India

ਕੀ ਦਿੱਲੀ ਦੀ ਕੇਜਰੀਵਾਲ ਸਰਕਾਰ ਡਿੱਗੇਗੀ ? 9 ਵਿਧਾਇਕ ਗਾਇਬ ! ਪਾਰਟੀ ਦਾ ਸੰਪਰਕ ਟੁੱਟਿਆ,CM ਨੇ ਲਗਾਇਆ ਇਹ ਇਲਜ਼ਾਮ

‘ਦ ਖ਼ਾਲਸ ਬਿਊਰੋ : ਕੀ ਦਿੱਲੀ ਵਿੱਚ ਕੇਜਰੀਵਾਲ ਦੀ ਸਰਕਾਰ ਡਿੱਗ ਸਕਦੀ ਹੈ ? ਕੀ ਮਹਾਰਾਸ਼ਟਰ ਤੋਂ ਬਾਅਦ ਦਿੱਲੀ ਵਿੱਚ ਵੀ ਬੀਜੇਪੀ 800 ਕਰੋੜ ਵਾਲਾ ਆਪਰੇਸ਼ਨ ਲੋਟਸ ਚੱਲਾ ਰਹੀ ਹੈ ? ਕੇਜਰੀਵਾਲ ਦੇ ਬੀਜੇਪੀ ‘ਤੇ ਇੰਨਾਂ ਇਲਜ਼ਾਮਾਂ ਤੋਂ ਬਾਅਦ ਜਦੋਂ ਦਿੱਲੀ ਦੇ ਮੁੱਖ ਮੰਤਰੀ ਨੇ ਵਿਧਾਇਕਾਂ ਦੀ ਮੀਟਿੰਗ ਸੱਦੀ ਤਾਂ ਇਸ ਵਿੱਚ 9 ਵਿਧਾਇਕ ਨਹੀਂ ਪਹੁੰਚੇ। ਸੂਤਰਾਂ ਮੁਤਾਬਿਕ ਜਦੋਂ ਪਾਰਟੀ ਹਾਈਕਮਾਨ ਨੇ ਉਨ੍ਹਾਂ ਦੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤਾ ਤਾਂ ਰਾਬਤਾ ਕਾਇਮ ਨਹੀਂ ਹੋ ਸਕਿਆ। AAP ਦੇ ਵਿਧਾਇਕ ਦਿਲੀਪ ਪਾਂਡੇ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ,ਉਨ੍ਹਾਂ ਕਿਹਾ ਬੀਜੇਪੀ ਸਾਡੇ 40 ਵਿਧਾਇਕਾਂ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਦੇ ਬਾਵਜੂਦ ਆਮ ਆਦਮੀ ਪਾਰਟੀ ਦਾਅਵਾ ਕਰ ਰਹੀ ਹੈ ਕਿ ਸਰਕਾਰ ਨੂੰ ਕੋਈ ਖ਼ਤਰਾ ਨਹੀਂ ਹੈ। ਪਾਰਟੀ ਦੇ ਬੁਲਾਰੇ ਸੌਰਵ ਭਾਰਦਵਾਜ ਨੇ ਦੱਸਿਆ ਕਿ ਜਿਹੜੇ ਵਿਧਾਇਕ ਕੇਜਰੀਵਾਲ ਦੀ ਮੀਟਿੰਗ ਤੋਂ ਗੈਰ ਹਾਜ਼ਰ ਸਨ ਉਨ੍ਹਾਂ ਵਿੱਚ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵੀ ਸਨ ਹਾਲਾਂਕਿ ਉਨ੍ਹਾਂ ਦੇ ਹਿਮਾਚਲ ਦੌਰੇ ‘ਤੇ ਹੋਰ ਦੀ ਖ਼ਬਰ, ਇਸ ਤੋਂ ਇਲਾਵਾ ਸਪੀਕਰ ਰਾਮਨਿਵਾਸ ਗੋਇਲ ਵੀ ਕੇਜਰੀਵਾਲ ਦੀ ਮੀਟਿੰਗ ਵਿੱਚ ਨਹੀਂ ਪਹੁੰਚੇ।

ਮੀਟਿੰਗ ਤੋਂ ਬਾਅਦ ਕੇਜਰੀਵਾਲ ਰਾਜਘਾਟ ਪਹੁੰਚੇ

ਆਪ ਵਿਧਾਇਕਾਂ ਨਾਲ ਮੀਟਿੰਗ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦੇਣ ਲਈ ਰਾਜਘਾਟ ਪਹੁੰਚੇ। ਉਨ੍ਹਾਂ ਨੇ ਕਿਹਾ ਬੀਜੇਪੀ ਸਾਡੇ 40 ਵਿਧਾਇਕਾਂ ਨੂੰ ਖਰੀਦਣਾ ਚਾਹੁੰਦੀ ਹੈ ਅਤੇ ਸਾਰੇ ਵਿਧਾਇਕਾਂ ਨੂੰ 20-20 ਕਰੋੜ ਆਫਰ ਕੀਤੇ ਹਨ,ਬੀਜੇਪੀ 800 ਕਰੋੜ ਨਾਲ ਦਿੱਲੀ ਦੀ ਸਰਕਾਰ ਨੂੰ ਡਿਗਾਉਣਾ ਚਾਹੁੰਦੀ ਹੈ। ਉਧਰ ਬੀਜੇਪੀ ਨੇ ਕੇਜਰੀਵਾਲ ਦੇ ਇਸ ਦਾਅਵੇ ‘ਤੇ ਪਲਟਵਾਰ ਕੀਤਾ। ਕੇਂਦਰੀ ਰਾਜ ਮੰਤਰੀ ਮਿਨਾਸ਼ੀ ਲੇਖੀ ਨੇ ਕਿਹਾ ਸਾਨੂੰ ਤੁਹਾਡੀ ਸਰਕਾਰ ਤੋੜਨ ਦੀ ਜ਼ਰੂਰਤ ਨਹੀਂ ਹੈ,ਕੇਜਰੀਵਾਲ ਦੱਸਣ ਕਿ ਉਨ੍ਹਾਂ ਨੇ ਹੁਣ ਤੱਕ ਆਪਣੇ ਮੰਤਰੀ ਸਤੇਂਦਰ ਜੈਨ ਨੂੰ ਕਿਉਂ ਨਹੀਂ ਹਟਾਇਆ ਹੈ ।

ਦਿੱਲੀ ਵਿੱਚ ਵਿਧਾਨ ਸਭਾ ਦਾ ਸਮੀਕਰਣ

ਦਿੱਲੀ ਵਿਧਾਨ ਸਭਾ ਵਿੱਚ ਇਸ ਵਕਤ 70 ਸੀਟਾਂ ਨੇ ਜਿੰਨਾਂ ਵਿੱਚੋਂ 62 ਆਮ ਆਦਮੀ ਪਾਰਟੀ ਕੋਲ ਨੇ ਜਦਕਿ 8 ਸੀਟਾਂ ਬੀਜੇਪੀ ਕੋਲ ਹਨ। ਦਿੱਲੀ ਵਿੱਚ ਸਰਕਾਰ ਬਣਾਉਣ ਦੇ ਲਈ 36 ਵਿਧਾਇਕਾਂ ਦੀ ਜ਼ਰੂਰਤ ਹੁੰਦੀ ਹੈ ਆਪ ਕੋਲ ਤਕਰੀਬਨ ਡੱਬਲ ਵਿਧਾਇਕ ਹਨ। ਅਜਿਹੇ ਵਿੱਚ ਜੇਕਰ ਬੀਜੇਪੀ ਨੂੰ ਆਪ ਦੀ ਸਰਕਾਰ ਡਿਗਾਉਣੀ ਹੈ ਤਾਂ ਕਾਫ਼ੀ ਮਿਹਨਤ ਕਰਨੀ ਹੋਵੇਗੀ।