ਪੰਜਾਬ ਦੇ ਮੋਗਾ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਦੇ ਘਰ ਇਨਫੋਰਸਮੈਂਟ ਡਾਇਰੈਕਟੋਰੇਟ ਯਾਨੀ ਈਡੀ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਮੰਗਲਵਾਰ ਦੇਰ ਰਾਤ ਕਰੀਬ ਢਾਈ ਵਜੇ ਈਡੀ ਦੀਆਂ ਟੀਮਾਂ ਦਿੱਲੀ ਨੰਬਰ ਦੀ ਇੱਕ ਅਤੇ ਚੰਡੀਗੜ੍ਹ ਨੰਬਰ ਦੀਆਂ ਤਿੰਨ ਗੱਡੀਆਂ ਵਿੱਚ ਸਵਾਰ ਹੋ ਕੇ ਵਿਧਾਇਕ ਦੇ ਘਰ ਪਹੁੰਚੀਆਂ।
ਏਜੰਸੀ ਦੀਆਂ ਟੀਮਾਂ ਵੱਲੋਂ ਵਿਧਾਇਕ ਦੇ ਘਰ ਤੋਂ ਇਲਾਵਾ ਮੋਗਾ-ਲੁਧਿਆਣਾ ਰੋਡ ਸਥਿਤ ਫਲੈਟਾਂ ਦੀ ਵੀ ਤਲਾਸ਼ੀ ਲਈ ਜਾ ਰਹੀ ਹੈ। ਇਸ ਕਾਰਵਾਈ ਦੌਰਾਨ ਸੀਆਰਪੀਐਫ ਦੀਆਂ ਟੀਮਾਂ ਵੀ ਮੌਜੂਦ ਹਨ ਅਤੇ ਸੁਰੱਖਿਆ ਦੇ ਮੱਦੇਨਜ਼ਰ ਘਰ ਤੇ ਫਲੈਟਾਂ ਦੇ ਆਲੇ-ਦੁਆਲੇ ਘੇਰਾ ਬਣਾਇਆ ਗਿਆ ਹੈ।
ਦੱਸ ਦੇਈਏ ਕਿ ਡਾ. ਅਮਨਦੀਪ ਕੌਰ ਅਰੋੜਾ ਮੋਗਾ ਤੋਂ ਮੌਜੂਦਾ ਵਿਧਾਇਕ ਹੋਣ ਦੇ ਨਾਲ-ਨਾਲ ਆਮ ਆਦਮੀ ਪਾਰਟੀ ਦੀ ਪੰਜਾਬ ਮਹਿਲਾ ਵਿੰਗ ਦੀ ਪ੍ਰਧਾਨ ਵੀ ਹਨ। ਉੱਧਰ ਇਸ ਛਾਪੇਮਾਰੀ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਕੇਂਦਰ ਸਰਕਾਰ ਅਤੇ ਭਾਜਪਾ ਉੱਤੇ ਸਿਆਸੀ ਬਦਲਾਖੋਰੀ ਦੇ ਇਲਜ਼ਾਮ ਲਗਾਏ ਹਨ
ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਬੀਤੇ ਸ਼ਨੀਵਾਰ 2027 ਦੀਆਂ ਵਿਧਾਨ ਸਭਾ ਚੋਣਾਂ ਲਈ 40 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਗਈ ਸੀ। ਇਸ ਸੂਚੀ ਵਿੱਚ ਮੋਗਾ ਤੋਂ ਮੌਜੂਦਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੂੰ ਮੁੜ ਪਾਰਟੀ ਦਾ ਉਮੀਦਵਾਰ ਐਲਾਨਿਆ ਗਿਆ ਸੀ। ਫਿਲਹਾਲ ਈਡੀ ਦੀ ਕਾਰਵਾਈ ਜਾਰੀ ਹੈ ਅਤੇ ਛਾਪੇਮਾਰੀ ਨੂੰ ਲੈ ਕੇ ਸਿਆਸੀ ਮਾਹੌਲ ਵੀ ਗਰਮਾ ਗਿਆ ਹੈ। ਵਿਧਾਇਕ ਦੇ ਘਰ ਅਤੇ ਫਲੈਟਾਂ ਉੱਤੇ ਤਲਾਸ਼ੀ ਅਭਿਆਨ ਲੰਮਾ ਚੱਲ ਰਿਹਾ ਹੈ ਜਿਸ ਨਾਲ ਇਲਾਕੇ ਵਿੱਚ ਤਣਾਅ ਭਰਿਆ ਮਾਹੌਲ ਬਣ ਗਿਆ ਹੈ

