Punjab

‘ਆਪ’ ਦੇ ਇੱਕ ਹੋਰ ਲੀਡਰ ਦੇ ਘਰ ED ਦਾ ਛਾਪਾ, ਕੈਬਨਿਟ ਮੰਤਰੀ ਸੰਜੀਵ ਅਰੋੜਾ ਦੇ ਘਰ ED ਵਲੋਂ ਕੀਤੀ ਗਈ ਛਾਪੇਮਾਰੀ

ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੇ ਲੁਧਿਆਣਾ ਸਥਿਤ ਘਰ ‘ਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਛਾਪਾ ਮਾਰਿਆ ਹੈ। ਅੱਜ ਸਵੇਰੇ ਈਡੀ ਦੀ ਟੀਮ ਉਨ੍ਹਾਂ ਦੇ ਘਰ ਪਹੁੰਚੀ ਅਤੇ ਬਾਹਰ ਕੇਂਦਰੀ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ। ਮੰਤਰੀ ਦੇ ਘਰ ਤੋਂ ਇਲਾਵਾ ਹੋਰ ਥਾਵਾਂ ‘ਤੇ ਵੀ ਛਾਪੇਮਾਰੀ ਚੱਲ ਰਹੀ ਹੈ।

ਸੂਤਰਾਂ ਅਨੁਸਾਰ, ਘਰੋਂ ਕਿਸੇ ਨੂੰ ਅੰਦਰ ਜਾਂ ਬਾਹਰ ਜਾਣ ਦਿੱਤਾ ਨਹੀਂ ਜਾ ਰਿਹਾ ਅਤੇ ਅਧਿਕਾਰੀ ਦਸਤਾਵੇਜ਼ਾਂ ਦੀ ਬਾਰੀਕੀ ਨਾਲ ਜਾਂਚ ਕਰ ਰਹੇ ਹਨ। ਇਹ ਕਾਰਵਾਈ ਇੱਕ ਪੁਰਾਣੇ ਮਨੀ ਲਾਂਡਰਿੰਗ ਮਾਮਲੇ ਅਤੇ ਜ਼ਮੀਨੀ ਸੌਦਿਆਂ ਵਿੱਚ ਕਥਿਤ ਬੇਨਿਯਮੀਆਂ ਨਾਲ ਜੁੜੀ ਹੈ।

ਇਸ ਤੋਂ ਪਹਿਲਾਂ 7 ਅਕਤੂਬਰ 2024 ਨੂੰ ਵੀ ਈਡੀ ਨੇ ਸੰਜੀਵ ਅਰੋੜਾ ਦੇ ਲੁਧਿਆਣਾ ਵਿਚਲੇ ਘਰ, ਦਫ਼ਤਰ ਅਤੇ ਹੋਰ ਥਾਵਾਂ ‘ਤੇ ਛਾਪੇ ਮਾਰੇ ਸਨ। ਉਸ ਵੇਲੇ ਗੁਰੂਗ੍ਰਾਮ, ਜਲੰਧਰ ਅਤੇ ਦਿੱਲੀ ਵਿਚ ਵੀ ਛਾਪੇਮਾਰੀ ਹੋਈ ਸੀ। ਉਦਯੋਗਿਕ ਵਰਤੋਂ ਲਈ ਖਰੀਦੀ ਗਈ ਜ਼ਮੀਨ ਨੂੰ ਕਥਿਤ ਤੌਰ ‘ਤੇ ਰਿਹਾਇਸ਼ੀ ਪ੍ਰੋਜੈਕਟਾਂ ਲਈ ਵਰਤਣ ਦੇ ਦੋਸ਼ ਲੱਗੇ ਸਨ। ਉਸ ਸਮੇਂ ਸੰਜੀਵ ਅਰੋੜਾ ਰਾਜ ਸਭਾ ਮੈਂਬਰ ਸਨ। ਈਡੀ ਟੀਮ ਘਰ ਅਤੇ ਸਬੰਧਤ ਅਦਾਰਿਆਂ ਤੋਂ ਦਸਤਾਵੇਜ਼ ਇਕੱਠੇ ਕਰ ਰਹੀ ਹੈ।

ਇਸ ਛਾਪੇਮਾਰੀ ਨਾਲ ਪੰਜਾਬ ਰਾਜਨੀਤੀ ਵਿਚ ਚਰਚਾ ਛਿੜ ਗਈ ਹੈ। ਸੰਜੀਵ ਅਰੋੜਾ ਇਸ ਤੋਂ ਪਹਿਲਾਂ ਵੀ ਅਜਿਹੀਆਂ ਜਾਂਚਾਂ ਵਿਚ ਆ ਚੁੱਕੇ ਹਨ ਪਰ ਉਨ੍ਹਾਂ ਵੱਲੋਂ ਇਸ ਬਾਰੇ ਅਧਿਕਾਰਕ ਟਿੱਪਣੀ ਉਪਲਬਧ ਨਹੀਂ ਹੈ। ਈਡੀ ਵੱਲੋਂ ਇਸ ਮਾਮਲੇ ਵਿਚ ਹੋਰ ਵੀ ਲੋਕਾਂ ਅਤੇ ਥਾਵਾਂ ‘ਤੇ ਜਾਂਚ ਚੱਲ ਰਹੀ ਹੈ। ਇਹ ਕਾਰਵਾਈ ਪੰਜਾਬ ਵਿਚ ਚੱਲ ਰਹੀਆਂ ਵੱਖ-ਵੱਖ ਆਰਥਿਕ ਅਤੇ ਜ਼ਮੀਨੀ ਧੋਖਾਧੜੀਆਂ ਨਾਲ ਜੁੜੀ ਮੰਨੀ ਜਾ ਰਹੀ ਹੈ।