International

ਭੂਚਾਲ ਨਾਲ ਕੰਬਿਆ ਇੰਡੋਨੇਸ਼ੀਆ,46 ਦੀ ਮੌਤ, 700 ਜ਼ਖਮੀ

ਇੰਡੋਨੇਸ਼ੀਆ :  ਏਸ਼ੀਆਈ ਦੇਸ਼ ਇੰਡੋਨੇਸ਼ੀਆ ‘ਚ ਜ਼ਬਰਦਸਤ ਭੂਚਾਲ ਆਉਣ ਦੀਆਂ ਖ਼ਬਰਾਂ ਹਨ। ਇੰਡੋਨੇਸ਼ੀਆ ਦੇ ਮੁੱਖ ਟਾਪੂ ਜਾਵਾ ‘ਤੇ ਅੱਜ ਸਵੇਰੇ 11 ਵਜੇ ਦੇ ਕਰੀਬ ਆਏ 5.6 ਤੀਬਰਤਾ ਦੇ ਇਸ ਭੂਚਾਲ ਕਾਰਨ ਘੱਟੋ-ਘੱਟ 46 ਲੋਕਾਂ ਦੀ ਮੌਤ ਹੋ ਗਈ ਅਤੇ 700 ਜ਼ਖਮੀ ਹੋ ਗਏ।

ਇੱਕ ਖ਼ਬਰ ਏਜੰਸੀ ਏਐਨਆਈ ਨੇ ਇੱਕ ਟਵੀਟ ਰਾਹੀਂ ਇਸ ਖਬਰ ਦੀ ਪੁਸ਼ਟੀ ਕੀਤੀ ਹੈ।

ਭੂਚਾਲ ਦਾ ਕੇਂਦਰ ਪੱਛਮੀ ਜਾਵਾ ਸ਼ਹਿਰ ਸਿਆਨਜੂਰ ਨੇੜੇ ਸਥਿਤ ਸੀ। ਇੰਡੋਨੇਸ਼ੀਆ ਦੇ ਜਾਵਾ ਟਾਪੂ ‘ਤੇ 5.6 ਤੀਬਰਤਾ ਦੇ ਭੂਚਾਲ ਦੇ ਝਟਕਿਆਂ ਤੋਂ ਬਾਅਦ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ। ਭੂਚਾਲ ਨੇ ਰਾਜਧਾਨੀ ਜਕਾਰਤਾ ਤੱਕ ਉੱਚੀਆਂ ਇਮਾਰਤਾਂ ਨੂੰ ਹਿਲਾ ਦਿੱਤਾ।

ਸਿਆਨਜੂਰ ਪ੍ਰਸ਼ਾਸਨ ਦੇ ਮੁਖੀ ਹਰਮਨ ਸੁਹਰਮਨ ਨੇ ਪ੍ਰਸਾਰਕ ਮੈਟਰੋ ਟੀਵੀ ਨੂੰ ਦੱਸਿਆ ਕਿ “ਹੁਣ ਮੈਨੂੰ ਜੋ ਜਾਣਕਾਰੀ ਮਿਲ ਰਹੀ ਹੈ ਉਹ ਇਹ ਹੈ ਕਿ ਇਸ ਹਸਪਤਾਲ ਵਿੱਚ ਹੀ ਲਗਭਗ 46 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਘੱਟੋ-ਘੱਟ 700 ਲੋਕ ਇਲਾਜ ਅਧੀਨ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਇਮਾਰਤ ਵਿੱਚ ਮਲਬੇ ਹੇਠ ਦੱਬ ਹੋ ਜਾਣ ਪਿਛੋਂ ਹੱਡੀਆਂ ਟੁੱਟ ਜਾਣ ਕਾਰਨ ਦਾਖਲ ਹੋਏ ਸੀ।

ਇੰਡੋਨੇਸ਼ੀਆ ‘ਚ ਆਏ ਭੂਚਾਲ ਦੀਆਂ ਕਈ ਵੀਡੀਓਜ਼ ਵੀ ਸੋਸ਼ਲ ਮੀਡੀਆ ‘ਤੇ ਆ ਰਹੀਆਂ ਹਨ ਜੋ ਕਿ ਇੰਡੋਨੇਸ਼ੀਆ ਦੇ ਸਿਆਨਜੂਰ ਵਿੱਚ 5.6 ਤੀਬਰਤਾ ਦੇ ਭੂਚਾਲ ਤੋਂ ਬਾਅਦ ਹੋਏ ਨੁਕਸਾਨ ਨੂੰ ਦਰਸਾ ਰਹੀਆਂ ਹਨ।

ਸੋਸ਼ਲ ਮੀਡੀਆ ਦਾ ਹਵਾਲਾ ਦਿੰਦੇ ਹੋਏ ਦੱਸਿਆ ਜਾ ਰਿਹਾ ਹੈ ਕਿ ਇਸ ਭੂਚਾਲ ਨੇ ਪੇਂਡੂ ਖੇਤਰਾਂ ‘ਚ ਜ਼ਿਆਦਾ ਨੁਕਸਾਨ ਕੀਤਾ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਸਿਆੰਜੂਰ ਖੇਤਰ ਦੇ ਮਾਂਗੁਨਕੇਰਤਾ ਪਿੰਡ ‘ਚ ਇਸ ਭੂਚਾਲ ਨਾਲ ਕਈ ਘਰ ਅਤੇ ਦੁਕਾਨਾਂ ਤਬਾਹ ਹੋ ਗਈਆਂ ਹਨ।

ਇਸ ਤੋਂ ਪਹਿਲਾਂ ਵੀ 18 ਨਵੰਬਰ ਨੂੰ ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਦੇ ਨੇੜਲੇ ਇਲਾਕੇ ਵਿੱਖੇ ਭੂਚਾਲ ਆਇਆ ਸੀ ,ਜਿਸ ਨੂੰ ਰੈਕਟਰ ਪੈਮਾਨੇ ‘ਤੇ 6.6 ਮਾਪਿਆ ਗਿਆ ਸੀ।