Punjab

ਸ਼ਰਾਬ ਪੀਣ ਕਾਰਨ ਤਿੰਨ ਮਜ਼ਦੂਰਾਂ ਨਾਲ ਹੋਇਆ ਇਹ ਮਾੜਾ ਕਾਰਾ , ਪਰਿਵਾਰਾਂ ‘ਚ ਸੋਗ ਦੀ ਲਹਿਰ

Death of three laborers due to drinking mourning in families

ਸੰਗਰੂਰ ਜ਼ਿਲ੍ਹੇ ਦੇ ਪਿੰਡ ਨਮੋਲ ਵਿਖੇ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ ਹੈ। ਤਿੰਨੋਂ ਵਿਅਕਤੀ ਜ਼ਿਲ੍ਹਾ ਸੰਗਰੂਰ ਦੇ ਪਿੰਡ ਨਮੋਲ ਦੇ ਰਹਿਣ ਵਾਲੇ ਸਨ, ਮਜ਼ਦੂਰੀ ਕਰਦੇ ਸਨ। ਮ੍ਰਿਤਕਾਂ ਦੀ ਪਛਾਣ ਚਮਕੌਰ ਸਿੰਘ ਪੁੱਤਰ ਦਰਸ਼ਨ ਸਿੰਘ, ਗੁਰਮੇਲ ਸਿੰਘ ਪੁੱਤਰ ਹਰੀ ਸਿੰਘ ਅਤੇ ਗੁਰਤੇਜ ਸਿੰਘ ਪੁੱਤਰ ਹਰਨੇਕ ਸਿੰਘ ਵਜੋਂ ਹੋਈ ਹੈ

ਦੱਸਿਆ ਜਾਂਦਾ ਹੈ ਕਿ ਇਹ ਤਿੰਨੋਂ ਹੀ ਆਪੋ ਆਪਣੇ ਪਰਿਵਾਰ ਦੇ ਮੁਖੀ ਸਨ ਅਤੇ ਇਨ੍ਹਾਂ ਦੇ ਪਰਿਵਾਰਾਂ ਦਾ ਗੁਜ਼ਾਰਾ ਇਨ੍ਹਾਂ ਦੇ ਸਿਰ ’ਤੇ ਹੀ ਸੀ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਤਿੰਨੇ ਮਜ਼ਦੂਰ ਗੁਰਮੇਲ ਸਿੰਘ, ਗੁਰਤੇਜ ਸਿੰਘ ਅਤੇ ਚਮਕੌਰ ਸਿੰਘ ਨੇ ਰਾਤ ਸਮੇਂ ਇਕੱਠੇ ਬੈਠ ਕੇ ਸ਼ਰਾਬ ਪੀਤੀ ਸੀ ਪਰ ਜਦੋਂ ਪਰਿਵਾਰਕ ਮੈਂਬਰਾਂ ਨੇ ਸਵੇਰੇ ਦੇਖਿਆ ਤਾਂ ਤਿੰਨਾਂ ਦੀ ਮੌਤ ਹੋ ਚੁੱਕੀ ਸੀ।

ਚਮਕੌਰ ਸਿੰਘ ਦੀ ਪਤਨੀ ਦਾ ਕਹਿਣਾ ਹੈ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਸ਼ਰਾਬ ਪੀ ਕੇ ਆਇਆ ਸੀ ਅਤੇ ਸੌਂ ਗਿਆ ਪਰ ਜਦੋਂ ਸਵੇਰੇ ਉਹ ਨਹੀਂ ਉਠਿਆ ਤਾਂ ਉਸ ਨੇ ਦੇਖਿਆ ਤਾਂ ਚਮੌਕਰ ਸਿੰਘ ਦੀ ਮੌਤ ਹੋ ਚੁੱਕੀ ਹੈ।ਚਮਕੌਰ ਸਿੰਘ ਦੀ ਪਤਨੀ ਨੇ ਦੱਸਿਆ ਕਿ ਘਰ ਵਿਚ ਸਿਰਫ ਚਮਕੌਰ ਸਿੰਘ ਹੀ ਕਮਾਉਣ ਵਾਲਾ ਸੀ।

ਪਿੰਡ ਵਾਸੀਆਂ ਅਨੁਸਾਰ ਇਹ ਤਿੰਨੋਂ ਪਹਿਲਾਂ ਵੀ ਸ਼ਰਾਬ ਦੇ ਆਦੀ ਸਨ ਪਰ ਹੁਣ ਲਗਾਤਾਰ ਦੋ-ਤਿੰਨ ਦਿਨ ਤੋਂ ਰੋਜ਼ ਸ਼ਰਾਬ ਪੀ ਰਹੇ ਸਨ ਅਤੇ ਇਨ੍ਹਾਂ ਨੇ ਰਾਤ ਵੀ ਇਕੱਠਿਆਂ ਸ਼ਰਾਬ ਪੀਤੀ ਸੀ। ਇਹ ਸਾਰੇ ਆਪਣੇ ਘਰ ਆ ਕੇ ਸੌ ਗਏ ਪਰ ਸਵੇਰੇ ਤਿੰਨਾਂ ਦੀ ਮੌਤ ਹੋ ਚੁੱਕੀ ਸੀ। ਇਸ ਘਟਨਾ ਲਈ ਪਿੰਡ ਦੇ ਹੀ ਇੱਕ ਵਿਅਕਤੀ ਨੂੰ ਦੋਸ਼ੀ ਠਹਿਰਾਇਆ ਜਾ ਰਿਹਾ ਹੈ ,ਜੋ ਕਿ ਨਾਜਾਇਜ਼ ਸ਼ਰਾਬ ਦਾ ਕੰਮ ਕਰਦਾ ਹੈ।

ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਲਾਸ਼ਾਂ ਪੋਸਟਮਾਰਟਮ ਲਈ ਸੁਨਾਮ ਦੇ ਸਰਕਾਰੀ ਹਸਪਤਾਲ ਪਹੁੰਚਾਈਆਂ। ਪੁਲਿਸ ਅਧਿਕਾਰੀ ਨੇ ਕਿਹਾ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਮਗਰੋਂ ਹੀ ਪਤਾ ਲੱਗੇਗਾ ਕਿ ਉਨ੍ਹਾਂ ਦੀ ਮੌਤ ਕਿਵੇਂ ਹੋਈ ਹੈ । ਪੁਲਿਸ ਨੇ ਮਾਮਲਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ, ਜੋ ਵੀ ਦੋਸ਼ੀ ਪਾਇਆ ਗਿਆ ,ਉਸ ਖ਼ਿਲਾਫ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।