India

ਡੇਰਾ ਮੁਖੀ ਨੇ ਤੋੜੇ ਪੈਰੋਲ ਦੇ ਨਿਯਮ ? ਰਿਪੋਰਟ ਤਲਬ

ਰੋਹਤਕ : ਡੇਰਾ ਮੁਖੀ ਰਾਮ ਰਹੀਮ ਦੀ ਪੈਰੋਲ ਨੂੰ ਲੈ ਕੇ ਚੱਲ ਰਹੇ ਵਿਵਾਦ ਦੇ ਵਿਚਕਾਰ ਰੋਹਤਕ ਡਿਵਿਜ਼ਨਲ ਕਮਿਸ਼ਨਰ ਦਾ ਪੈਰੋਲ ਦੇ ਆਦੇਸ਼ ਉੱਤੇ ਇੱਕ ਚਿੱਠੀ ਸਾਹਮਣੇ ਆਈ ਹੈ। ਇਸ ਵਿੱਚ ਰਾਮ ਰਹੀਮ ਨੂੰ ਪੈਰੋਲ ਦੇਣ ਦੀਆਂ ਸ਼ਰਤਾਂ ਦਾ ਜ਼ਿਕਰ ਕੀਤਾ ਗਿਆ ਹੈ। ਪਰ ਆਦੇਸ਼ਾਂ ਵਿੱਚ ਰਾਮ ਰਹੀਮ ਪੈਰੋਲ ਦੌਰਾਨ ਕੀ ਕਰ ਸਕਦਾ ਹੈ ਅਤੇ ਕੀ ਨਹੀਂ, ਇਸ ਬਾਰੇ ਕੋਈ ਜ਼ਿਕਰ ਨਹੀਂ ਕੀਤਾ ਗਿਆ ਹੈ। ਪੱਤਰ ਵਿੱਚ ਲਿਖਿਆ ਗਿਆ ਹੈ ਕਿ ਗੁਰਮੀਤ ਰਾਮ ਰਹੀਮ ਨੇ ਹਰਿਆਣਾ ਗੁੱਡ ਕੰਡਕਟ ਪਰੀਜ਼ਨਰਸ (ਅਸਥਾਈ ਰਿਹਾਈ) ਨਿਯਮ 2022 ਤਹਿਤ ਪੈਰੋਲ ਦੇ ਲਈ ਅਰਜ਼ੀ ਦਿੱਤੀ ਸੀ।

ਡਿਵਿਜ਼ਨਲ ਕਮਿਸ਼ਨਰ ਵੱਲੋਂ ਸਬੰਧਿਤ ਵਿਭਾਗਾਂ ਅਤੇ ਅਧਿਕਾਰੀਆਂ ਦੇ ਨਾਲ ਬਾਗਪਤ ਯੂਪੀ ਦੇ ਡੀਐੱਮ ਅਤੇ ਐੱਸਪੀ ਤੋਂ ਵੀ ਰਿਪੋਰਟ ਲਈ ਗਈ, ਜਿਸ ਵਿੱਚ 40 ਦਿਨਾਂ ਦੀ ਪੈਰੋਲ ਦਿੱਤੀ ਗਈ। ਇਹ ਸ਼ਰਤ ਰੱਖੀ ਗਈ ਸੀ ਕਿ ਉਹ ਬਾਗਪਤ ਸਥਿਤ ਆਸ਼ਰਮ ਵਿੱਚ ਰਹੇਗਾ, ਪੈਰੋਲ ਦੌਰਾਨ ਕੁਝ ਹੋਰ ਨਹੀਂ ਕਰੇਗਾ ਪਰ ਰਾਮ ਰਹੀਮ ਨਾ ਸਿਰਫ਼ ਸਤਿਸੰਗ ਕਰ ਰਿਹਾ ਹੈ ਬਲਕਿ ਉਸਨੇ ਆਪਣਾ ਇੱਕ ਗੀਤ ਵੀ ਰਿਲੀਜ਼ ਕਰ ਦਿੱਤਾ ਹੈ।

ਹਿਮਾਚਲ ਪ੍ਰਦੇਸ਼ ਦੇ ਦਿੱਗਜ ਭਾਜਪਾ ਲੀਡਰ ਅਤੇ ਸਾਬਕਾ ਮੁੱਖ ਮੰਤਰੀ ਸ਼ਾਂਤਾ ਕੁਮਾਰ ਨੇ ਵੀ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਹੱਤਿਆ ਅਤੇ ਬਲਾਤਕਾਰ ਦਾ ਦੋਸ਼ੀ ਰਾਮ ਰਹੀਮ ਪੈਰੋਲ ਉੱਤੇ ਬਾਹਰ ਆ ਕੇ ਉਪਦੇਸ਼ ਦੇ ਕੇ ਲੋਕਾਂ ਨੂੰ ਮੂਰਖ ਬਣਾ ਰਿਹਾ ਹੈ। ਉਹ ਕਹਿ ਰਿਹਾ ਹੈ ਕਿ ਚਮਤਕਾਰ ਨਾਲ ਬੇਟਾ ਹੋਵੇਗਾ। ਜੇ ਸੱਚੀ ਇਹ ਚਮਤਕਾਰ ਸਹੀ ਹੈ ਤਾਂ ਉਹ ਉਸਨੇ ਆਪਣੇ ਅਪਰਾਧ ਕਿਉਂ ਨਹੀਂ ਲੁਕਾ ਸਕਿਆ। ਉਹ ਬਲਾਤਕਾਰ ਅਤੇ ਹੱਤਿਆ ਦੇ ਦੋਸ਼ ਵਿੱਚ ਕਿਵੇਂ ਫੜਿਆ ਗਿਆ।