Punjab

ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ , ਵਾਹਨਾਂ ਦੇ ਜਾਅਲੀ ਸਰਟੀਫਿਕੇਟ ਬਣਾਉਣ ਵਾਲੇ ਗਰੋਹ ਦਾ ਪਰਦਾਫਾਸ਼

The police got a big success

ਦ ਖ਼ਾਲਸ ਬਿਊਰੋ : ਪੁਲਿਸ ਨੇ ਵਾਹਨਾਂ ਦੇ ਜਾਅਲੀ ਰਜਿਸਟ੍ਰੇਸ਼ਨ ਸਰਟੀਫਿਕੇਟ ਬਣਾਉਣ ਵਾਲੇ ਗਰੋਹ ਦਾ ਪਰਦਾਫਾਸ਼ ਕੀਤਾ ਹੈ। ਐੱਸਪੀ (ਦਿਹਾਤੀ) ਨਵਰੀਤ ਸਿੰਘ ਵਿਰਕ ਅਤੇ ਡੀਐੱਸਪੀ ਸਬ-ਡਵੀਜ਼ਨ ਜ਼ੀਰਕਪੁਰ ਬਿਕਰਮਜੀਤ ਸਿੰਘ ਬਰਾੜ ਦੀ ਨਿਗਰਾਨੀ ਹੇਠ ਐੱਸਐੱਚਓ ਜ਼ੀਰਕਪੁਰ ਇੰਸਪੈਕਟਰ ਦੀਪਇੰਦਰ ਸਿੰਘ ਬਰਾੜ ਨੇ ਜ਼ੀਰਕਪੁਰ ਥਾਣੇ ਵਿੱਚ 6 ਮੁਲਾਜ਼ਮਾਂ ਖ਼ਿਲਾਫ਼ ਵਾਹਨਾਂ ਦੇ ਜਾਅਲੀ ਰਜਿਸਟਰੇਸ਼ਨ ਸਰਟੀਫਿਕੇਟ ਤਿਆਰ ਕਰਨ ਦੇ ਦੋਸ਼ ਹੇਠ ਧਾਰਾ 420, 465, 467, 468, 471, 120-ਬੀ ਆਈ.ਪੀ.ਸੀ. ਅਤੇ ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਹੈ।

ਪੁਲਿਸ ਨੇ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਤੇ 32 ਜਾਅਲੀ ਰਜਿਸਟਰੇਸ਼ਨ ਸਰਟੀਫਿਕੇਟ ਬਰਾਮਦ ਕੀਤੇ ਹਨ। ਇਹ ਗਰੋਹ ਪੰਜਾਬ, ਹਰਿਆਣਾ, ਰਾਜਸਥਾਨ, ਹਿਮਾਚਲ ਅਤੇ ਉੱਤਰ ਪ੍ਰਦੇਸ਼ ਵਿੱਚ ਸਰਗਰਮ ਸੀ।

ਐੱਸਐੱਸਪੀ ਵਿਵੇਕਸ਼ੀਲ ਸੋਨੀ ਨੇ ਦੱਸਿਆ ਕਿ ਜਾਂਚ ਦੌਰਾਨ ਕਾਰਵਾਈ ਕਰਦੇ ਹੋਏ 21 ਅਕਤੂਬਰ ਨੂੰ ਪੁਲਿਸ ਨੇ ਦੋ ਮੁਲਜ਼ਮਾਂ ਹੀਰਾ ਸਿੰਘ ਵਾਸੀ ਰਾਜਸਥਾਨ ਹਾਲ ਵਾਸੀ ਖਰੜ ਅਤੇ ਹਰੀਸ਼ ਸਿੰਘ ਮਹਿਰਾ ਵਾਸੀ ਉਤਰਾਖੰਡ ਨੂੰ ਜ਼ੀਰਕਪੁਰ ਲਾਈਟ ਪੁਆਇੰਟ ਤੋਂ ਕਾਬੂ ਕੀਤਾ ਸੀ। ਹੀਰਾ ਸਿੰਘ ਕੋਲੋਂ 14 ਵਾਹਨਾਂ ਦੇ ਜਾਅਲੀ ਰਜਿਸਟਰੇਸ਼ਨ ਸਰਟੀਫਿਕੇਟ ਬਰਾਮਦ ਹੋਏ ਸਨ ਅਤੇ ਹਰੀਸ਼ ਸਿੰਘ ਮਹਿਰਾ ਕੋਲੋਂ ਪੰਜ ਜਾਅਲੀ ਰਜਿਸਟਰੇਸ਼ਨ ਸਰਟੀਫਿਕੇਟ ਮਿਲੇ ਸਨ।

ਐੱਸਐੱਸਪੀ ਸੋਨੀ ਨੇ ਦੱਸਿਆ ਕਿ ਤਫਤੀਸ਼ ਦੌਰਾਨ ਸੁਰਿੰਦਰ ਸਿੰਘ ਉਰਫ਼ ਸਿੰਧੂ ਵਾਸੀ ਹਨੂੰਮਾਨਗੜ੍ਹ ਨੂੰ 24 ਅਕਤੂਬਰ ਨੂੰ ਰਾਜਸਥਾਨ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਸ ਕੋਲੋਂ ਸੱਤ ਜਾਅਲੀ ਰਜਿਸਟਰੇਸ਼ਨ ਸਰਟੀਤਿਕੇਟ ਬਰਾਮਦ ਹੋਏ ਸਨ। ਇਸੇ ਤਰ੍ਹਾਂ 26 ਅਕਤੂਬਰ ਨੂੰ ਲਖਵਿੰਦਰ ਸਿੰਘ ਉਰਫ਼ ਨੋਨੀ ਬਾਂਸਲ ਨੂੰ ਪੁਲਿਸ ਨੇ ਰਾਜਸਥਾਨ ਤੋਂ ਗ੍ਰਿਫ਼ਤਾਰ ਕਰਕੇ ਇਕ ਲੈਪਟਾਪ, ਇਕ ਸੀਪੀਯੂ, ਇਕ ਪ੍ਰਿੰਟਰ ਅਤੇ ਛੇ ਜਾਅਲੀ ਰਜਿਸਟਰੇਸ਼ਨ ਸਰਟੀਫਿਕੇਟ ਬਰਾਮਦ ਕੀਤੇ ਸਨ। ਉਨ੍ਹਾਂ ਦੱਸਿਆ ਕਿ ਗਰੋਹ ਵਿੱਚ ਸ਼ਾਮਲ ਹੋਰਨਾਂ ਵਿਅਕਤੀਆਂ ਦੀ ਗ੍ਰਿਫ਼ਤਾਰੀ ਲਈ ਯਤਨ ਕੀਤੇ ਜਾ ਰਹੇ ਹਨ।

ਡੀਐੱਸਪੀ ਜ਼ੀਰਕਪੁਰ ਬਿਕਰਮ ਸਿੰਘ ਬਰਾੜ ਨੇ ਦੱਸਿਆ ਕਿ ਇਸ ਗਰੋਹ ਦਾ ਮੁੱਖ ਸਰਗਨਾ ਫਰਾਰ ਹੈ ਜਿਸ ਦੀ ਭਾਲ ਲਈ ਛਾਪੇ ਮਾਰੇ ਜਾ ਰਹੇ ਹਨ। ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਇਹ ਗਰੋਹ ਹੁਣ ਤੱਕ 50 ਦੇ ਕਰੀਬ ਵਾਹਨਾਂ ਦੇ ਜਾਅਲੀ ਸਰਟੀਫਿਕੇਟ ਬਣਾ ਚੁੱਕਾ ਹੈ ਜਿਨ੍ਹਾਂ ਜ਼ਿਆਦਾਤਰ ਚੋਰੀ ਦੇ ਵਾਹਨ ਸ਼ਾਮਲ ਹਨ। ਉਨ੍ਹਾਂ ਕਿਹਾ ਇਹ ਗਰੋਹ ਇਕ ਜਾਅਲੀ ਰਜਿਸਟਰੇਸ਼ਨ ਸਰਟੀਫਿਕੇਟ ਬਣਾਉਣ ਲਈ 25 ਹਜ਼ਾਰ ਤੋਂ ਇਕ ਲੱਖ ਰੁਪਏ ਤੱਕ ਲੈਂਦਾ ਹੈ।