ਉਤਰਾਖੰਡ ‘ਚ ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਕਾਰਨ ਜ਼ਮੀਨ ਖਿਸਕਣ ਕਾਰਨ ਸੜਕਾਂ ਟੁੱਟ ਗਈਆਂ ਹਨ। ਇਸ ਕਾਰਨ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ ਉੱਤਰਾਖੰਡ ਵਿੱਚ ਮੀਂਹ ਦਾ ਸਿਲਸਿਲਾ ਜਾਰੀ ਰਹੇਗਾ। ਅਜਿਹੇ ‘ਚ ਕੇਦਾਰਨਾਥ ਯਾਤਰਾ ਨੂੰ ਫਿਰ ਤੋਂ ਰੋਕਣ ਦਾ ਫੈਸਲਾ ਲਿਆ ਗਿਆ ਹੈ। ਲਗਾਤਾਰ ਖਰਾਬ ਮੌਸਮ ਕਾਰਨ ਯਾਤਰੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਜ਼ਿਲਾ ਪ੍ਰਸ਼ਾਸਨ ਨੇ ਕੇਦਾਰਨਾਥ ਧਾਮ ਜਾਣ ਵਾਲੇ ਯਾਤਰੀਆਂ ਨੂੰ ਸੋਨਪ੍ਰਯਾਗ ਅਤੇ ਗੌਰੀਕੁੰਡ ਵਿਖੇ ਰੋਕ ਦਿੱਤਾ ਹੈ। ਮੀਂਹ ਕਾਰਨ 4 ਰਾਜ ਮਾਰਗ ਅਤੇ 10 ਲਿੰਕ ਸੜਕਾਂ ਮਲਬੇ ਕਾਰਨ ਬੰਦ ਹਨ।
ਅਧਿਕਾਰੀਆਂ ਨੇ ਦੱਸਿਆ ਕਿ ਭਾਰੀ ਮੀਂਹ ਕਾਰਨ ਮੰਦਾਕਿਨੀ ਅਤੇ ਅਲਕਨੰਦਾ ਨਦੀਆਂ ‘ਚ ਉਛਾਲ ਹੈ। ਭਾਰਤੀ ਮੌਸਮ ਵਿਭਾਗ (IMD) ਨੇ ਸੋਮਵਾਰ ਨੂੰ ਉੱਤਰਾਖੰਡ ਵਿੱਚ ਭਾਰੀ ਬਾਰਸ਼ ਦੇ ਵਿਚਕਾਰ 12 ਜੁਲਾਈ ਲਈ ਇੱਕ ਆਰੇਂਜ ਚੇਤਾਵਨੀ ਜਾਰੀ ਕੀਤੀ। ਆਈਐਮਡੀ ਨੇ ਇੱਕ ਟਵੀਟ ਵਿੱਚ ਦੱਸਿਆ ਕਿ 12 ਜੁਲਾਈ ਨੂੰ ਉੱਤਰਾਖੰਡ ਅਤੇ ਆਸਪਾਸ ਦੇ ਖੇਤਰਾਂ ਅਤੇ ਪੱਛਮੀ ਉੱਤਰ ਪ੍ਰਦੇਸ਼ ਵਿੱਚ ਭਾਰੀ ਤੋਂ ਬਹੁਤ ਭਾਰੀ ਬਾਰਿਸ਼ (115.6 ਤੋਂ 204.4 ਮਿਲੀਮੀਟਰ) ਦੀ ਸੰਭਾਵਨਾ ਹੈ।
ਇਸ ਦੌਰਾਨ, ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤੀ ਮੌਸਮ ਵਿਭਾਗ (ਆਈਐਮਡੀ) ਵੱਲੋਂ ਖੇਤਰ ਵਿੱਚ ਭਾਰੀ ਮੀਂਹ ਦੀ ਚੇਤਾਵਨੀ ਦੇ ਮੱਦੇਨਜ਼ਰ ਰਾਜ ਪ੍ਰਸ਼ਾਸਨ ਪੂਰੀ ਤਰ੍ਹਾਂ ਅਲਰਟ ਮੋਡ ‘ਤੇ ਹੈ। ਸੂਬੇ ਵਿੱਚ ਕੀਤੇ ਗਏ ਸਾਵਧਾਨੀ ਦੇ ਪ੍ਰਬੰਧਾਂ ਬਾਰੇ ਗੱਲ ਕਰਦਿਆਂ ਮੁੱਖ ਮੰਤਰੀ ਧਾਮੀ ਨੇ ਕਿਹਾ, ‘ਹਰ ਸਾਲ ਮਾਨਸੂਨ ਦੌਰਾਨ ਇੱਥੇ ਕੁਦਰਤੀ ਆਫ਼ਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਸਾਡੀਆਂ ਹੋਰ ਸੰਸਥਾਵਾਂ ਵੀ ਇਸ ਸਬੰਧੀ ਕੰਮ ਕਰ ਰਹੀਆਂ ਹਨ। NDRF, ਫੌਜ ਅਤੇ ਸਾਡਾ PWD ਵਿਭਾਗ ਕਿਸੇ ਵੀ ਸਥਿਤੀ ਦਾ ਸਾਹਮਣਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਅਸੀਂ ਕਿਸੇ ਵੀ ਸਥਿਤੀ ਵਿੱਚ ਉਨ੍ਹਾਂ ਦੀ ਮਦਦ ਕਰਨ ਲਈ ਲੋਕਾਂ ਨਾਲ ਲਗਾਤਾਰ ਸੰਪਰਕ ਵਿੱਚ ਹਾਂ। ਦੱਸ ਦਈਏ ਕਿ ਮੰਗਲਵਾਰ ਨੂੰ ਉੱਤਰਾਖੰਡ ਦੇ ਗੰਗਨਾਨੀ ਨੇੜੇ ਗੰਗੋਤਰੀ ਰਾਸ਼ਟਰੀ ਰਾਜਮਾਰਗ ‘ਤੇ ਮਲਬਾ ਡਿੱਗਣ ਕਾਰਨ 4 ਲੋਕਾਂ ਦੀ ਮੌਤ ਹੋ ਗਈ ਅਤੇ 10 ਲੋਕ ਜ਼ਖਮੀ ਹੋ ਗਏ। ਦੂਜੇ ਪਾਸੇ ਅੱਜ ਮੌਸਮ ਵਿਭਾਗ ਨੇ ਪੌੜੀ ਗੜ੍ਹਵਾਲ, ਨੈਨੀਤਾਲ, ਚੰਪਾਵਤ ਅਤੇ ਊਧਮ ਸਿੰਘ ਨਗਰ ਜ਼ਿਲ੍ਹਿਆਂ ਵਿੱਚ ਮੀਂਹ ਨੂੰ ਲੈ ਕੇ ਰੈੱਡ ਅਲਰਟ ਜਾਰੀ ਕੀਤਾ ਹੈ।