀਲਾਂ ਨੇ ਅੰਮ੍ਰਿਤਸਰ ਦੇ ਡੀਸੀ ਕੋਲੋ ਪਰਿਵਾਰਾਂ ਨੂੰ ਮਿਲਣ ਦੀ ਇਜਾਜ਼ਤ ਲਈ ਸੀ। ਜਿਸ ਤੋਂ ਬਾਅਦ ਸਿੱਖ ਕੈਦੀਆਂ ਦੇ ਪਰਿਵਾਰਾਂ ਨੂੰ ਹਵਾਈ ਜਹਾਜ ਦੇ ਜ਼ਰੀਏ ਆਸਾਮ ਲਿਆਇਆ ਗਿਆ । ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਵੱਲੋਂ ਉਨ੍ਹਾਂ ਦੇ ਚਾਚਾ ਸੁਖਚੈਨ ਸਿੰਘ ਨੇ ਹਰਜੀਤ ਸਿੰਘ ਅਤੇ ਅੰਮ੍ਰਿਤਪਾਲ ਸਿੰਘ ਨਾਲ ਮੁਲਾਕਾਤ ਕੀਤੀ ਹੈ। ਪਪਲਪ੍ਰੀਤ ਸਿੰਘ ਅਤੇ ਦਲਜੀਤ ਕਲਸੀ ਸਮੇਤ ਹੋਰ ਪਰਿਵਾਰਕ ਮੈਂਬਰਾਂ ਨੇ ਵੀ ਜੇਲ੍ਹ ਵਿੱਚ ਆਪੋ-ਆਪਣੇ ਕੈਦੀਆਂ ਨਾਲ ਮੁਲਾਕਾਤ ਕੀਤੀ । ਮਿਲਣ ਤੋਂ ਬਾਅਦ ਪਪਲਪ੍ਰੀਤ ਸਿੰਘ ਦੀ ਮਾਂ ਨੇ 2 ਵੱਡੇ ਬਿਆਨ ਦਿੱਤੇ ਹਨ ।
ਪਪਲਪ੍ਰੀਤ ਦੀ ਮਾਂ ਦੇ 2 ਵੱਡੇ ਬਿਆਨ
ਪਪਲਪ੍ਰੀਤ ਸਿੰਘ ਦੀ ਮਾਂ ਮਨਧੀਰ ਕੌਰ ਨੇ ਕਿਹਾ ਸਾਨੂੰ ਆਪਣੇ ਪੁੱਤ ਨਾਲ ਮਿਲ ਕੇ ਬਹੁਤ ਖੁਸ਼ੀ ਹੋਈ ਹੈ, ਉਹ ਬਹੁਤ ਚੰਗਾ ਹੈ, ਜੇਲ੍ਹ ਦੇ ਅੰਦਰ ਬਹੁਤ ਹੀ ਚੰਗੇ ਪ੍ਰਬੰਧ ਕੀਤੇ ਗਏ ਹਨ,ਕਿਸੇ ਤਰ੍ਹਾਂ ਦੀ ਕੋਈ ਤਕਲੀਫ ਨਹੀਂ ਹੈ । ਇਸ ਤੋਂ ਜ਼ਿਆਦਾ ਮੈਂ ਕੁਝ ਨਹੀਂ ਕਹਿਣਾ ਚਾਹੁੰਦੀ ਹਾਂ, ਉਧਰ ਵਕੀਲ ਸਿਮਰਨਜੀਤ ਸਿੰਘ ਨੇ ਵੀ ਦਲਜੀਤ ਕਲਸੀ ਦੇ ਨਾਲ ਮੁਲਾਕਾਤ ਕੀਤੀ। ਉਨ੍ਹਾਂ ਕਿਹਾ ਖਾਲਿਸਤਾਨ ਦਾ ਨਾਰਾ ਲਾਉਣਾ ਕੋਈ ਗੁਨਾਹ ਨਹੀਂ ਹੈ, ਸੁਪਰੀਮ ਕੋਰਟ ਨੇ ਇਸ ਨੂੰ ਗਲਤ ਨਹੀਂ ਦੱਸਿਆ ਹੈ । ਉਨ੍ਹਾਂ ਕਿਹਾ NSA ਦੇ ਮਾਮਲੇ ਨੂੰ ਅਸੀਂ ਹਾਈਕੋਰਟ ਦੇ ਸਾਹਮਣੇ ਰੱਖਾਂਗੇ 1 ਮਈ ਨੂੰ ਸੁਣਵਾਈ ਹੋਵੇਗੀ, ਜੇਕਰ ਹਾਈਕੋਰਟ ਚਾਹੇ ਤਾਂ ਇਸ ਨੂੰ ਹੱਟਾ ਸਕਦੀ ਹੈ । ਵਕੀਲ ਸਿਮਰਨਜੀਤ ਸਿੰਘ ਨੇ ਕਿਹਾ ਅਸੀਂ ਆਪਣੀ ਗੱਲ ਐਡਵਾਇਜ਼ਰੀ ਬੋਰਡ ਦੇ ਸਾਹਮਣੇ ਵੀ ਰੱਖਾਂਗੇ ਤਾਂਕਿ ਸਰਕਾਰ ਐਕਸਟੈਨਸ਼ਨ ਨਾ ਲੈ ਸਕੇ ।
ਇਸ ਤੋਂ ਪਹਿਲਾਂ 20 ਅਪ੍ਰੈਲ ਨੂੰ ਪਰਿਵਾਰਾਂ ਨੂੰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਮਿਲਣ ਆਉਣਾ ਸੀ । SGPC ਵੱਲੋਂ ਅੰਮ੍ਰਿਤਸਰ ਦੇ ਡੀਸੀ ਤੋਂ ਇਜਾਜ਼ਤ ਮੰਗੀ ਸੀ ਪਰ ਸਿਰਫ ਦਲਜੀਤ ਕਲਸੀ ਦੀ ਪਤਨੀ ਹੀ ਪਹੁੰਚੀ ਸੀ । ਬਾਕੀ ਪਰਿਵਾਰਾਂ ਨੇ ਕਿਹਾ ਕਿ ਕਣਕ ਦੀ ਵਾਂਢੀ ਦੀ ਵਜ੍ਹਾ ਕਰਕੇ ਉਹ ਨਹੀਂ ਜਾ ਸਕਦੇ ਹਨ ਕੁਝ ਨੇ ਕਿਹਾ ਸੀ ਕਿ ਹਵਾਈ ਜਹਾਜ ਦੇ ਜ਼ਰੀਏ ਜਾਣਾ ਚਾਹੁੰਦੇ ਹਨ ਜਦਕਿ ਸ਼੍ਰੋਮਣੀ ਕਮੇਟੀ ਵੱਲੋਂ ਸੜਕੀ ਰਸਤੇ ਦਾ ਇੰਤਜ਼ਾਮ ਕੀਤਾ ਗਿਆ ਸੀ। ਇਸੇ ਲਈ ਹੁਣ SGPC ਵੱਲੋਂ ਪਰਿਵਾਰਾਂ ਨੂੰ ਹਵਾਈ ਜਹਾਜ ਦੇ ਜ਼ਰੀਏ ਡਿਬਰੂਗੜ੍ਹ ਜੇਲ੍ਹ ਮਿਲਵਾਉਣ ਨੂੰ ਲਿਆਇਆ ਗਿਆ ਹੈ ।
10 ਲੋਕਾਂ ਖਿਲਾਫ NSA ਅਧੀਨ ਕਾਰਵਾਈ
ਡਿਬਰੂਗੜ੍ਹ ਜੇਲ੍ਹ 10 ਲੋਕ NSA ਕਾਨੂੰਨ ਅਧੀਨ ਬੰਦ ਹਨ ਉਨ੍ਹਾਂ ਵਿੱਚ ਸਭ ਤੋਂ ਵੱਡਾ ਨਾਂ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਜਿੰਨਾਂ ਨੂੰ 23 ਅਪ੍ਰੈਲ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਇਸ ਤੋਂ ਇਲਾਵਾ ਕੁਲਵੰਤ ਸਿੰਘ ਧਾਲੀਵਾਲ, ਵਰਿੰਦਰ ਸਿੰਘ ਜੌਹਲ, ਗੁਰਮੀਤ ਸਿੰਘ ਬੁੱਕਣਵਾਲਾ, ਹਰਜੀਤ ਸਿੰਘ ਜੱਲੂਪੁਰ ਖੈੜਾ, ਭਗਵੰਤ ਸਿੰਘ ਬਾਜੇਕੇ, ਦਲਜੀਤ ਸਿੰਘ ਕਲਸੀ, ਬਸੰਤ ਸਿੰਘ, ਗੁਰਇੰਦਰਪਾਲ ਸਿੰਘ ਔਜਲਾ ਅਤੇ ਪਪਲਪ੍ਰੀਤ ਸਿੰਘ ਦਾ ਨਾਂ ਸ਼ਾਮਲ ਹੈ ।