India

ਉੱਤਰਾਖੰਡ ਦੇ ਰਾਮਨਗਰ ‘ਚ ਪਹਿਲੀ ਵਾਰ ਹੋਈ ਆਬਾਦਕਾਰਾਂ, ਬਣਵਾਸੀਆਂ ਅਤੇ ਦਲਿਤਾਂ ਦੀ ਮਹਾਂ ਪੰਚਾਇਤ

‘ਦ ਖ਼ਾਲਸ ਬਿਊਰੋ :- ਖੇਤੀ ਕਾਨੂੰਨਾਂ ਖਿਲਾਫ ਅੱਜ ਓੁੱਤਰਾਖੰਡ ਦੇ ਰਾਮਨਗਰ ਵਿੱਚ ਆਬਾਦਕਾਰਾਂ, ਬਣਵਾਸੀਆਂ ਅਤੇ ਦਲਿਤਾਂ ਦੀ ਪਹਿਲੀ ਮਹਾਂ ਪੰਚਾਇਤ ਹੋਈ। ਇਸ ਮਹਂਪੰਚਾਇਤ ਵਿੱਚ ਸੰਯੁਕਤ ਕਿਸਾਨ ਮੋਰਚਾ ਦੇ ਲੀਡਰ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਮੀਤ ਪ੍ਰਧਾਨ ਰਜਿੰਦਰ ਸਿੰਘ ਦੀਪ ਸਿੰਘਵਾਲਾ ਨੇ ਮੁੱਖ ਬੁਲਾਰੇ ਵਜੋਂ ਸੰਬੋਧਨ ਕੀਤਾ।

ਰਜਿੰਦਰ ਸਿੰਘ ਦੀਪ ਸਿੰਘਵਾਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਸ ਇਲਾਕੇ ਦੇ ਕਿਸਾਨ ਕਈ ਪੀੜ੍ਹੀਆਂ ਤੋਂ ਜ਼ਮੀਨਾਂ ਆਬਾਦ ਕਰਕੇ ਖੇਤੀ ਕਰ ਰਹੇ ਹਨ ਅਤੇ ਮਾਲਕਾਨਾ ਹੱਕ ਲਈ ਲੰਬੇ ਸਮੇਂ ਤੋ ਜੱਦੋ-ਜਹਿਦ ਕਰ ਰਹੇ ਹਨ। ਸਰਕਾਰ ਆਬਾਦਕਾਰਾਂ ਨੂੰ ਜ਼ਮੀਨੀ ਹੱਕ ਦੇਣ ਦੀ ਬਜਾਏ ਕਾਰਪੋਰੇਟਾਂ ਨੂੰ ਜ਼ਮੀਨਾਂ ਦੇਣ ਲਈ ਕਾਨੂੰਨ ਬਣਾ ਰਹੀ ਹੈ। ਉਨ੍ਹਾਂ ਕਿਹਾ ਕਿ ਮੋਦੀ ਹਕੂਮਤ ਰੁਜ਼ਗਾਰ ਦੇ ਸਭ ਖੇਤਰ ,ਖੇਤੀ, ਸਨਅਤ ਅਤੇ ਸੇਵਾਵਾਂ ਲਗਾਤਾਰ ਪ੍ਰਾਈਵੇਟ ਕਰ ਰਹੀ ਹੈ। ਹਰ ਸਾਲ ਦੋ ਕਰੋੜ ਲੋਕਾਂ ਨੂੰ ਨੌਕਰੀ ਦੇਣ ਦਾ ਵਾਅਦਾ ਕਰਨ ਵਾਲੀ ਸਰਕਾਰ ਦੇ ਸੂਬੇ ਵਿੱਚ ਲੋਕ ਬੇਰੁਜ਼ਗਾਰ ਹੋ ਰਹੇ ਹਨ।

ਕਿਸਾਨੀ ਅੰਦੋਲਨ ਦੌਰਾਨ ਸ਼ਹੀਦ ਹੋਏ ਨੌਜਵਾਨ ਕਿਸਾਨ ਨਵਰੀਤ ਸਿੰਘ ਦੀ ਸ਼ਹੀਦੀ ਨੇ ਹਕੂਮਤ ਨੂੰ ਦੱਸ ਦਿੱਤਾ ਹੈ ਕਿ ਇਹ ਲੜਾਈ ਸਿਰਫ਼ ਪੰਜਾਬ ਦੀ ਨਾ ਰਹਿ ਕੇ ਪੂਰੇ ਦੇਸ਼ ਦੀ ਬਣ ਚੁੱਕੀ ਹੈ। ਕਿਸਾਨ ਸੰਘਰਸ਼ ਸਮਿਤੀ ਦੇ ਲੀਡਰ ਦੀਵਾਰ ਕਟਾਰੀਆ ਨੇ ਕਿਹਾ ਕਿ ਲੋਕਾਂ ਦੀਆਂ ਤਿੰਨ-ਤਿੰਨ ਪੀੜ੍ਹੀਆਂ ਵੱਲੋਂ ਆਬਾਦ ਕੀਤੀ ਗਈ ਜ਼ਮੀਨ ਅੱਜ ਕਾਰਪੋਰੇਟ ਘਰਾਣਿਆਂ ਨੂੰ ਦਿੱਤੀ ਜਾ ਰਹੀ ਹੈ। ਖਣਿਜ ਪਦਾਰਥਾਂ ਨੂੰ ਮਲਟੀਨੈਸ਼ਨਲ ਕਾਰਪੋਰੇਸ਼ਨਾਂ ਨੂੰ ਵੇਚਿਆ ਜਾ ਰਿਹਾ ਹੈ। ਸੰਯੁਕਤ ਕਿਸਾਨ ਮੋਰਚਾ ਜੋ ਵੀ ਸੱਦਾ ਦੇਵੇਗਾ ਉਸ ਨੂੰ ਪੂਰੇ ਜ਼ੋਰ ਨਾਲ ਲਾਗੂ ਕੀਤਾ ਜਾਵੇਗਾ।

Comments are closed.