India International Punjab

ਆਖਿਰ, ਬੁੱਧੀਜੀਵੀਆਂ ਤੇ ਕਲਮ ਦੇ ਧਨੀ ਲੋਕਾਂ ਤੋਂ ਕਿਉਂ ਡਰਦੀ ਹੈ ਸਰਕਾਰ…

ਕਿਸਾਨੀ ਅੰਦੋਲਨ ਨਾਲੋਂ ਸਰਕਾਰ ਦੀ ਸੋਸ਼ਲ ਮੀਡਿਆ ‘ਤੇ ਜ਼ਿਆਦਾ ਨਜ਼ਰ, ਟੂਲਕਿੱਟ ਖੁਲਾਸੇ ਮਗਰੋਂ ਸੋਸ਼ਲ ਮੀਡਿਆ ‘ਤੇ ਆ ਰਿਹਾ ਸਿਆਸੀ ਭੂਚਾਲ

‘ਦ ਖ਼ਾਲਸ ਬਿਊਰੋ(ਜਗਜੀਵਨ ਮੀਤ):-ਗ੍ਰੇਟਾ ਥਨਬਰਗ ਦੇ ਕਿਸਾਨੀ ਅੰਦੋਲਨ ਦੇ ਹੱਕ ‘ਚ ਕੀਤੇ ਟਵੀਟ ਮਗਰੋਂ ਆਏ ਸਿਆਸੀ ਭੂਚਾਲ ਦੀਆਂ ਤਕਰੀਬਨ ਇਹੀ ਕੋਸ਼ਿਸ਼ਾਂ ਹਨ ਕਿ ਜਿੱਥੋਂ ਤੱਕ ਹੋ ਸਕੇ ਬੁਲੰਦ ਅਵਾਜ਼ਾਂ ਤੇ ਆਜ਼ਾਦ ਕਲਮਾਂ ਦੇ ਧਨੀ ਲੋਕਾਂ ਨੂੰ ਸੀਖਾਂ ਪਿੱਛੇ ਡੱਕਿਆ ਜਾ ਸਕੇ। ਪੂਰੇ ਦਾ ਪੂਰਾ ਟਵਿੱਟਰ, ਯੂ-ਟਿਊਬ ਤੇ ਸ਼ੋਸ਼ਲ ਮੀਡਿਆ ਦੇ ਹੋਰ ਪਲੇਟਫਾਰਮ ਇਨ੍ਹਾਂ ਦਿਨਾਂ ‘ਚ ਇਸ ਤਰ੍ਹਾਂ ਲੱਗ ਰਹੇ ਹਨ ਕਿ ਕੇਂਦਰ ਸਰਕਾਰ ਵੱਲੋਂ ਕੰਟਰੋਲ ਕੀਤੇ ਜਾ ਰਹੇ ਹਨ। ਟਵਿੱਟਰ ਅਜਿਹੇ ਕਿਸੇ ਵੀ ਖਾਤੇ ਨੂੰ ਬਰਦਾਸ਼ਤ ਨਹੀਂ ਕਰ ਰਿਹਾ, ਜੋ ਕਿਸਾਨੀ ਅੰਦੋਲਨ ਨਾਲ ਜੁੜੀ ਕੋਈ ਗੱਲ ਅੱਗੇ ਤੋਰਦਾ ਹੋਵੇ। ਟੂਲਕਿੱਟ ਰਾਹੀਂ ਹੋਏ ਖੁਲਾਸੇ ਵੀ ਕਈ ਲੇਖਕਾਂ ਤੇ ਬੁੱਧੀਜੀਵੀਆਂ ਤੇ ਭਾਰੇ ਪੈ ਰਹੇ ਹਨ। ਗ੍ਰੇਟਾ ਥਨਬਰਗ ਨਾਲ ਜੋੜ ਕੇ ਵਾਤਾਵਰਣ ਕਾਰਕੁੰਨ ਦਿਸ਼ਾ ਰਵੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਪੰਜ ਦਿਨ ਲਈ ਪੁਲਿਸ ਹਿਰਾਸਤ ਲਈ ਭੇਜ ਦਿੱਤਾ ਗਿਆ। ਟੂਲਕਿੱਟ ਮਾਮਲੇ ‘ਚ ਹੋਏ ਖੁਲਾਸੇ ਮਗਰੋਂ ਗ੍ਰਿਫਤਾਰ ਹੋਈ ਦਿਸ਼ਾ ਨੂੰ ਉਸੇ ਮੀਡਿਆ ਤੇ ਲੋਕ ਹੁਣ ਦਿਸ਼ਾ ਰਵੀ ਨੂੰ ਭਾਲ ਰਹੇ ਹਨ।


ਟੂਲਕਿੱਟ ਮਾਮਲੇ ਵਿੱਚ ਦਿਸ਼ਾ ਰਵੀ ਦੀ ਭੂਮਿਕਾ ਕੀ ਹੈ, ਇਹ ਜਾਂਚ ਦਾ ਵਿਸ਼ਾ ਹੈ, ਪਰ ਸਰਕਾਰ ਦੀ ਕਿਸਾਨੀ ਮਸਲਿਆਂ ਨਾਲੋਂ ਜ਼ਿਆਦਾ ਨਜ਼ਰ ਸੋਸ਼ਲ ਮੀਡਿਆ ‘ਤੇ ਲੱਗੀ ਹੋਈ ਕਿ ਕੌਣ ਕੀ ਪੋਸਟ ਕਰ ਰਿਹਾ ਹੈ। ਬਹੁਤ ਸਾਰੇ ਕਿਸਾਨੀ ਅੰਦੋਲਨ ਨਾਲ ਜੁੜੇ ਖਾਤੇ ਬਲਾਕ ਕਰ ਦਿੱਤੇ ਗਏ ਹਨ। ਕਈ ‘ਤੇ ਕਾਰਵਾਈ ਦੀਆਂ ਸੰਭਾਵਨਾਵਾਂ ਬਣ ਰਹੀਆਂ ਹਨ, ਪਰ ਸੋਚਣ ਵਾਲੀ ਗੱਲ ਹੈ ਕਿ ਸਰਕਾਰ ਦੇ ਖਿਲਾਫ ਜੋ ਕੋਈ ਵੀ ਆਵਾਜ਼ ਉੱਠ ਰਹੀ ਹੈ, ਉਸਨੂੰ ਰਾਉਂਡਅਪ ਕੀਤਾ ਜਾ ਰਿਹਾ ਹੈ। ਫਰੀਲਾਂਸ ਲੇਖਕਾਂ, ਪੱਤਰਕਾਰਾਂ, ਬੁੱਧੀਜੀਵੀਆਂ ਤੇ ਸਮਾਜਿਕ ਕਾਰਕੁੰਨ ਖਾਸ ਤੌਰ ਤੇ ਸਰਕਾਰ ਦੇ ਨਿਸ਼ਾਨੇ ਉੱਤੇ ਹਨ। ਬਹੁਤ ਸਾਰੇ ਲੋਕਾਂ ਨੂੰ ਸਰਕਾਰ ਦੀ ਹਾਂ ਵਿੱਚ ਹਾਂ ਨਾ ਮਿਲਾਉਣੀ ਮਹਿੰਗੀ ਪੈ ਰਹੀ ਹੈ।


ਜਿਕਰਯੋਗ ਹੈ ਕਿ ਸ਼ਨੀਵਾਰ ਸ਼ਾਮ ਨੂੰ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਕਿਸਾਨ ਅੰਦੋਲਨ ਨਾਲ ਜੁੜੀ ‘ਟੂਲਕਿੱਟ ਮਾਮਲੇ’ ਵਿੱਚ ਬੰਗਲੁਰੂ ਤੋਂ ਵਾਤਾਵਰਣ ਕਾਰਕੁੰਨ ਦਿਸ਼ਾ ਨੂੰ ਗ੍ਰਿਫ਼ਤਾਰ ਕੀਤਾ ਸੀ ਤੇ ਪੰਜ ਦਿਨਾਂ ਦੀ ਪੁਲਿਸ ਹਿਰਾਸਤ ਵਿੱਚ ਭੇਜਿਆ ਸੀ।
21 ਸਾਲ ਦੀ ਦਿਸ਼ਾ ਨੇ ਬੰਗਲੁਰੂ ਦੇ ਇੱਕ ਪ੍ਰਾਈਵੇਟ ਕਾਲਜ ਤੋਂ ਬੀਬੀਏ ਦੀ ਡਿਗਰੀ ਹਾਸਲ ਕੀਤੀ ਹੈ ਅਤੇ ਉਹ ਵਾਤਾਵਰਣ ਲਈ ਕੰਮ ਕਰਨ ਵਾਲੀ ਸੰਸਥਾ ‘ਫ੍ਰਾਈਡੇਜ਼ ਫ਼ਾਰ ਫ਼ਿਊਚਰ’ ਦੇ ਸੰਸਥਾਪਕ ਮੈਂਬਰਾਂ ‘ਚੋਂ ਇੱਕ ਹੈ। ਕਈ ਕਾਨੂੰਨ ਦੇ ਮਾਹਰਾਂ ਨੇ ਦਿਸ਼ਾ ਰਵੀ ਨੂੰ ਪੁਲਿਸ ਹਿਰਾਸਤ ਵਿੱਚ ਭੇਜੇ ਜਾਣ ‘ਤੇ ਵੀ ਸਵਾਲ ਕੀਤੇ ਹਨ। ਦਿੱਲੀ ਪੁਲਿਸ ਨੇ ਆਪਣਾ ਸਪਸ਼ਟੀਕਰਨ ਦਿੰਦਿਆਂ ਕਿਹਾ ਹੈ ਕਿ ਦਿਸ਼ਾ ਰਵੀ ਕਿਸਾਨ ਅੰਦੋਲਨ ਨਾਲ ਜੁੜੀ ਟੂਲਕਿੱਟ ਬਣਾਉਣ ਤੇ ਉਸ ਦੀ ਪ੍ਰਚਾਰ ਕਰਨ ਦੀ ਅਹਿਮ ਸਾਜਿਸ਼ਘਾੜੀ ਹੈ। ਪੁਲਿਸ ਨੇ ਇਹ ਵੀ ਦੋਸ਼ ਲਾਇਆ ਕਿ ਦਿਸ਼ਾ ਵੱਲੋਂ ਇੱਕ ਵੱਟਸਐਪ ਗਰੁੱਪ ਬਣਾਇਆ ਗਿਆ ਸੀ ਤਾਂ ਜੋ ਟੂਲਕਿੱਟ ਡਾਕਿਊਮੈਂਟ ਨੂੰ ਬਣਾਇਆ ਜਾ ਸਕੇ।

ਇਮਰਾਨ ਖ਼ਾਨ ਦੀ ਪਾਰਟੀ ਆਈ ਦਿਸ਼ਾ ਰਵੀ ਦੇ ਸਮਰਥਨ ‘ਚ
ਟੂਲਕਿੱਟ ਮਾਮਲੇ ਵਿੱਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਪਾਰਟੀ ਨੇ ਟਵੀਟ ਕਰਕੇ ਗ੍ਰਿਫਤਾਰ ਕੀਤੀ ਗਈ ਵਾਤਾਰਣ ਕਾਰਕੁੰਨ ਦਿਸ਼ਾ ਰਵੀ ਦਾ ਸਮਰਥਨ ਕੀਤਾ ਹੈ। ਇਮਰਾਨ ਖ਼ਾਨ ਦੀ ਪਾਰਟੀ ਨੇ ਕਿਹਾ ਕਿ ਭਾਰਤ ਅੰਦਰ ਮੋਦੀ ਤੇ ਆਰਐੱਸਐੱਸ ਦੇ ਸ਼ਾਸਨ ਦੇ ਖ਼ਿਲਾਫ਼ ਉੱਠ ਰਹੀਆਂ ਆਵਾਜ਼ਾਂ ਨੂੰ ਚੁੱਕਰਨ ਦਾ ਵਿਸ਼ਵਾਸ਼ ਪੈਦਾ ਕੀਤਾ ਜਾ ਰਿਹਾ ਹੈ। ਇੱਥੋਂ ਤੱਕ ਕਿ ਕ੍ਰਿਕੇਟਰ ਤੇ ਮਹਾਨ ਹਸਤੀਆਂ ਦੇ ਬਿਆਨ ਵਰਤਣਾ ਵੀ ਨਿੰਦਾਯੋਗ ਹੈ। ਪਾਰਟੀ ਨੇ ਟੂਲਕਿੱਟ ਮਾਮਲੇ ਵਿੱਚ ਦਿਸ਼ਾ ਰਵੀ ਦਿਸ਼ਾ ਰਵੀ ਨੂੰ ਗ੍ਰਿਫਤਾਰ ਕਰਨ ਦੀ ਵੀ ਨਿੰਦਾ ਕੀਤੀ ਹੈ।
ਉੱਧਰ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਇਸ ਮਾਮਲੇ ਵਿੱਚ ਕੇਂਦਰ ਸਰਕਾਰ ਨੂੰ ਨਿਸ਼ਾਨੇ ਤੇ ਲਿਆ ਹੈ। ਆਪਣੇ ਟਵੀਟ ਵਿੱਚ ਰਾਹੁਲ ਗਾਂਧੀ ਨੇ ਕਿਹਾ, ‘ਬੋਲ ਕਿ ਲਬ ਆਜ਼ਾਦ ਹੈਂ ਤੇਰੇ, ਬੋਲ ਕਿ ਸੱਚ ਜਿੰਦਾ ਹੈ ਅਬ ਤਕ। ਵੋ ਡਰੇਂ ਹੈਂ, ਦੇਸ਼ ਨਹੀਂ।

ਬੁਰਹਾਨ ਵਾਨੀ ਤੇ ਕਸਾਬ ਨਾਲ ਕਰ ਦਿੱਤੀ ਬੀਜੇਪੀ ਦੇ ਇਸ ਸੀਨੀਅਰ ਲੀਡਰ ਨੇ ਦਿਸ਼ਾ ਰਵੀ ਦੀ ਤੁਲਨਾ
ਟੂਲਕਿੱਟ ਮਾਮਲੇ ਵਿੱਚ ਟਵੀਟ ਕਰਦਿਆਂ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਤੇ ਸੰਸਦ ਮੈਂਬਰ ਪੀਸੀ ਮੋਹਨ ਨੇ ਵਾਤਾਵਰਣ ਕਾਰਕੁੰਨ ਦੀ ਤੁਲਨਾ 26/11 ਦੇ ਮੁੰਬਈ ਹਮਲੇ ਦੇ ਦੋਸ਼ੀ ਮੁਹੰਮਦ ਅਜਮਲ ਆਮਿਰ ਕਸਾਬ ਨਾਲ ਕੀਤੀ ਹੈ। ਆਪਣੇ ਟਵੀਟ ਚ ਉਨ੍ਹਾਂ ਲਿਖਿਆ ਹੈ ਕਿ ਬੁਰਹਾਨ ਵਾਨੀ ਵੀ 21 ਸਾਲ ਦਾ ਹੀ ਸੀ। ਕਸਾਬ ਦੀ ਵੀ ਉਮਰ 21 ਸਾਲ ਹੀ ਸੀ। ਉਮਰ ਬਸ ਇਕ ਸੰਖਿਆ ਹੈ, ਕੋਈ ਵੀ ਕਾਨੂੰਨ ਤੋਂ ਉਪਰ ਨਹੀਂ ਹੈ। ਕਾਨੂੰਨ ਨੂੰ ਆਪਣਾ ਕੰਮ ਕਰਨ ਦਿਓ, ਇੱਕ ਅਪਰਾਧ ਹਮੇਸ਼ਾ ਅਪਰਾਧ ਹੀ ਹੁੰਦਾ ਹੈ। ਪੀਸੀ ਮੋਹਨ ਨੇ ਆਪਣੇ ਟਵੀਟ ਵਿੱਚ #DishaRavi ਦੀ ਵਰਤੋਂ ਕੀਤੀ ਹੈ ਅਤੇ ਦਿਸ਼ਾ ਰਵੀ ਦੀ ਇੱਕ ਤਸਵੀਰ ਵੀ ਸਾਂਝੀ ਕੀਤੀ ਹੈ।