Punjab

ਹਮਦਰਦ ਖਿਲਾਫ ਕੇਸ ਦਰਜ ਕਰਨ ‘ਤੇ ਚੋਣ ਕਮਿਸ਼ਨ ਸਖਤ ! ਮਾਨ ਸਰਕਾਰ ਨੂੰ ਵੱਡਾ ਨਿਰਦੇਸ਼

ਬਿਉਰੋ ਰਿਪੋਰਟ – ਭਾਰਤੀ ਚੋਣ ਕਮਿਸ਼ਨ ਨੇ ਜੰਗ-ਏ-ਅਜ਼ਾਦੀ ਮੈਮੋਰੀਅਲ ਮਾਮਲੇ ਵਿੱਚ ਅਜੀਤ ਅਖ਼ਬਾਰ ਦੇ ਸੰਪਾਦਕ ਅਤੇ ਮਾਲਕ ਬਰਜਿੰਦਰ ਸਿੰਘ ਹਮਦਰਦ ਖਿਲਾਫ FIR ਦਰਜ ਕਰਨ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਤੋਂ ਰਿਪੋਰਟ ਮੰਗੀ ਹੈ। ਚੋਣ ਕਮਿਸ਼ਨ ਨੇ ਮੁੱਖ ਸਕੱਤਰ ਨੂੰ ਨਿਰਦੇਸ਼ ਦਿੱਤੇ ਹਨ ਇਸ ਮਾਮਲੇ ਨਾਲ ਜੁੜੇ ਸਾਰੇ ਤੱਥ ਉਨ੍ਹਾਂ ਦੇ ਸਾਹਮਣੇ ਰੱਖੇ ਜਾਣ। ਪੰਜਾਬ ਚੋਣ ਅਧਿਕਾਰੀ ਨੇ ਕਿਹਾ ਹੈ ਕਿ ਸਾਨੂੰ ਵੀਰਵਾਰ ਸ਼ਾਮ ਤੱਕ ਇਹ ਰਿਪੋਰਟ ਦੇ ਦਿੱਤੀ ਜਾਵੇ ਤਾਂਕੀ ਅਸੀਂ ਭਾਰਤੀ ਚੋਣ ਕਮਿਸ਼ਨ ਨੂੰ ਭੇਜੀ ਜਾ ਸਕੇ।

ਪੰਜਾਬ ਵਿਜੀਲੈਂਸ ਬਿਉਰੋ ਨੇ ਬਰਜਿੰਦਰ ਸਿੰਘ ਹਮਦਰਦੀ ਸਮੇਤ 26 ਮੁਲਜ਼ਮਾਂ ਦੇ ਖਿਲਾਫ ਕੇਸ ਦਰਜ ਕੀਤਾ ਸੀ। ਇਸ ਵਿੱਚ IAS ਵਿਨੇ ਬਬਲਾਨੀ ਵੀ ਸ਼ਾਮਲ ਹਨ। ਇਲਜ਼ਾਮ ਹੈ ਕਿ ਕਪੂਰਥਲਾ ਵਿੱਚ 315 ਕਰੋੜ ਨਾਲ ਤਿਆਰ ਜੰਗ-ਏ-ਅਜ਼ਾਦੀ ਮੈਮੋਰੀਅਲ ਵਿੱਚ ਫੰਡਾਂ ਦੀ ਗਲਤ ਵਰਤੋਂ ਕੀਤੀ ਗਈ ਹੈ। ਵਿਜੀਲੈਂਸ ਬਿਊਰੋ ਨੇ ਹੁਣ ਤੱਕ ਇਸ ਮਾਮਲੇ ਵਿੱਚ 15 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਮਾਮਲੇ ਵਿੱਚ ਲੁਧਿਆਣਾ ਦੇ ਬਿਲਡਰ ਦੀਪਕ ਸਿੰਗਲਾ ਅਤੇ 14 ਅਧਿਕਾਰੀਆਂ ਦੇ ਨਾਲ PWD ਵੀ ਸ਼ਾਮਾਲ ਹੈ।

ਪਿਛਲੇ ਸਾਲ ਸਭ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਦੀ ਜਾਂਚ ਦੇ ਨਿਰਦੇਸ਼ ਦਿੱਤੇ ਸਨ। ਵਿਜੀਲੈਂਸ ਨੇ ਪੁੱਛ-ਗਿੱਛ ਦੇ ਲਈ ਬਰਜਿੰਦਰ ਸਿੰਘ ਹਮਦਰਦ ਨੂੰ ਬੁਲਾਇਆ ਸੀ। ਪਰ ਉਹ ਪੇਸ਼ ਨਹੀਂ ਹੋਏ, ਹਾਈਕੋਰਟ ਪਹੁੰਚ ਕੇ ਉਨ੍ਹਾਂ ਨੂੰ ਰਾਹਤ ਮਿਲੀ ਸੀ। ਇਸ ਤੋਂ ਬਾਅਦ ਵਿਰੋਧੀ ਧਿਰ ਕਾਂਗਰਸ,ਅਕਾਲੀ ਦਲ ਅਤੇ ਬੀਜੇਪੀ ਬਰਜਿੰਦਰ ਸਿੰਘ ਹਮਦਰਦ ਦੀ ਹਮਾਇਤ ਵਿੱਚ ਆ ਗਈ । ਹੁਣ ਵੀ ਜਦੋਂ ਬਰਜਿੰਦਰ ਸਿੰਘ ਹਮਦਰਦ ਖਿਲਾਫ ਕੇਸ ਦਰਜ ਹੋਇਆ ਤਾਂ ਵਿਰੋਧੀ ਧਿਰ ਨੇ ਇਸ ਦਾ ਵਿਰੋਧ ਕੀਤਾ ਹੈ।

ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਬਦਲਾਅ ਵਾਲੀ ਸਰਕਾਰ, ਕਮਜ਼ੋਰ ਦਿਲ, ਸ਼ਰਾਬੀ ਤੇ ਨਿਕੰਮੇ ਲੀਡਰ ਭਗਵੰਤ ਮਾਨ ਨੇ ਅਜੀਤ ਅਖ਼ਬਾਰ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਖਿਲਾਫ ਕੇਸ ਦਰਜ ਕਰ ਕੇ ਆਪਣੀ ਬੌਖਲਾਹਟ ਜੱਗ ਜ਼ਾਹਰ ਕੀਤੀ ਹੈ। ਡਾ. ਬਰਜਿੰਦਰ ਸਿੰਘ ਹਮਦਰਦ ਨੇ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਆਵਾਜ਼ ਬੁਲੰਦ ਕਰਦਿਆਂ ਹਮੇਸ਼ ਸੱਚ ਦੀਆਂ ਖਬਰਾਂ ਛਾਪੀਆਂ। ਪ੍ਰਕਾਸ਼ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ ਤੇ ਚਰਨਜੀਤ ਸਿੰਘ ਚੰਨੀ ਨੇ ਮੁੱਖ ਮੰਤਰੀ ਹੁੰਦਿਆਂ ਡਾ. ਬਰਜਿੰਦਰ ਸਿੰਘ ਹਮਦਰਦ ਦੀ ਜੰਗ ਏ ਆਜ਼ਾਦੀ ਦੀ ਉਸਾਰੀ ਵਿਚ ਭੂਮਿਕਾ ਵਿਚ ਰਜਵੀਂ ਸ਼ਲਾਘਾ ਕੀਤੀ ਹੈ। ਅੱਜ ਤੁਸੀਂ ਪ੍ਰੈਸ ਦੀ ਤਾਕਤ ’ਤੇ ਹਮਲਾ ਕਰਦਿਆਂ ਡਾ. ਬਰਜਿੰਦਰ ਸਿੰਘ ਹਮਦਰਦ ਨੂੰ ਡਰਾਉਣ ਤੇ ਧਮਕਾਉਣ ਦਾ ਯਤਨ ਕੀਤਾ ਹੈ।
ਉਧਰ ਬੀਜੇਪੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਹਮਦਰਦ ਦੇ ਹੱਕ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਮੁੱਖ ਮੰਤਰੀ ਭਗਵੰਤ ਮਾਨ ਸ਼ਾਇਦ ਇਹ ਭੁੱਲ ਗਏ ਹਨ ਕਿ ਰੋਜ਼ਾਨਾ ਅਜੀਤ ਸਮੂਹ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਜੋ ਅੱਤਵਾਦ ਦੇ ਕਾਲੇ ਦੌਰ ਦੌਰਾਨ ਵੀ ਨਹੀਂ ਝੁਕੇ ਉਹ ਤੁਹਾਡੇ ਅੱਗੇ ਕਿਵੇਂ ਝੁਕ ਸਕਦੇ ਹਨ,ਭਗਵੰਤ ਮਾਨ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਡਾ. ਬਰਜਿੰਦਰ ਸਿੰਘ ਹਮਦਰਦ ਉਨ੍ਹਾਂ ਕਾਂਗਰਸੀ ਆਗੂਆਂ ਵਾਂਗ ਨਹੀਂ ਜਿਨਾਂ ਨੂੰ ਤੁਸੀਂ ਦੱਬਕੇ ਮਾਰ ਕੇ ਡਰਾ ਲਵੋਗੇ l ਆਗੂ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਨੇ ਲਿਖਿਆ ਸੀ ਕਿ ਮੈਂ ਪ੍ਰੈਸ ਦੀ ਅਜ਼ਾਦੀ ਨੂੰ ਦਬਾਉਣ ਵਾਲੇ ਇਸ ਕਦਮ ਦੀ ਨਿੰਦ ਕਰਦਾ ਹਾਂ ।

 

ਇਹ ਵੀ ਪੜ੍ਹੋ –   ਸਵਾਤੀ ਦਾ ਪਹਿਲਾਂ ਬਿਆਨ! ‘ਬਿਭਵ ਕੇਜਰੀਵਾਲ ਦਾ ਰਾਜ਼ਦਾਰ, ਉਹ ਨਰਾਜ਼ ਮਤਲਬ ਖਤਮ’! ਆਪ ਸੁਪ੍ਰੀਮੋ ‘ਤੇ ਵੀ ਚੁੱਕੇ ਸਵਾਲ