Punjab

“1984 ਦੰਗੇ ਨਹੀਂ, ਨਸਲਕੁਸ਼ੀ ਸੀ”,ਇਸ ਬਿਆਨ ਪਿੱਛੇ ਦਿਲਜੀਤ ਦੋਸਾਂਝ ਨੇ ਦੱਸੀ ਵਜ੍ਹਾ

ਚੰਡੀਗੜ੍ਹ : ਪੰਜਾਬੀ ਫਿਲਮੀ ਅਦਾਕਾਰ ਦਿਲਜੀਤ ਦੋਸਾਂਝ ਨੇ ਆਪਣੀ ਫਿਲਮ ਜੋਗੀ ਦੇ ਰਿਲੀਜ਼ ਤੋਂ ਪਹਿਲਾਂ 84 ਸਿੱਖ ਕਤਲੇਆਮ ਨੂੰ ਲੈ ਕੇ ਇੱਕ ਵੱਡਾ ਬਿਆਨ ਦਿੱਤਾ ਹੈ। ਇੱਕ ਇੰਟਰਵਿਊ ਵਿੱਚ ਦਿਲਜੀਤ ਨੇ ਕਿਹਾ ਹੈ ਕਿ 1984 ਦੇ ਸਿੱਖ ਵਿਰੋਧੀ ਦੰਗਿਆਂ ਨੂੰ ‘ਨਸਲਕੁਸ਼ੀ’ ਕਿਹਾ ਜਾਣਾ ਚਾਹੀਦਾ ਹੈ। ਉਹਨਾਂ ਦੱਸਿਆ ਕਿ ਉਸ ਦਾ ਜਨਮ ਉਸੇ ਸਾਲ ਜਨਵਰੀ ਵਿਚ ਹੋਇਆ ਸੀ ਅਤੇ ਕਿਹਾ ਕਿ ਉਹ ਜਦੋਂ ਤੋਂ ਪੈਦਾ ਹੋਇਆ ਹੈ, ਉਦੋਂ ਤੋਂ ਇਸ ਦੁਖਾਂਤ ਬਾਰੇ ਸੁਣਦਾ ਆ ਰਿਹਾ ਹੈ। ਉਸਨੇ ਇਹ ਵੀ ਕਿਹਾ ਕਿ ‘ਅਸੀਂ ਅਜੇ ਵੀ ਇਸ ਨਾਲ ਜੀ ਰਹੇ ਹਾਂ’।
31 ਅਕਤੂਬਰ 1984 ਨੂੰ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਹੋਣ ਤੋਂ ਬਾਅਦ ਦਿੱਲੀ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਹਿੰਸਾ ਭੜਕ ਗਈ ਸੀ ਤੇ ਭਾਰਤ ਭਰ ਵਿੱਚ ਬਹੁਤ ਸਾਰੇ ਸਿੱਖ ਮਾਰੇ ਗਏ ਸਨ।


ਇੱਕ ਖ਼ਬਰ ਏਜੰਸੀ ਨਾਲ ਗੱਲਬਾਤ ਕਰਦੇ ਹੋਏ ਦਿਲਜੀਤ ਨੇ ਕਿਹਾ, “ਸਾਨੂੰ ਇਸ ਨੂੰ ਦੰਗੇ ਨਹੀਂ ਕਹਿਣਾ ਚਾਹੀਦਾ, ਸਹੀ ਸ਼ਬਦ ਨਸਲਕੁਸ਼ੀ ਹੈ। ਜਦੋਂ ਲੋਕਾਂ ਵਿਚਕਾਰ ਦੋ-ਪੱਖੀ ਲੜਾਈ ਹੁੰਦੀ ਹੈ, ਤਾਂ ਇਹ ਦੰਗਾ ਹੁੰਦਾ ਹੈ। ਮੇਰੇ ਮੁਤਾਬਕ ਇਸ ਨੂੰ ਨਸਲਕੁਸ਼ੀ ਕਹਿਣਾ ਚਾਹੀਦਾ ਹੈ। ਅਜਿਹਾ ਨਹੀਂ ਹੈ ਕਿ ਇਹ ਇੱਕ ਜਾਂ ਕੁਝ ਲੋਕਾਂ ਨਾਲ ਵਾਪਰਿਆ ਹੈ। ਮੈਂ ਜਾਣਦਾ ਹਾਂ ਕਿ ਇਹ ਸਾਡੇ ਸਾਰਿਆਂ ਨਾਲ ਸਮੂਹਿਕ ਤੌਰ ‘ਤੇ ਵਾਪਰਿਆ ਹੈ। ਜੇਕਰ ਮੈਂ ਕੁਝ ਘਟਨਾਵਾਂ ਬਾਰੇ ਗੱਲ ਕਰਾਂ ਤਾਂ ਇਹ ਨਿੱਜੀ ਹੋਵੇਗੀ। ਅਸੀਂ ਇਸ ਬਾਰੇ ਫਿਲਮ ਵਿੱਚ ਸਮੂਹਿਕ ਤੌਰ ‘ਤੇ ਗੱਲ ਕਰ ਰਹੇ ਹਾਂ। ਬਹੁਤ ਛੋਟੀ ਉਮਰ ਤੋਂ ਹੀ ਮੈਂ ਇਸ ਬਾਰੇ ਸੁਣ ਰਿਹਾ ਹਾਂ ਅਤੇ ਅਸੀਂ ਅਜੇ ਵੀ ਇਸ ਨਾਲ ਜੀ ਰਹੇ ਹਾਂ। ਅਸੀਂ ਸਾਰਿਆਂ ਨੇ ਬਹੁਤ ਸਾਰੀਆਂ ਕਹਾਣੀਆਂ ਸੁਣੀਆਂ ਹਨ ਅਤੇ ਅਸੀਂ ਵਿਸ਼ਵਾਸ ਨਹੀਂ ਕਰ ਸਕਦੇ ਸੀ ਕਿ ਜ਼ਿੰਦਗੀ ਵਿੱਚ ਅਜਿਹਾ ਕੁਝ ਵੀ ਹੋ ਸਕਦਾ ਹੈ। ਪਰ, ਕੁਝ ਵੀ ਹੋ ਸਕਦਾ ਹੈ।”

jogi film

“ਇਹ ਕੋਈ ਨਵੀਂ ਕਹਾਣੀ ਨਹੀਂ ਹੈ। ਇਹ ਫਿਲਮ ਵੀ ਉਨ੍ਹਾਂ ਹੀ ਘਟਨਾਵਾਂ ਦੀ ਗੱਲ ਕਰ ਰਹੀ ਹੈ,ਜਿਹਨਾਂ ਬਾਰੇ ਸੁਣਦੇ ਹੋਏ ਅਸੀਂ ਵੱਡੇ ਹੋਏ ਹਾਂ। ਜੋ ਕੁਝ ਵੀ ਹੋਇਆ ਹੈ, ਉਹ ਬਾਰੇ ਸਭ ਨੂੰ ਪਤਾ ਹੈ। ਇਸ ਦੇ ਬਾਵਜੂਦ ਅਸੀਂ ਹਮੇਸ਼ਾ ਸਕਾਰਾਤਮਕਤਾ ਦਾ ਸੰਦੇਸ਼ ਦਿੱਤਾ ਹੈ। ਗੁਰਦੁਆਰੇ ਵਿੱਚ, ਜਦੋਂ ਤੁਸੀਂ ਅਸੀਸਾਂ ਮੰਗੋ ਅਤੇ ਫਿਰ ਜਦੋਂ ਤੁਸੀਂ ‘ਲੰਗਰ’ ਦਾ ਹਿੱਸਾ ਹੁੰਦੇ ਹੋ, ਜਿੱਥੇ ਸਾਰੇ ਇਕੱਠੇ ਬੈਠ ਕੇ ਖਾਣਾ ਖਾਂਦੇ ਹਨ, ਇਹ ਸਕਾਰਾਤਮਕਤਾ ਦਾ ਸੰਦੇਸ਼ ਹੈ। ਸਾਨੂੰ ਸਾਰਿਆਂ ਨੂੰ ਇਤਿਹਾਸ ਬਾਰੇ ਜਾਣਨਾ ਚਾਹੀਦਾ ਹੈ ਤੇ ਇਤਿਹਾਸ ਦੇ ਅਜਿਹੇ ਵਿਸ਼ਿਆਂ ‘ਤੇ ਵੀ ਫਿਲਮਾਂ ਬਣਾਉਣੀਆਂ ਚਾਹੀਦੀਆਂ ਹਨ ।”

ਦਿਲਜੀਤ ਦੋਸਾਂਝ.ਅਦਾਕਾਰ

ਜ਼ਿਕਰਯੋਗ ਹੈ ਕਿ ਦਿਲਜੀਤ ਆਪਣੀ ਆਉਣ ਵਾਲੀ ਫਿਲਮ ‘ਜੋਗੀ’ ‘ਚ ਨਜ਼ਰ ਆਉਣਗੇ, ਜੋ ਕਿ ਕੱਲ ਰਿਲੀਜ਼ ਹੋਣ ਜਾ ਰਹੀ ਹੈ। ਅਲੀ ਅੱਬਾਸ ਜ਼ਫਰ ਦੁਆਰਾ ਨਿਰਦੇਸ਼ਤ ਫਿਲਮ ਜੋਗੀ ਵਿੱਚ,ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਰਾਸ਼ਟਰੀ ਰਾਜਧਾਨੀ ਵਿੱਚ ਸਿੱਖ ਭਾਈਚਾਰੇ ਦੇ ਹੋਏ ਕਤਲੇਆਮ ਨਾਲ ਜੁੜੀ ਪੀੜਾ ਨੂੰ ਦਰਸਾਇਆ ਗਿਆ ਹੈ।