‘ਦ ਖ਼ਾਲਸ ਬਿਊਰੋ :- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਡਾ.ਦਲਜੀਤ ਸਿੰਘ ਚੀਮਾ ਨੇ ਆਮ ਆਦਮੀ ਪਾਰਟੀ ਵੱਲੋਂ ਅੱਜ ਬਾਘਾਪੁਰਾਣਾ ਵਿੱਚ ਕੀਤੀ ਗਈ ਰੈਲੀ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ‘ਭਗਵੰਤ ਮਾਨ, ਜਿਨ੍ਹਾਂ ਨੇ ਕਿਸਾਨੀ ਨਾਲ ਬਹੁਤ ਵੱਡਾ ਧੋਖਾ ਕੀਤਾ, ਸੰਸਦ ਵਿੱਚ ਸੰਸਦੀ ਕਮੇਟੀ ਵਿੱਚ ਬੈਠ ਕੇ ਕੇਂਦਰ ਸਰਕਾਰ ਵੱਲੋਂ ਜ਼ਰੂਰੀ ਵਸਤੂਆਂ (ਸੋਧ) ਐਕਟ 2020 ਲਾਗੂ ਕਰਨ ਦੇ ਸੁਝਾਅ ਨੂੰ ਸਹਿਮਤੀ ਦਿੱਤੀ, ਅੱਜ ਉਨ੍ਹਾਂ ਨੂੰ ਲੋਕਾਂ ਕੋਲੋਂ ਮੁਆਫੀ ਮੰਗਣੀ ਚਾਹੀਦੀ ਸੀ। ਪਰ ਮੈਂ ਹੈਰਾਨ ਹਾਂ ਕਿ ਭਗਵੰਤ ਮਾਨ ਵੀ ਚੁੱਪ ਰਿਹਾ ਅਤੇ ਕੇਜਰੀਵਾਲ ਵੀ ਚੁੱਪ ਰਹੇ। ਕੇਜਰੀਵਾਲ ਦਾ ਚੁੱਪ ਰਹਿਣਾ ਕੇਂਦਰ ਸਰਕਾਰ ਨਾਲ ਸਾਜਿਸ਼ ਵਿੱਚ ਸ਼ਾਮਿਲ ਹੋਣਾ ਬਿਆਨ ਕਰਦਾ ਹੈ। ਕੇਜਰੀਵਾਲ ਨੇ ਕਿਹਾ ਕਿ ਮੈਂ ਸਟੇਡੀਅਮਾਂ ਨੂੰ ਜੇਲ੍ਹ ਨਹੀਂ ਬਣਾਉਣ ਦਿੱਤਾ ਤਾਂ ਮੈਂ ਕੇਜਰੀਵਾਲ ਨੂੰ ਪੁੱਛਦਾ ਹਾਂ ਕਿ ਜਦੋਂ ਸੜਕਾਂ ਨੂੰ ਜੇਲ੍ਹ ਬਣਾਇਆ ਜਾ ਰਿਹਾ ਸੀ, ਦੀਵਾਰਾਂ ਖੜ੍ਹੀਆਂ ਕੀਤੀਆਂ ਜਾ ਰਹੀਆਂ ਸਨ, ਕਿੱਲ ਲਾਏ ਜਾ ਰਹੇ ਸਨ, ਉਦੋਂ ਦਿੱਲੀ ਸਰਕਾਰ ਚੁੱਪ ਕਿਉਂ ਸੀ। ਜਿਹੜੇ ਸਿੱਖ ਨੌਜਵਾਨਾਂ ਦੇ ਉੱਤੇ ਕੇਸ ਦਰਜ ਕੀਤੇ ਗਏ, ਤੁਹਾਡੇ ਸਰਕਾਰੀ ਵਕੀਲ ਉਨ੍ਹਾਂ ਦੇ ਖਿਲਾਫ ਕਿਉਂ ਪੇਸ਼ ਹੁੰਦੇ ਰਹੇ। ਇਹ ਤੁਸੀਂ ਪੰਜਾਬ ਦੀ ਜਨਤਾ ਨੂੰ ਅੱਜ ਦੱਸਣਾ ਭੁੱਲ ਕਿਉਂ ਗਏ। ਪਹਿਲਾਂ ਕਾਰਡ ਦੇ ਨਾਂ ‘ਤੇ ਕੈਪਟਨ ਸਰਕਾਰ ਨੇ ਠੱਗੀ ਮਾਰੀ, ਹੁਣ ਕੇਜਰੀਵਾਲ ਦੀ ਗੱਲ ਵਿੱਚ ਨਾ ਆ ਜਾਣਾ, ਕਿਉਂਕਿ ਨਾ ਪੰਜਾਬ ਸਰਕਾਰ ਨੇ ਨੌਕਰੀ ਦਿੱਤੀ ਸੀ ਅਤੇ ਨਾ ਹੀ ਇਨ੍ਹਾਂ ਨੇ ਦੇਣੀ ਹੈ। ’