‘ਦ ਖ਼ਾਲਸ ਬਿਊਰੋ : ਐਲਨ ਮਸਕ ਵੱਲੋਂ ਟਵਿੱਟਰ ਖਰੀਦਣ ਤੋਂ ਬਾਅਦ ਛਾਂਟੀ ਦੀ ਸੰਭਾਵਨਾ ਨੂੰ ਲੈ ਕੇ ਅਧਿਕਾਰੀ ਅਤੇ ਕਰਮਚਾਰੀਆਂ ਵਿੱਚ ਭਗਦੜ ਮਚੀ ਹੋਈ ਹੈ। ਮਸਕ ਨੇ ਸੀਈਓ ਪਰਾਗ ਅਗਰਵਾਲ ਸਮੇਤ ਟਾਪ ਮੈਨੇਜਮੈਂਟ ਦੇ ਕੁਝ ਅਧਿਕਾਰੀਆਂ ਨੂੰ ਵੀ ਨੌਕਰੀਓਂ ਕੱਢ ਦਿੱਤਾ। ਜਾਣਕਾਰੀ ਮੁਤਾਬਕ ਮਸਕ ਟਵਿੱਟਰ ਤੋਂ 3700 ਕਰਮਚਾਰੀਆਂ ਨੂੰ ਕੱਢਣ ਦੀ ਤਿਆਰੀ ਵਿੱਚ ਹੈ ਅਤੇ ਇਸ ਨੂੰ ਲੈ ਕੇ ਯੋਜਨਾ ਬਣਾ ਰਹੇ ਹਨ। ਬਲੂਮਬਰਗ ਦੀ ਰਿਪੋਰਟ ਮੁਤਾਬਕ ਇਸ ਪੂਰੇ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਇੱਕ ਸ਼ਖਸ ਨੇ ਇਹ ਦਾਅਵਾ ਕੀਤਾ ਹੈ।
ਦੱਸਿਆ ਜਾ ਰਿਹਾ ਹੈ ਕਿ 44 ਬਿਲੀਅਨ ਅਮਰੀਕੀ ਡਾਲਰ ਵਿੱਚ ਟਵਿੱਟਰ ਨੂੰ ਖਰੀਦਣ ਤੋਂ ਬਾਅਦ ਕੰਪਨੀ ਦੇ ਖਰਚਿਆਂ ਵਿੱਚ ਕਟੌਤੀ ਕਰਨ ਦੇ ਲਈ ਮਸਕ ਨੇ ਕੰਪਨੀ ਦੇ ਅੱਧੇ ਕਰਮਚਾਰੀਆਂ ਦੀ ਲਗਭਗ 3 ਹਜ਼ਾਰ 700 ਨੌਕਰੀਆਂ ਖਤਮ ਕਰਨ ਦੀ ਯੋਜਨਾ ਬਣਾਈ ਹੈ। ਕੰਪਨੀ ਵਿੱਚ 7 ਹਜ਼ਾਰ ਤੋਂ ਜ਼ਿਆਦਾ ਕਰਮਚਾਰੀ ਕੰਮ ਕਰਦੇ ਹਨ।
ਸੂਤਰਾਂ ਮੁਤਾਬਕ ਐਲਨ ਮਸਕ ਸ਼ੁੱਕਰਵਾਰ ਤੱਕ ਇਸ ਬਾਰੇ ਪ੍ਰਭਾਵਿਤ ਹੋਣ ਵਾਲੇ ਕਰਮਚਾਰੀਆਂ ਨੂੰ ਸੂਚਿਤ ਕਰ ਸਸਕਦੇ ਹਨ। ਮਸਕ ਨੇ ਕੰਪਨੀ ਨੂੰ ਮੌਜੂਦਾ ਵਰਕ ਫਰਾਮ ਐਨੀਵੇਅਰ ਨੂੰ ਵੀ ਬਦਲਣ ਦਾ ਮਨ ਬਣਾ ਲਿਆ ਹੈ ਅਤੇ ਬਾਕੀ ਕਰਮਚਾਰੀਆਂ ਨੂੰ ਦਫ਼ਤਰ ਵਿੱਚ ਰਿਪੋਰਟ ਕਰਨ ਦੇ ਲਈ ਕਿਹਾ ਹੈ। ਹਾਲਾਂਕਿ, ਕੁਝ ਮਾਮਲਿਆਂ ਵਿੱਚ ਛੋਟ ਦੇ ਸਕਦੀ ਹੈ।
ਮਸਕ ਅਤੇ ਉਸਦੇ ਸਲਾਹਕਾਰਾਂ ਦੀ ਇੱਕ ਟੀਮ ਸੈਨ ਫਰਾਂਸਿਸਕੋ ਵਿੱਚ ਟਵਿੱਟਰ ਦੇ ਦਫਤਰ ਵਿੱਚ ਨੌਕਰੀਆਂ ਵਿੱਚ ਕਟੌਤੀ ਅਤੇ ਹੋਰ ਨੀਤੀਗਤ ਤਬਦੀਲੀਆਂ ‘ਤੇ ਚਰਚਾ ਕਰ ਰਹੇ ਹਨ। ਦੋ ਵਿਅਕਤੀਆਂ ਨੇ ਦੱਸਿਆ ਕਿ ਨੌਕਰੀ ਤੋਂ ਕੱਢੇ ਗਏ ਇਨ੍ਹਾਂ ਮੁਲਾਜ਼ਮਾਂ ਨੂੰ 60 ਦਿਨਾਂ ਦੀ ਤਨਖਾਹ ਦੇ ਪੇਸ਼ਕਸ਼ ਕੀਤੀ ਜਾਵੇਗੀ। ਹਾਲਾਂਕਿ, ਟਵਿੱਟਰ ਦੇ ਬੁਲਾਰੇ ਨੇ ਪੂਰੇ ਮਾਮਲੇ ‘ਤੇ ਕੋਈ ਟਿੱਪਣੀ ਨਹੀਂ ਕੀਤੀ।