‘ਦ ਖ਼ਾਲਸ ਬਿਊਰੋ (ਕਮਲਜੀਤ ਸਿੰਘ ਬਨਵੈਤ / ਪੁਨੀਤ ਕੌਰ) : ਜ਼ਿੰਦਗੀ ਵਿੱਚ ਕਈ ਘਟਨਾਵਾਂ ਇਹੋ ਜਿਹੀਆਂ ਵਾਪਰ ਜਾਂਦੀਆਂ ਹਨ ਜਿਹੜੀਆਂ ਮਨੁੱਖ ਦੀ ਜੀਵਨ ਤੋਰ ਬਦਲ ਦਿੰਦੀਆਂ ਹਨ। ਫਿਲਮਾਂ ਅਤੇ ਸਾਹਿਬ ਇਹੋ ਜਿਹੀਆਂ ਕਹਾਣੀਆਂ ਨਾਲ ਭਰਿਆ ਪਿਆ ਜਿਨ੍ਹਾਂ ਦੇ ਘਟਣ ਤੋਂ ਬਾਅਦ ਚੋਰ, ਸਾਧ ਅਤੇ ਸਾਧ, ਡਾਕੂ ਬਣ ਜਾਂਦੇ ਰਹੇ ਹਨ। ਕਈ ਚਿਰ ਪਹਿਲਾਂ ਇੱਕ ਅਜਿਹੀ ਬਾਤ ਨੁਮਾ ਕਹਾਣੀ ਸੁਣਨ ਨੂੰ ਮਿਲੀ ਸੀ ਕਿ ਇੱਕ ਪ੍ਰਵਾਸੀ ਪੰਜਾਬੀ ਨੇ ਆਪਣੀ ਭੈਣ ਦੇ ਨਾਂ ਉੱਤੇ ਚੈਰੀਟੇਬਲ ਹਸਪਤਾਲ ਸ਼ੁਰੂ ਕਰ ਦਿੱਤਾ ਜਿਹੜੀ ਇੱਥੇ ਇਲਾਜ ਖੁਣੋਂ ਤੜਫਦੀ ਮਰ ਗਈ ਸੀ। ਇਹ ਤਾਂ ਪਤਾ ਨਹੀਂ ਕਿ ਉਦੋਂ ਇਸ ਕਹਾਣੀ ਉੱਤੇ ਬਹੁਤਿਆਂ ਨੂੰ ਯਕੀਨ ਹੋਵੇ ਜਾਂ ਨਾ ਪਰ ਪੀਜੀਆਈ ਨੂੰ 10 ਕਰੋੜ (10,00,00,000) ਰੁਪਏ ਦਾਨ ਕਰਨ ਦੀ ਗੱਲ ਤਾਂ ਕੰਨੀ ਸੁਣੀ ਅਤੇ ਅੱਖੀਂ ਦੇਖੀ ਹੈ। ਪੀਜੀਆਈ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਕਿਸੇ ਨੇ 10 ਕਰੋੜ ਰੁਪਏ ਦਾ ਮਹਾਂਦਾਨ ਕੀਤਾ ਹੈ। ਦਾਨ ਕਰਨ ਵਾਲਾ ਸੱਜਣ ਕੋਈ ਹੋਰ ਨਹੀਂ, ਪੀਜੀਆਈ ਵਿੱਚ ਸੀਨੀਅਰ ਡਾਕਟਰ ਰਿਹਾ ਹੈ ਅਤੇ ਇੱਕ ਵਿਭਾਗ ਦੇ ਮੁਖੀ ਵਜੋਂ ਸੇਵਾਮੁਕਤ ਹੋਇਆ ਹੈ।

ਸੱਚ ਕਹੀਏ ਤਾਂ ਦੁੱਖ ਤਕਲੀਫ਼ ਦਾ ਅਹਿਸਾਸ ਉਦੋਂ ਹੁੰਦਾ ਹੈ ਜਦੋਂ ਆਪਣੇ ਉੱਤੇ ਗੁਜ਼ਰਦੀ ਹੈ। ਮਹਾਂਦਾਨੀ ਦੀ 27 ਸਾਲਾ ਭਾਣਜੀ ਦਾ ਗੁਰਦਾ ਫੇਲ੍ਹ ਹੋਇਆ। ਟਰਾਂਸਪਲਾਂਟ ਦੌਰਾਨ ਉਹਨੇ ਪੀਜੀਆਈ ਵਿੱਚ ਆਉਂਦੇ ਮਰੀਜ਼ਾਂ ਦੀਆਂ ਦਿੱਕਤਾਂ ਨੂੰ ਕੋਲ ਹੋ ਕੇ ਵੇਖਿਆ। ਉਹ ਦਿੱਕਤਾਂ ਜਿਨ੍ਹਾਂ ਨੂੰ ਉਹ ਉਮਰ ਭਰ ਵਿੱਚ ਪੀਜੀਆਈ ਦੀ ਡਾਕਟਰੀ ਦੌਰਾਨ ਨਹੀਂ ਦੇਖ ਸਕਿਆ ਸੀ।

ਇਸੇ ਦੁੱਖ ਦੀ ਘੜੀ ਵਿੱਚ ਉਹਨੇ ਮਰੀਜ਼ਾਂ ਲਈ ਕੁਝ ਕਰਨ ਦੀ ਠਾਣ ਲਈ। ਉਹਨੂੰ ਲੱਗਦਾ ਹੈ ਕਿ ਕੋਈ ਚਾਹੇ ਤਾਂ ਪੀਜੀਆਈ ਵਿੱਚ ਇਲਾਜ ਲਈ ਆਉਂਦੇ ਗਰੀਬ ਅਤੇ ਲੋੜਵੰਦ ਮਰੀਜ਼ਾਂ ਲਈ ਬੜਾ ਕੁਝ ਕੀਤਾ ਜਾ ਸਕਦਾ ਹੈ। ਉਹਨੇ ਹਸਪਤਾਲ ਦੇ ਪੀਜੀਆਈ ਦੇ ਗੁਰਦਾ ਟਰਾਂਸਪਲਾਂਟ ਵਿਭਾਗ ਦੇ ਨਾਂ 10 ਕਰੋੜ ਦਾ ਚੈੱਕ ਕੱਟ ਦਿੱਤਾ। ਚੈੱਕ ਬੈਂਕ ਵਿੱਚ ਲੱਗ ਚੁੱਕਾ ਹੈ। ਇਸ ਤੋਂ ਪਹਿਲਾਂ ਇੱਕ ਦਾਸ ਨਾਂ ਦੇ ਵਿਅਕਤੀ ਨੇ ਪੀਜੀਆਈ ਨੂੰ 50 ਲੱਖ ਰੁਪਏ ਦਾਨ ਕੀਤੇ ਸਨ। ਉਦੋਂ ਜਦੋਂ ਉਹਦੀ ਪਤਨੀ ਬਿਮਾਰ ਸੀ ਅਤੇ ਉਹਨੇ ਵੀ ਮਰੀਜ਼ਾਂ ਨੂੰ ਪੀਜੀਆਈ ਵਿੱਚ ਵਿਲਕਦਿਆਂ ਦੇਖਿਆ। ਨੰਨ੍ਹੀ ਜਾਨ ਦੇ ਬਾਨੀ ਡਾ.ਸੰਦੀਪ ਸਿੰਘ ਛਤਵਾਲ ਨੇ ਪੀਜੀਆਈ ਦੇ ਐਡਵਾਂਸ ਪਡੈਕਟ੍ਰਿਕ ਸੈਂਟਰ ਦੀ ਤਸਵੀਰ ਬਦਲ ਦਿੱਤੀ ਸੀ ਜਦੋਂ ਉਸਨੂੰ ਆਪਣੇ ਬੇਟੇ ਦੇ ਇਲਾਜ ਲਈ ਉੱਥੇ ਕਈ ਹਫ਼ਤੇ ਰਹਿਣਾ ਪਿਆ ਸੀ।

ਫਖਰ ਦੀ ਗੱਲ ਇਹ ਕਿ ਮਹਾਂਦਾਨੀ ਵੱਲੋਂ ਦਾਨ ਕੀਤੀ ਰਕਮ ਨਾਲ 4500 ਮਰੀਜ਼ਾਂ ਦਾ ਗੁਰਦਾ ਟਰਾਂਸਪਲਾਂਟ ਹੋ ਸਕਦਾ ਹੈ। ਇੱਕ ਮਰੀਜ਼ ਦਾ ਗੁਰਦਾ ਟਰਾਂਸਪਲਾਂਟ ਕਰਨ ਉੱਤੇ ਢਾਈ ਲੱਖ ਰੁਪਏ ਖਰਚ ਹੁੰਦੇ ਹਨ ਜਾਂ ਫਿਰ 15 ਹਜ਼ਾਰ ਮਰੀਜ਼ਾਂ ਨੂੰ ਪੂਅਰ ਫ੍ਰੀ ਫੰਡ (Poor Free Fund) ਤਹਿਤ ਮੁਫ਼ਤ ਇਲਾਜ ਮਿਲ ਸਕਦਾ ਹੈ। ਪੀਜੀਆਈ ਦੇ ਸਾਰੇ ਸਟਾਫ਼ ਦੀ ਤਨਖਾਹ 12 ਕਰੋੜ ਮਾਸਕ ਹੈ। ਪੀਜੀਆਈ ਦੇ ਪੂਅਰ ਫ੍ਰੀ ਫੰਡ ਵਿੱਚ ਆਨਲਾਈਨ ਪੈਸੇ ਆਉਂਦੇ ਹਨ ਪਰ 60 ਸਾਲਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੈ ਕਿ ਕਿਸੇ ਨੇ 10 ਕਰੋੜ ਦਾਨ ਕੀਤੇ ਹਨ। ਉਂਝ, ਪੀਜੀਆਈ ਦੇ ਪੂਅਰ ਫ੍ਰੀ ਫੰਡ ਵਿੱਚ ਹਰ ਸਾਲ ਸਵਾ ਦੋ ਸੌ ਕਰੋੜ ਦੀ ਰਕਮ ਦਾਨ ਕੀਤੀ ਜਾ ਰਹੀ ਹੈ। ਪਿਛਲੇ ਸਾਲ 2.31 ਕਰੋੜ ਦਾਨ ਵਜੋਂ ਜਮ੍ਹਾਂ ਹੋਏ ਸਨ।

ਪਿਛਲੇ ਸਮੇਂ ਤੋਂ ਇੱਕ ਟ੍ਰੈਂਡ ਬਣਨ ਲੱਗਾ ਹੈ ਕਿ ਲੋਕ ਧਾਰਮਿਕ ਸਥਾਨਾਂ ਦੀ ਥਾਂ ਹਸਪਤਾਲਾਂ ਅਤੇ ਸਕੂਲਾਂ ਨੂੰ ਪੈਸੇ ਦਾਨ ਕਰਨ ਲੱਗੇ ਹਨ। ਧਾਰਮਿਕ ਸਥਾਨਾਂ ਉੱਤੇ ਅਣਗਿਣਤ ਚੜਾਵਾ ਚੜ ਰਿਹਾ ਹੈ ਪਰ ਲੋੜਵੰਦਾਂ ਦੇ ਕੰਮ ਆਉਣ ਵਾਲੇ ਦਾਨੀਆਂ ਦੀ ਵੀ ਘਾਟ ਨਹੀਂ। ਕੋਵਿਡ ਨੇ ਤਾਂ ਇਹ ਸਿੱਧ ਕਰ ਦਿੱਤਾ ਸੀ ਕਿ ਮਨੁੱਖਤਾ ਵਿੱਚ ਹਾਲੇ ਰਹਿਮਦਿਲੀ ਬਚ ਗਈ ਹੈ। ਉਂਝ, ਧਾਰਮਿਕ ਸਥਾਨਾਂ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਡੰਗ ਮਾਰਨ ਵਾਲਿਆਂ ਦੀ ਵੀ ਘਾਟ ਨਹੀਂ।